ਸਰਹੱਦੀ ਖੇਤਰਾਂ ਦੇ ਕਿਸਾਨਾਂ ਨੂੰ ਗੋਲੀਬਾਰੀ ਅਤੇ ਗੜਿਆਂ ਦੀ ਮਾਰ

02/14/2020 4:35:21 PM

ਜਲੰਧਰ (ਜੁਗਿੰਦਰ ਸੰਧੂ): ਜੰਮੂ-ਕਸ਼ਮੀਰ ਦੇ ਆਰ. ਐੈੱਸ. ਪੁਰਾ ਸੈਕਟਰ ਨੂੰ ਖੇਤੀਬਾੜੀ ਅਤੇ ਖਾਸ ਕਰ ਕੇ ਉੱਤਮ ਕੁਆਲਿਟੀ ਦੀ ਬਾਸਮਤੀ ਦੇ ਉਤਪਾਦਨ ਲਈ ਜਾਣਿਆ ਜਾਂਦਾ ਹੈ। ਇਲਾਕੇ ਵਿਚ ਸ਼ੈਲਰਾਂ ਦੀ ਵੱਡੀ ਗਿਣਤੀ ਇਸ ਗੱਲ ਦਾ ਅਹਿਸਾਸ ਕਰਵਾਉਂਦੀ ਹੈ ਕਿ ਇਥੇ ਝੋਨੇ ਦੀ ਭਰਪੂਰ ਫਸਲ ਹੁੰਦੀ ਹੋਵੇਗੀ। ਹਾਲਾਂਕਿ ਕਿਸਾਨਾਂ ਦੀ ਹਾਲਤ ਵੇਖ ਕੇ ਇਹ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਕਿ ਉਨ੍ਹਾਂ ਦਾ ਗੁਜ਼ਾਰਾ ਵਧੀਆ ਢੰਗ ਨਾਲ ਚੱਲ ਰਿਹਾ ਹੋਵੇਗਾ। ਇਸ ਦਾ ਇਕ ਕਾਰਣ ਇਹ ਵੀ ਹੈ ਕਿ ਅਰਨੀਆ ਅਤੇ ਤਰੇਵਾ ਤੱਕ ਫੈਲਿਆ ਆਰ. ਐੈੱਸ. ਪੁਰਾ ਦਾ ਸਰਹੱਦੀ ਇਲਾਕਾ ਪਾਕਿਸਤਾਨ ਵੱਲੋਂ ਕੀਤੀ ਜਾਂਦੀ ਗੋਲੀਬਾਰੀ ਦੀ ਮਾਰ ਤੋਂ ਪ੍ਰਭਾਵਿਤ ਰਿਹਾ ਹੈ। ਦਰਜਨਾਂ ਪਿੰਡਾਂ 'ਤੇ ਪਿਛਲੇ ਸਾਲਾਂ 'ਚ ਸੈਂਕੜੇ ਵਾਰ ਗੋਲੀਬਾਰੀ ਹੋਈ ਹੈ, ਜਿਸ ਕਾਰਣ ਕਈ ਲੋਕਾਂ ਦੀਆਂ ਜਾਨਾਂ ਗਈਆਂ, ਬਹੁਤ ਸਾਰੇ ਜ਼ਖਮੀ ਹੋ ਗਏ, ਪਸ਼ੂ ਮਾਰੇ ਗਏ ਅਤੇ ਘਰ-ਮਕਾਨ ਢਹਿ ਗਏ।

ਇਸ ਭਿਆਨਕ ਗੋਲੀਬਾਰੀ ਕਾਰਣ ਕਿਸਾਨ ਜਾਂ ਤਾਂ ਫਸਲਾਂ ਬੀਜ ਹੀ ਨਹੀਂ ਸਕੇ ਜਾਂ ਫਿਰ ਉਹ ਪਾਲਣ-ਪੋਸ਼ਣ ਤੋਂ ਵਾਂਝੀਆਂ ਰਹਿ ਗਈਆਂ। ਇਸ ਵਾਰ ਗੋਲੀਬਾਰੀ ਦੇ ਨਾਲ-ਨਾਲ ਭਾਰੀ ਬਰਸਾਤ ਅਤੇ ਗੜੇਮਾਰੀ ਨੇ ਵੀ ਝੋਨੇ ਅਤੇ ਬਾਸਮਤੀ ਦੀ ਫਸਲ ਝੰਬ ਦਿੱਤੀ। ਇਸ ਦੀ ਲਪੇਟ ਵਿਚ ਸਰਹੱਦੀ ਕਿਸਾਨ ਬੁਰੀ ਤਰ੍ਹਾਂ ਨਾਲ ਆ ਗਏ ਜਦੋਂ ਕਿ ਬਾਕੀ ਖੇਤਰਾਂ 'ਚ ਵੀ ਬਾਰਿਸ਼ ਨੇ ਬਹੁਤ ਨੁਕਸਾਨ ਕੀਤਾ। ਇਥੋਂ ਤੱਕ ਕਿ ਬਹੁਤ ਸਾਰੀਆਂ ਜ਼ਮੀਨਾਂ ਵਿਚ ਤਾਂ ਕਣਕ ਦੀ ਫਸਲ ਵੀ ਆਮ ਵਾਂਗ ਨਹੀਂ ਬੀਜੀ ਜਾ ਸਕੀ।ਲੋਕਾਂ ਨੂੰ ਪਈ ਦੂਹਰੀ ਮਾਰ ਅਤੇ ਤਬਾਹ ਹੋਈਆਂ ਫਸਲਾਂ ਬਾਰੇ ਜਾਣਨ ਦਾ ਮੌਕਾ ਉਦੋਂ ਮਿਲਿਆ ਜਦੋਂ ਪੰਜਾਬ ਕੇਸਰੀ ਦੀ ਰਾਹਤ ਟੀਮ ਪਿਛਲੇ ਦਿਨੀਂ ਆਰ. ਐੈੱਸ. ਪੁਰਾ ਸੈਕਟਰ ਦੇ ਸਰਹੱਦੀ ਪਿੰਡ ਚਕਰੋਹੀ ਵਿਚ 557ਵੇਂ ਟਰੱਕ ਦੀ ਸਮੱਗਰੀ ਵੰਡਣ ਲਈ ਗਈ ਸੀ। ਇਹ ਸਮੱਗਰੀ ਅੰਮ੍ਰਿਤਸਰ ਤੋਂ ਸ਼੍ਰੀ ਅਮਰਨਾਥ ਗੁਪਤਾ ਅਤੇ ਉਨ੍ਹਾਂ ਦੇ ਪਰਿਵਾਰ ਵਲੋਂ ਭਿਜਵਾਈ ਗਈ ਸੀ। ਇਸ ਮੌਕੇ ਵੱਖ-ਵੱਖ ਪਿੰਡਾਂ ਤੋਂ ਜੁੜੇ 300 ਪਰਿਵਾਰਾਂ ਨੂੰ ਆਟਾ, ਚਾਵਲ, ਨਮਕ ਅਤੇ ਕੰਬਲ ਮੁਹੱਈਆ ਕਰਵਾਏ ਗਏ।ਵੰਡ ਆਯੋਜਨ ਨੂੰ ਸੰਬੋਧਨ ਕਰਦਿਆਂ ਹਲਕੇ ਦੇ ਵਿਧਾਇਕ ਅਤੇ ਸਾਬਕਾ ਮੰਤਰੀ ਸ਼ਾਮ ਚੌਧਰੀ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਕੀਤੀਆਂ ਜਾ ਰਹੀਆਂ ਘਟੀਆ ਹਰਕਤਾਂ ਕਾਰਣ ਲੋਕ ਕਈ ਦਹਾਕਿਆਂ ਤੋਂ ਸੰਕਟ ਦਾ ਸਾਹਮਣਾ ਕਰ ਰਹੇ ਹਨ। ਅੱਤਵਾਦ ਅਤੇ ਗੋਲੀਬਾਰੀ ਕਾਰਣ ਲੋਕਾਂ ਦਾ ਭਾਰੀ ਜਾਨੀ ਨੁਕਸਾਨ ਹੋਇਆ ਅਤੇ ਉਨ੍ਹਾਂ ਦੇ ਕੰਮ-ਧੰਦੇ ਵੀ ਤਬਾਹ ਹੋ ਗਏ। ਬਹੁਤ ਸਾਰੇ ਲੋਕ ਰੋਜ਼ੀ-ਰੋਟੀ ਤੋਂ ਮੁਥਾਜ ਹੋ ਗਏ ਹਨ ਅਤੇ ਉਨ੍ਹਾਂ ਨੂੰ ਆਪਣਾ ਚੁੱਲ੍ਹਾ ਬਲਦਾ ਰੱਖਣ ਲਈ ਕਈ ਤਰ੍ਹਾਂ ਦੇ ਪਾਪੜ ਵੇਲਣੇ ਪੈ ਰਹੇ ਹਨ। ਤਰਸਯੋਗ ਹਾਲਤ ਵਿਚ ਜੀਵਨ ਬਸਰ ਕਰ ਰਹੇ ਲੱਖਾਂ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਵਿਚ ਬਹੁਤ ਮੁਸ਼ਕਲ ਆ ਰਹੀ ਹੈ। ਅਜਿਹੀ ਸਥਿਤੀ ਵਿਚ ਪ੍ਰਭਾਵਿਤ ਪਰਿਵਾਰਾਂ ਨੂੰ ਪੰਜਾਬ ਕੇਸਰੀ ਦੀ ਰਾਹਤ ਮੁਹਿੰਮ ਨਾਲ ਵੱਡਾ ਆਸਰਾ ਮਿਲਿਆ ਹੈ। ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਨੇ ਸਮੱਗਰੀ ਦੇ ਸੈਂਕੜੇ ਟਰੱਕ ਭਿਜਵਾ ਕੇ ਸੇਵਾ ਦੇ ਖੇਤਰ ਵਿਚ ਬੇਮਿਸਾਲ ਕੰਮ ਕੀਤਾ ਹੈ। ਇਸ ਦੇ ਨਾਲ ਹੀ ਵੱਖ-ਵੱਖ ਇਲਾਕਿਆਂ ਤੋਂ ਰਾਹਤ ਸਮੱਗਰੀ ਵਿਚ ਯੋਗਦਾਨ ਦੇਣ ਵਾਲੇ ਵੀ ਧੰਨਵਾਦ ਦੇ ਹੱਕਦਾਰ ਹਨ।ਸੁੰਦਰਬਨੀ ਬਲਾਕ ਸੰਮਤੀ ਦੇ ਚੇਅਰਮੈਨ ਸ਼੍ਰੀ ਅਰੁਣ ਸ਼ਰਮਾ ਸੂਦਨ ਨੇ ਕਿਹਾ ਕਿ ਪੰਜਾਬ ਕੇਸਰੀ ਵੱਲੋਂ ਚਲਾਈ ਜਾ ਰਹੀ ਲੋਕ-ਸੇਵਾ ਦੀ ਮੁਹਿੰਮ ਬਾਰੇ ਜੰਮੂ-ਕਸ਼ਮੀਰ ਦਾ ਬੱਚਾ-ਬੱਚਾ ਜਾਣਦਾ ਹੈ। ਇੰਨਾ ਲੰਬਾ ਸਮਾਂ ਕੋਈ ਵੀ ਮੁਹਿੰਮ ਚਲਾਉਣੀ ਬਹੁਤ ਮੁਸ਼ਕਲ ਕਾਰਜ ਹੈ ਪਰ ਇਹ ਰਾਹਤ-ਕਾਰਜ 20 ਸਾਲਾਂ ਤੋਂ ਲਗਾਤਾਰ ਚੱਲ ਰਿਹਾ ਹੈ, ਜਿਸ ਨਾਲ ਲੱਖਾਂ ਲੋਕਾਂ ਨੂੰ ਸਹਾਇਤਾ ਪ੍ਰਾਪਤ ਹੋਈ ਹੈ। ਉਨ੍ਹਾਂ ਕਿਹਾ ਕਿ ਜਦੋਂ ਤਕ ਪਾਕਿਸਤਾਨ ਆਪਣੇ ਮਾੜੇ ਇਰਾਦਿਆਂ ਦਾ ਤਿਆਗ ਨਹੀਂ ਕਰਦਾ ਉਦੋਂ ਤੱਕ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਮੁਸੀਬਤਾਂ ਤੋਂ ਛੁਟਕਾਰਾ ਨਹੀਂ ਮਿਲ ਸਕਦਾ।