ਪਾਕਿਸਤਾਨੀ ਸੈਨਿਕਾਂ ਦੀਆਂ ਬੰਦੂਕਾਂ ਦੇ ਪਰਛਾਵਿਆਂ ਹੇਠ ਸਹਿਮੀ ਜ਼ਿੰਦਗੀ

01/07/2019 10:13:20 AM

ਜਲੰਧਰ (ਜੁਗਿੰਦਰ ਸੰਧੂ)—ਜੰਮੂ-ਕਸ਼ਮੀਰ ਅਤੇ ਪੰਜਾਬ ਦੇ ਸਰਹੱਦੀ ਖੇਤਰਾਂ 'ਚ ਸਥਿਤ ਪਿੰਡਾਂ 'ਚ ਰਹਿਣ ਵਾਲੇ ਲੋਕਾਂ ਨੂੰ ਪਾਕਿਸਤਾਨੀ ਸੈਨਿਕਾਂ ਦੀਆਂ ਬੰਦੂਕਾਂ ਦੇ ਪਰਛਾਵਿਆਂ ਹੇਠ ਜੀਵਨ ਗੁਜ਼ਾਰਨਾ ਪੈ ਰਿਹਾ ਹੈ। ਕਈ ਸਾਲਾਂ ਤੋਂ ਇਹ ਦੁਖਾਂਤ ਲੋਕਾਂ ਦੀ ਜ਼ਿੰਦਗੀ ਦਾ ਅੰਗ ਬਣ ਚੁੱਕਿਆ ਹੈ ਕਿ ਸਰਹੱਦ ਪਾਰ ਤੋਂ ਆਉਂਦੀਆਂ ਗੋਲੀਆਂ ਦੀ ਮਾਰ ਉਨ੍ਹਾਂ ਨੂੰ ਸਹਿਣੀ ਪੈ ਰਹੀ ਹੈ। ਡਰ ਨਾਲ ਸਹਿਮੇ ਲੋਕ ਅਨੇਕਾਂ ਵਾਰ ਘਰ ਛੱਡ ਕੇ ਸੁਰੱਖਿਅਤ ਟਿਕਾਣਿਆਂ ਵੱਲ ਦੌੜਨ ਲਈ ਮਜਬੂਰ ਹੁੰਦੇ ਹਨ ਅਤੇ ਕੁਝ ਦਿਨਾਂ ਬਾਅਦ ਫਿਰ ਆਪਣੇ ਘਰਾਂ ਨੂੰ ਪਰਤ ਆਉਂਦੇ ਹਨ। ਆਖਰ ਉਹ ਪੱਕੇ ਤੌਰ 'ਤੇ ਆਪਣੇ ਆਲ੍ਹਣੇ ਕਿਵੇਂ ਛੱਡ ਸਕਦੇ ਹਨ। ਇਸ ਲਈ ਉਨ੍ਹਾਂ ਨੇ ਸੰਕਟ ਵਿਚ ਹੀ ਜਿਊਣ ਦੀ ਆਦਤ ਖੁਦ ਨੂੰ ਪਾ ਲਈ ਹੈ। ਅਜਿਹੇ ਹਾਲਾਤ ਹੰਢਾਉਂਦਿਆਂ ਸਰਹੱਦੀ ਲੋਕਾਂ ਨੇ ਪਿਛਲੇ ਸਾਲਾਂ 'ਚ ਬਹੁਤ ਵੱਡਾ ਨੁਕਸਾਨ ਸਹਿਣ ਕੀਤਾ ਹੈ। ਜਦੋਂ ਘਰਾਂ 'ਤੇ ਆ ਕੇ ਗੋਲੇ ਡਿੱਗਦੇ ਹਨ ਤਾਂ ਕੁਝ ਦਿਨਾਂ ਲਈ ਜਿਵੇਂ ਉਨ੍ਹਾਂ ਦੇ ਸਾਹ ਰੁਕ ਜਾਂਦੇ ਹੋਣ ਅਤੇ ਜਾਨ ਸੂਲੀ 'ਤੇ ਟੰਗੀ ਜਾਂਦੀ ਹੋਵੇ। ਗੋਲੀਬਾਰੀ ਨੇ ਦਰਜਨਾਂ ਲੋਕਾਂ ਦੀਆਂ ਜਾਨਾਂ ਲਈਆਂ, ਘਰਾਂ ਦੀਆਂ ਕੰਧਾਂ ਅਤੇ ਛੱਤਾਂ ਛਲਣੀ ਕਰ ਦਿੱਤੀਆਂ ਅਤੇ ਲੋਕਾਂ ਨੂੰ ਵੱਡਾ ਮਾਲੀ ਨੁਕਸਾਨ ਵੀ ਝੱਲਣਾ ਪਿਆ। ਇਸ ਖਤਰੇ ਦੇ ਬੱਦਲ ਸਰਹੱਦੀ ਖੇਤਰਾਂ 'ਚ ਹਮੇਸ਼ਾ ਬਣੇ ਰਹਿਣੇ ਹਨ, ਜਿਸ ਨਾਲ ਲੋਕਾਂ ਦੇ ਕਾਰੋਬਾਰ, ਖੇਤੀਬਾੜੀ ਅਤੇ ਬੱਚਿਆਂ ਦੀ ਪੜ੍ਹਾਈ ਵੀ ਪ੍ਰਭਾਵਿਤ ਹੁੰਦੀ ਹੈ। ਇਹ ਸੰਕਟ ਅਜੇ ਤਕ ਟਲਦਾ ਦਿਖਾਈ ਨਹੀਂ ਦਿੰਦਾ।

