ਢੀਂਡਸਾ ਤੇ ਫੂਲਕਾ ਕੌਮੀ ਪੁਰਸਕਾਰ ਨਹੀਂ ਕਰਨਗੇ ਵਾਪਸ

01/31/2019 9:28:38 AM

ਜਲੰਧਰ (ਬੁਲੰਦ) : ਗਣਤੰਤਰ ਦਿਵਸ ਦੇ ਮੌਕੇ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਸੁਖਦੇਵ ਸਿੰਘ ਢੀਂਡਸਾ ਨੂੰ ਪਦਮ ਭੂਸ਼ਣ ਅਤੇ ਆਮ ਆਦਮੀ ਪਾਰਟੀ ਦੇ ਸਾਬਕਾ ਨੇਤਾ ਐਡਵੋਕੇਟ ਐੱਚ.ਐੱਸ. ਫੂਲਕਾ ਨੂੰ ਪਦਮ ਸ਼੍ਰੀ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਸੀ। ਮੀਡੀਆ 'ਚ ਅਜਿਹੀ ਚਰਚਾ ਹੋਈ ਕਿ ਉਕਤ ਦੋਵੇਂ ਆਗੂ ਆਪਣਾ ਕੌਮੀ ਪੁਰਸਕਾਰ ਵਾਪਸ ਕਰ ਸਕਦੇ ਹਨ ਪਰ ਦੋਵਾਂ ਆਗੂਆਂ ਨੇ ਅਜਿਹੀ ਚਰਚਾ ਨੂੰ ਇਕ ਸਿਰਿਓਂ ਰੱਦ ਕਰਦਿਆਂ ਇਸ ਨੂੰ ਸਿਰਫ ਅਫਵਾ ਕਿਹਾ ਹੈ।

ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਕਿਸੇ ਵੀ ਨਾਗਰਿਕ ਲਈ ਕੌਮੀ ਪੁਰਸਕਾਰ ਹਾਸਲ ਕਰਨਾ ਵੱਡੇ ਮਾਣ ਵਾਲੀ ਗੱਲ ਹੁੰਦੀ ਹੈ। ਜਦੋਂ ਵੀ ਕਿਸੇ ਨੂੰ ਕੌਮੀ ਪੁਰਸਕਾਰ ਪ੍ਰਦਾਨ ਕੀਤਾ ਜਾਂਦਾ ਹੈ ਤਾਂ ਪੁਰਸਕਾਰ ਕਮੇਟੀ ਉਸ ਕੋਲੋਂ ਰਾਇ ਲੈਂਦੀ ਹੈ। ਉਸ ਤੋਂ ਬਾਅਦ ਹੀ ਇਹ ਪੁਰਸਕਾਰ ਪ੍ਰਦਾਨ ਕੀਤਾ ਜਾਂਦਾ ਹੈ। ਅਜਿਹੀ ਹਾਲਤ ਵਿਚ ਪੁਰਸਕਾਰ ਲੈਣ ਤੋਂ ਨਾਂਹ ਕਰਨੀ ਜਾਂ ਉਸ ਨੂੰ ਵਾਪਸ ਕਰਨਾ ਗਲਤ ਹੈ। ਉਨ੍ਹਾਂ ਸਪੱਸ਼ਟ ਕਿਹਾ ਕਿ ਜੋ  ਅਫਵਾਹਾਂ ਉਡਾਈਆਂ ਜਾ ਰਹੀਆਂ ਹਨ, ਉਹ ਬਿਲਕੁੱਲ ਗਲਤ ਹਨ।

ਐੱਚ. ਐੱਸ. ਫੂਲਕਾ ਨੇ ਵੀ ਕਿਹਾ ਕਿ ਮੈਨੂੰ  ਭਾਰਤ ਸਰਕਾਰ ਨੇ ਮਨੁੱਖੀ ਅਧਿਕਾਰਾਂ ਲਈ ਲੜਾਈ ਲੜਨ ਕਾਰਨ ਇਹ ਪੁਰਸਕਾਰ ਦਿੱਤਾ ਹੈ। ਇਸ ਲਈ ਮੈਂ ਰਾਸ਼ਟਰਪਤੀ ਅਤੇ ਭਾਰਤ ਸਰਕਾਰ ਦਾ ਧੰਨਵਾਦੀ ਹਾਂ। ਇਹ ਐਵਾਰਡ ਉਨ੍ਹਾਂ ਸਭ ਲੋਕਾਂ ਨੂੰ ਵੀ  ਸਮਰਪਿਤ ਹੈ ਜਿਹੜੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਪੁਰਸਕਾਰ ਲਈ ਨਾ ਤਾਂ ਮੈਂ ਖੁਦ ਆਪਣਾ ਨਾਂ ਪੇਸ਼ ਕੀਤਾ ਅਤੇ ਨਾ ਹੀ ਮੈਨੂੰ ਪਤਾ ਹੈ ਕਿ ਕਿਸ ਨੇ ਮੇਰੇ ਨਾਂ ਦੀ ਸਿਫਾਰਸ਼ ਕੀਤੀ। ਕਿਸੇ ਵੀ ਹਾਲਤ ਵਿਚ ਮੈਂ ਇਹ ਪੁਰਸਕਾਰ ਵਾਪਸ ਨਹੀਂ ਕਰਾਂਗਾ ਕਿਉਂਕਿ ਇਹ ਪੁਰਸਕਾਰ ਮੇਰੇ ਲਈ ਮਾਣ ਵਾਲੀ ਗੱਲ ਹੈ।

Baljeet Kaur

This news is Content Editor Baljeet Kaur