ਸ਼੍ਰੀ ਸ਼ਰਮਾ ਨੇ ਕਿਹਾ ਕਿ ਸ਼ਾਂਤੀਪੂਰਨ ਇਲਾਕੇ 'ਚ ਇਕ ਗੋਲੀ ਚੱਲ ਜਾਵੇ ਤਾਂ ਲੋਕਾਂ ਦਾ ਤ੍ਰਾਹ ਨਿਕਲ ਜਾਂਦਾ ਹੈ ਪਰ ਧੰਨ ਹਨ ਸਰਹੱਦੀ ਪਿੰਡਾਂ ਦੇ ਲੋਕ ਜਿਹੜੇ ਨਿੱਤ-ਦਿਨ ਗੋਲੀਬਾਰੀ ਦਾ ਸਾਹਮਣਾ ਕਰਦੇ ਹਨ। ਸਰਕਾਰ ਨੂੰ ਇਨ੍ਹਾਂ ਪਰਿਵਾਰਾਂ ਦੀ ਭਲਾਈ ਅਤੇ ਸਹੂਲਤਾਂ ਲਈ ਵਿਸ਼ੇਸ਼ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਸਰਹੱਦੀ ਖੇਤਰਾਂ ਲਈ ਵਿਸ਼ੇਸ਼ ਗ੍ਰਾਂਟ ਜਾਰੀ ਕੀਤੀ ਜਾਵੇ।

ਬੱਚਿਆਂ ਨੂੰ ਚੰਗੇ ਸੰਸਕਾਰ ਦਿਓ : ਵਰਿੰਦਰ ਸ਼ਰਮਾ
ਪੰਜਾਬ ਕੇਸਰੀ ਦੀ ਰਾਹਤ ਟੀਮ ਦੇ ਮੁਖੀ ਯੋਗ ਗੁਰੂ ਸ਼੍ਰੀ ਵਰਿੰਦਰ ਸ਼ਰਮਾ ਨੇ ਪ੍ਰਭਾਵਿਤ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਕਿਸਤਾਨ ਦੇ ਬੁਰੇ ਇਰਾਦਿਆਂ ਕਾਰਣ ਉਨ੍ਹਾਂ ਨੂੰ ਹਰ ਵੇਲੇ ਖਤਰੇ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਅਤੀਤ ਵਿਚ ਉਹ ਬਹੁਤ ਜ਼ਿਆਦਾ ਨੁਕਸਾਨ ਸਹਿਣ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਸੰਕਟ 'ਚ ਦਿਨ ਗੁਜ਼ਾਰ ਰਹੇ ਮਾਪਿਆਂ ਨੂੰ ਇਸ ਗੱਲ 'ਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ ਕਿ ਬੱਚਿਆਂ ਨੂੰ ਵਧੀਆ ਸੰਸਕਾਰ ਦਿੱਤੇ ਜਾਣ ਤਾਂ ਜੋ ਉਹ ਚੰਗੇ ਨਾਗਰਿਕ ਬਣ ਸਕਣ। ਚੰਗੇ ਨਾਗਰਿਕ ਹੀ ਸਮਾਜ ਅਤੇ ਦੇਸ਼ ਦੀ ਅਗਵਾਈ ਕਰ ਸਕਦੇ ਹਨ। ਬੱਚਿਆਂ ਨੂੰ ਇਹ ਸਿੱਖਿਆ ਦੇਣੀ ਚਾਹੀਦੀ ਹੈ ਕਿ ਉਹ ਅਧਿਆਪਕਾਂ, ਮਾਪਿਆਂ ਅਤੇ ਹੋਰ ਵੱਡੀ ਉਮਰ ਦੇ ਲੋਕਾਂ ਦਾ ਸਤਿਕਾਰ ਕਰਨ ਅਤੇ ਛੋਟਿਆਂ ਨੂੰ ਪਿਆਰ ਕਰਨ।