ਜ਼ਿੰਦਗੀ ਅਤੇ ਮੌਤ ਵਿਚਾਲੇ ਲਟਕਦੇ ਸਰਹੱਦੀ ਪਰਿਵਾਰਾਂ ਨੂੰ ਸਹਾਇਤਾ ਪਹੁੰਚਾਉਣ ਲਈ ਪੰਜਾਬ ਕੇਸਰੀ ਪੱਤਰ ਸਮੂਹ ਵਲੋਂ ਇਕ ਵਿਸ਼ੇਸ਼ ਰਾਹਤ ਮੁਹਿੰਮ ਪਿਛਲੇ 20 ਸਾਲਾਂ ਤੋਂ ਚਲਾਈ ਜਾ ਰਹੀ ਹੈ। ਇਸ ਮੁਹਿੰਮ ਅਧੀਨ ਹੀ 490ਵੇਂ ਟਰੱਕ ਦੀ ਰਾਹਤ ਸਮੱਗਰੀ ਪਿਛਲੇ ਦਿਨੀਂ ਸਾਂਬਾ ਸੈਕਟਰ ਦੇ ਪਿੰਡ ਘੋਰਕਵਾਲਾ ਵਿਚ ਵੰਡੀ ਗਈ। ਇਸ ਮੌਕੇ 'ਤੇ ਵੱਖ-ਵੱਖ  ਪਿੰਡਾਂ ਤੋਂ ਜੁੜੇ ਲੋੜਵੰਦ ਪਰਿਵਾਰਾਂ ਨੂੰ ਇਲਾਕੇ ਦੇ ਸਮਾਜ ਸੇਵੀ ਸਰਬਜੀਤ ਸਿੰਘ ਜੌਹਲ ਦੀ ਦੇਖ-ਰੇਖ ਹੇਠ 300 ਰਜਾਈਆਂ ਮੁਹੱਈਆ ਕਰਵਾਈਆਂ ਗਈਆਂ। ਇਹ ਰਜਾਈਆਂ ਭਗਵਾਨ ਜਗਨਨਾਥ ਰੱਥ ਯਾਤਰਾ ਮਹਾਉਤਸਵ ਕਮੇਟੀ ਲੁਧਿਆਣਾ ਵਲੋਂ ਭਿਜਵਾਈਆਂ ਗਈਆਂ ਸਨ। ਸਮੱਗਰੀ ਪ੍ਰਾਪਤ ਕਰਨ ਵਾਲੇ ਪਰਿਵਾਰਾਂ ਦੇ ਮੈਂਬਰ ਘੋਰਕਵਾਲਾ ਤੋਂ ਇਲਾਵਾ ਰਾਇਕਾ ਲਬਾਨਾ, ਝੰਗ, ਰਾੜੀ, ਘੋਬ੍ਰਾਹਮਣਾ, ਸਵਾਖਾਂ ਅਤੇ ਬਾਟਲੀ ਆਦਿ ਪਿੰਡਾਂ ਨਾਲ ਸਬੰਧਤ ਸਨ।