ਸ਼੍ਰੀ ਸ਼ਰਮਾ ਨੇ ਕਿਹਾ ਕਿ ਸਰਹੱਦੀ ਕਿਸਾਨਾਂ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਸਰਕਾਰ ਨੂੰ ਵਿਸ਼ੇਸ਼ ਪ੍ਰਬੰਧ ਕਰਨੇ ਚਾਹੀਦੇ ਹਨ। ਖਾਸ ਕਰ ਕੇ ਉਨ੍ਹਾਂ ਕਿਸਾਨਾਂ ਦਾ ਸੰਕਟ ਸਮਝਣਾ ਚਾਹੀਦਾ ਹੈ ਜਿਨ੍ਹਾਂ ਦੀ ਜ਼ਮੀਨ ਤਾਰ-ਵਾੜ ਦੇ ਅੰਦਰ ਹੈ। ਉਹ ਕਿਸਾਨ ਇਕ ਸੀਮਤ ਸਮੇਂ ਵਿਚ ਹੀ ਖੇਤੀਬਾੜੀ ਦਾ ਕੰਮ ਕਰ ਸਕਦੇ ਹਨ। ਜਦੋਂ ਤੱਕ ਸੀਮਾ ਸੁਰੱਖਿਆ ਬਲ ਵਾਲੇ ਤਾਰ-ਵਾੜ ਦੇ ਗੇਟ ਨਹੀਂ ਖੋਲ੍ਹਦੇ, ਉਹ ਆਪਣੇ ਖੇਤਰਾਂ 'ਚ ਵੀ ਨਹੀਂ ਜਾ ਸਕਦੇ। ਕਈ ਵਾਰ ਤਾਂ ਇਨ੍ਹਾਂ ਖੇਤਾਂ 'ਚ ਫਸਲ ਹੀ ਨਹੀਂ ਬੀਜੀ ਜਾ ਸਕਦੀ। ਸ਼੍ਰੀ ਸ਼ਰਮਾ ਨੇ ਪ੍ਰਭਾਵਿਤ ਪਰਿਵਾਰਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਸਹਾਇਤਾ ਪਹੁੰਚਾਉਣ ਲਈ ਪੰਜਾਬ ਕੇਸਰੀ ਦਾ ਕਾਫਲਾ ਚੱਲਦਾ ਰਹੇਗਾ।

ਬਰਬਾਦ ਹੋਈਆਂ ਫਸਲਾਂ ਦਾ ਮੁਆਵਜ਼ਾ ਦਿੱਤਾ ਜਾਵੇ : ਮਨੋਹਰ ਲਾਲ
ਪਿੰਡ ਦੇ ਸਰਪੰਚ ਮਨੋਹਰ ਲਾਲ ਨੇ ਕਿਹਾ ਕਿ ਜਿਹੜੇ ਕਿਸਾਨਾਂ ਦੀਆਂ ਫਸਲਾਂ ਗੋਲੀਬਾਰੀ ਜਾਂ ਬਾਰਸ਼ ਕਾਰਣ ਬਰਬਾਦ ਹੋ ਗਈਆਂ ਹਨ, ਉਨ੍ਹਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜਿਹੜੇ ਖੇਤਾਂ 'ਚ ਝੋਨੇ ਦੀ ਫਸਲ ਬਾਰਸ਼ ਕਾਰਣ ਖਰਾਬ ਹੋ ਗਈ ਸੀ, ਉਨ੍ਹਾਂ ਦੀ ਅਜੇ ਤੱਕ ਗਿਰਦਾਵਰੀ ਵੀ ਨਹੀਂ ਹੋਈ। ਸਰਪੰਚ ਨੇ ਇਹ ਵੀ ਦੱਸਿਆ ਕਿ ਜਿਹੜੇ ਕਿਸਾਨ ਤਾਰ-ਵਾੜ ਤੋਂ ਅੰਦਰਲੀਆਂ ਜ਼ਮੀਨਾਂ 'ਚ ਫਸਲਾਂ ਦੀ ਕਾਸ਼ਤ ਨਹੀਂ ਕਰ ਸਕੇ, ਉਨ੍ਹਾਂ   ਨੂੰ ਤਿੰਨ ਸਾਲਾਂ ਤੋਂ ਮੁਆਵਜ਼ਾ ਨਹੀਂ ਮਿਲਿਆ। ਸਰਕਾਰ ਨੂੰ ਪੀੜਤ ਕਿਸਾਨਾਂ ਦਾ ਦਰਦ ਵੰਡਾਉਣਾ ਚਾਹੀਦਾ ਹੈ।
ਇਸ ਮੌਕੇ 'ਤੇ ਰਾਮਗੜ੍ਹ ਦੇ ਭਾਜਪਾ ਆਗੂ ਸਰਬਜੀਤ ਸਿੰਘ ਜੌਹਲ, ਚੇਅਰਮੈਨ ਤਰਸੇਮ ਸਿੰਘ, ਅੰਮ੍ਰਿਤਸਰ ਤੋਂ ਰਾਹਤ ਸਮੱਗਰੀ ਲੈ ਕੇ ਪੁੱਜੇ ਸ਼੍ਰੀ ਸਤੀਸ਼ ਗੁਪਤਾ, ਸ਼੍ਰੀਮਤੀ ਸਰੋਜ ਅਗਰਵਾਲ, ਹੇਜਲ ਗੁਪਤਾ, ਪਿੰਡ ਕਲੋਏਂ ਦੇ ਸਰਪੰਚ ਉਂਕਾਰ ਸਿੰਘ, ਬੀ. ਡੀ. ਓ. ਮਹਿੰਦਰ ਸਿੰਘ, ਨਿਰਮਲ ਕੁਮਾਰੀ, ਆਰ. ਐੱਸ. ਪੁਰਾ ਤੋਂ ਪੰਜਾਬ ਕੇਸਰੀ ਦੇ ਪ੍ਰਤੀਨਿਧੀ ਮੁਕੇਸ਼ ਰੈਣਾ ਵੀ ਮੌਜੂਦ ਸਨ।

ਬੀਮਾਰੀ ਕਾਰਣ ਮਰ ਗਿਆ ਵੀਨਾ ਦਾ ਪਤੀ
ਚਕਰੋਹੀ ਦੀ ਰਹਿਣ ਵਾਲੀ ਵੀਨਾ ਨੇ ਦੱਸਿਆ ਕਿ ਡੇਢ ਸਾਲ ਪਹਿਲਾਂ ਉਸਦਾ ਘਰ ਵਾਲਾ ਅਸ਼ੋਕ ਕੁਮਾਰ ਬੀਮਾਰੀ ਕਾਰਣ ਮਰ ਗਿਆ, ਕਿਉਂਕਿ ਉਹ ਉਸਦਾ ਇਲਾਜ ਕਰਵਾਉਣ ਤੋਂ ਅਸਮਰੱਥ ਸਨ। ਉਸਦੇ ਪਰਿਵਾਰ 'ਚ ਤਿੰਨ ਲੜਕੀਆਂ ਅਤੇ ਇਕ ਲੜਕਾ ਹੈ। ਵੱਡੀ ਲੜਕੀ ਵਿਆਹੁਣ ਦੇ ਕਾਬਲ ਹੈ ਪਰ ਇਸ ਵਿਚ ਵੀ ਉਸ ਦੀ ਗਰੀਬੀ ਰੁਕਾਵਟ ਬਣ ਰਹੀ ਹੈ। ਲੜਕਾ ਛੋਟਾ ਹੋਣ ਕਰ ਕੇ ਕੋਈ ਕੰਮ ਧੰਦਾ ਨਹੀਂ ਕਰ ਸਕਦਾ। ਵੀਨਾ ਨੇ ਦੱਸਿਆ ਕਿ ਉਹ ਖੁਦ ਮਿਹਨਤ-ਮਜ਼ਦੂਰੀ ਕਰ ਕੇ ਮਾੜਾ-ਮੋਟਾ ਰੋਟੀ-ਪਾਣੀ ਦਾ ਪ੍ਰਬੰਧ ਕਰਦੀ ਹੈ। ਉਸਨੇ ਕਿਹਾ ਕਿ ਸਰਕਾਰ ਨੂੰ ਵਿਧਵਾ ਔਰਤਾਂ ਦੀ ਵਿਸ਼ੇਸ਼ ਮਾਲੀ ਮਦਦ ਕਰਨੀ ਚਾਹੀਦੀ ਹੈ।

Shyna

This news is Content Editor Shyna