ਰਾਹਤ ਸਮੱਗਰੀ ਲੈਣ ਲਈ ਇਕੱਠੇ ਹੋਏ ਲੋੜਵੰਦ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਜੰਮੂ-ਕਸ਼ਮੀਰ ਦੇ ਸਾਬਕਾ ਜੰਗਲਾਤ ਮੰਤਰੀ ਚੰਦਰ ਪ੍ਰਕਾਸ਼ ਗੰਗਾ ਨੇ ਕਿਹਾ ਕਿ ਪਾਕਿਸਤਾਨ ਦੀ ਸ਼ਹਿ ਹੇਠ ਅੱਜ ਇਸ ਸੂਬੇ ਵਿਚ ਅੱਤਵਾਦ ਵੀ ਚਲਾਇਆ ਜਾ ਰਿਹਾ ਹੈ ਅਤੇ ਸਰਹੱਦੀ ਖੇਤਰਾਂ 'ਚ ਬਿਨਾਂ ਕਾਰਨ ਫਾਇਰਿੰਗ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਯਾਦ ਦਿਵਾਇਆ ਕਿ ਇਸ ਤੋਂ ਪਹਿਲਾਂ ਪੰਜਾਬ ਵੀ ਇਸ ਅੱਤਵਾਦ ਦਾ ਸੰਤਾਪ ਹੰਢਾ ਚੁੱਕਾ ਹੈ। ਪੰਜਾਬ ਵਿਚ ਉਸ ਕਾਲੇ ਦੌਰ ਦੌਰਾਨ ਅਣਗਿਣਤ ਜਾਨਾਂ ਗਈਆਂ ਸਨ। ਉਸ ਸਮੇਂ ਹੀ ਲਾਲਾ ਜਗਤ ਨਾਰਾਇਣ ਜੀ ਨੂੰ ਵੀ ਸ਼ਹਾਦਤ ਦੇਣੀ ਪਈ, ਜਿਨ੍ਹਾਂ ਨੇ ਦੇਸ਼  ਦੀ ਏਕਤਾ ਅਤੇ ਅਖੰਡਤਾ 'ਤੇ ਪਹਿਰਾ ਦਿੰਦਿਆਂ ਆਪਣੇ ਪ੍ਰਾਣ ਨਿਛਾਵਰ ਕਰ ਦਿੱਤੇ। ਸਾਬਕਾ ਮੰਤਰੀ ਨੇ ਕਿਹਾ ਕਿ ਅੱਜ ਪੰਜਾਬ ਵਾਲੇ ਕਾਲੇ ਦੌਰ ਨੂੰ ਹੀ ਜੰਮੂ-ਕਸ਼ਮੀਰ 'ਚ ਦੁਹਰਾਇਆ  ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਅੱਤਵਾਦ ਤੋਂ ਮੁਕਤ ਕਰਵਾਉਣ ਵਿਚ ਪੰਜਾਬ ਕੇਸਰੀ ਸਮੂਹ ਦਾ ਵੱਡਾ ਯੋਗਦਾਨ ਰਿਹਾ ਹੈ ਅਤੇ ਅੱਜ ਇਹ ਗਰੁੱਪ ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਨੂੰ ਸਹਾਇਤਾ ਮੁਹੱਈਆ ਕਰਵਾ ਰਿਹਾ ਹੈ। ਇਸ ਗਰੁੱਪ ਨੇ ਸੇਵਾ-ਕਾਰਜਾਂ ਦੇ ਖੇਤਰ ਵਿਚ ਵੱਡਾ ਇਤਿਹਾਸ ਸਿਰਜਿਆ ਹੈ।

ਰਾਹਤ ਮੁਹਿੰਮ ਦੇ ਮੁਖੀ ਲਾਇਨ ਜੇ.ਬੀ ਸਿੰਘ ਚੌਧਰੀ ਨੇ ਕਿਹਾ ਕਿ ਦੇਸ਼ ਦੇ ਕਿਸੇ ਵੀ ਹਿੱਸੇ ਵਿਚ ਜਦੋਂ ਵੀ ਕੋਈ ਆਫਤ ਆਈ ਤਾਂ ਪੰਜਾਬ ਕੇਸਰੀ ਪੱਤਰ ਸਮੂਹ ਨੇ ਪੀੜਤ ਲੋਕਾਂ ਦੀ ਮਦਦ ਕੀਤੀ ਅਤੇ ਉਨ੍ਹਾਂ ਦਾ ਦੁੱਖ-ਸੁੱਖ ਵੰਡਾਇਆ। ਇਸਦੇ ਨਾਲ ਹੀ ਪ੍ਰਭਾਵਿਤ ਲੋਕਾਂ ਦੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚਾਈ ਤਾਂ ਜੋ ਉਨ੍ਹਾਂ ਦੀ ਸੰਭਵ ਸਹਾਇਤਾ ਕੀਤੀ ਜਾ ਸਕੇ।

ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ ਨੇ ਇਸ ਮੌਕੇ ਆਪਣੇ ਸੰਬੋਧਨ ਵਿਚ ਕਿਹਾ ਕਿ ਵਿਜੇ ਕੁਮਾਰ ਚੋਪੜਾ ਜੀ ਦੇ ਅਣਥੱਕ ਯਤਨਾਂ ਸਦਕਾ ਚਲਾਈ ਜਾ ਰਹੀ ਇਸ ਰਾਹਤ ਮੁਹਿੰਮ ਦਾ ਮਕਸਦ ਸਿਰਫ ਲੋਕਾਂ ਤੱਕ ਸਮੱਗਰੀ ਪਹੁੰਚਾਉਣਾ ਹੀ ਨਹੀਂ ਹੈ, ਸਗੋਂ ਉਨ੍ਹਾਂ ਦੀਆਂ ਮੁਸ਼ਕਲਾਂ ਅਤੇ ਤਕਲੀਫਾਂ ਨੂੰ ਵੀ ਅਖਬਾਰਾਂ ਰਾਹੀਂ ਦੇਸ਼ ਅਤੇ ਸਰਕਾਰ ਦੇ ਸਾਹਮਣੇ ਉਜਾਗਰ ਕੀਤਾ ਜਾਂਦਾ ਹੈ। ਇਹੋ ਕਾਰਨ ਹੈ ਕਿ ਅੱਜ ਪੰਜਾਬ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼, ਹਰਿਆਣਾ, ਦਿੱਲੀ ਆਦਿ ਦੇ ਦਾਨੀ ਸੱਜਣ ਵੀ ਰਾਹਤ-ਸਮੱਗਰੀ ਭਿਜਵਾਉਣ ਲਈ ਅੱਗੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰਾਂ ਦੇ ਲੋਕ ਜਿਸ ਤਰ੍ਹਾਂ ਗੋਲੀਬਾਰੀ ਨੂੰ ਸਹਿਣ ਕਰਦੇ ਹੋਏ ਵੀ ਦਿਲੇਰੀ ਅਤੇ ਬਹਾਦਰੀ ਨਾਲ ਡਟੇ ਬੈਠੇ ਹਨ, ਉਹ ਵੀ ਇਕ ਤਰ੍ਹਾਂ ਦੇਸ਼ ਦੇ ਪਹਿਰੇਦਾਰਾਂ ਦੀ ਭੂਮਿਕਾ ਹੀ ਨਿਭਾਅ ਰਹੇ ਹਨ। ਇਸ ਰਾਹਤ ਮੁਹਿੰਮ ਦਾ ਉਦੇਸ਼ ਸਰਹੱਦੀ ਲੋਕਾਂ ਨੂੰ ਇਹ ਅਹਿਸਾਸ ਕਰਵਾਉਣਾ ਵੀ ਹੈ ਕਿ ਸੰਕਟ ਭਰੇ ਹਾਲਾਤ ਵਿਚ ਸਾਰਾ ਦੇਸ਼ ਉਨ੍ਹਾਂ ਦੇ ਨਾਲ ਖੜ੍ਹਾ ਹੈ।

ਇਕਬਾਲ ਸਿੰਘ ਅਰਨੇਜਾ ਅਤੇ  ਐੱਮ. ਡੀ. ਸੱਭਰਵਾਲ ਨੇ ਵੀ ਪ੍ਰਭਾਵਿਤ ਪਰਿਵਾਰਾਂ ਨੂੰ ਸੰਬੋਧਨ ਕੀਤਾ ਅਤੇ ਉਮੀਦ ਜ਼ਾਹਰ ਕੀਤੀ ਕਿ ਨਵੇਂ ਸਾਲ 'ਚ ਉਨ੍ਹਾਂ ਦੀਆਂ ਸਭ ਮੁਸ਼ਕਲਾਂ ਪ੍ਰਮਾਤਮਾ ਹੱਲ ਕਰ ਦੇਵੇ। ਵਿਜੇਪੁਰ ਨਗਰ ਪਾਲਿਕਾ ਕਮੇਟੀ ਦੇ ਚੇਅਰਮੈਨ ਸ਼੍ਰੀ ਦੀਪਕ ਕੁਮਾਰ ਨੇ ਰਾਹਤ ਸਮੱਗਰੀ ਭਿਜਵਾਉਣ ਲਈ ਪੰਜਾਬ ਵਾਸੀਆਂ ਦਾ ਧੰਨਵਾਦ ਕੀਤਾ। ਇਸ ਮੌਕੇ 'ਤੇ ਪੰਜਾਬ ਕੇਸਰੀ ਦਫਤਰ ਜੰਮੂ ਦੇ ਇੰਚਾਰਜ ਬਲਰਾਮ ਸੈਣੀ, ਰਾਕੇਸ਼ ਵਰਮਾ, ਰਜਿੰਦਰ ਕੁਮਾਰ, ਸ਼੍ਰੀ ਪਰਸ਼ੋਤਮ ਜੀ, ਸੰਜੀਵ ਕੁਮਾਰ, ਜਗਦੀਪ ਸਿੰਘ, ਵਿਜੇ ਕੁਮਾਰ ਅਤੇ ਇਲਾਕੇ ਦੇ ਕਈ ਸਮਾਜ ਸੇਵੀ ਵੀ ਮੌਜੂਦ ਸਨ।

Shyna

This news is Content Editor Shyna