ਭਾਜਪਾ ਕੈਨੇਡਾ ਤੇ ਬ੍ਰਿਟੇਨ ''ਚ ਵਸੇ ਕੱਟੜਪੰਥੀ ਸਿੱਖਾਂ ਨੂੰ ਭਰਮਾਉਣ ''ਚ ਲੱਗੀ

01/31/2019 10:09:00 AM

ਜਲੰਧਰ (ਚੋਪੜਾ)—2019 ਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ ਦੁਬਾਰਾ ਸੱਤਾ 'ਤੇ ਕਾਬਜ਼ ਹੋਣ ਲਈ ਹਰ ਸੰਭਵ ਯਤਨ ਕਰ ਰਹੀ ਹੈ। ਇਸੇ ਕੜੀ ਅਧੀਨ ਭਾਜਪਾ ਕੈਨੇਡਾ ਤੇ ਬ੍ਰਿਟੇਨ 'ਚ ਵਸੇ ਕੱਟੜਪੰਥੀ ਸਿੱਖ ਨੇਤਾਵਾਂ ਨਾਲ ਸੰਪਰਕ ਕਰ ਰਹੇ ਹਨ। ਸੂਤਰਾਂ ਅਨੁਸਾਰ ਸੀਨੀਅਰ ਭਾਜਪਾ ਨੇਤਾ ਰਾਮ ਮਾਧਵ ਇਸ ਕੰਮ ਦੀ ਜ਼ਿੰਮੇਵਾਰੀ ਨਿਭਾ ਰਹੇ ਹਨ। ਭਾਜਪਾ 2 ਪੜਾਵੀ ਰਣਨੀਤੀ ਦੇ ਤਹਿਤ ਜਿਥੇ ਇਕ ਪਾਸੇ ਭਾਰਤ ਵਿਰੋਧੀ ਤੱਤਾਂ ਦਾ ਪਰਦਾਫਾਸ਼ ਕਰਕੇ ਉਨ੍ਹਾਂ ਨੂੰ ਲੋਕਾਂ ਸਾਹਮਣੇ ਲਿਆ ਰਹੇ ਹਨ, ਜਿਸ ਵਿਚ ਗੁਰਪਤਵੰਤ ਸਿੰਘ ਪੰਨੂ ਦੀ ਅਗਵਾਈ 'ਚ ਸਿੱਖ ਫਾਰ ਜਸਟਿਸ ਦੇ ਰੂਪ 'ਚ ਭਾਰਤ ਵਿਰੋਧੀ ਤੱਤ ਕੰਮ ਕਰ ਰਹੇ ਹਨ। ਉਥੇ ਦੂਜੇ ਪਾਸੇ ਭਾਜਪਾ ਉਨ੍ਹਾਂ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਪਹਿਲਾਂ ਖਾਲਿਸਤਾਨ ਅੰਦੋਲਨ 'ਚ ਸ਼ਾਮਲ ਸਨ।

ਭਾਜਪਾ ਨੇ ਪੱਛਮੀ ਦੇਸ਼ਾਂ 'ਚ ਰਹਿਣ ਵਾਲੇ ਵੱਖ-ਵੱਖ ਹੋਏ ਸਿੱਖ ਗਰੁੱਪਾਂ ਨੂੰ ਹਮੇਸ਼ਾ ਵੱਖ-ਵੱਖ ਸੰਦੇਸ਼ ਦਿੱਤੇ ਹਨ। ਪਤਾ ਲੱਗਾ ਹੈ ਕਿ ਪਾਰਟੀ ਨੇ ਲੰਮੇ ਸਮੇਂ ਤੋਂ ਇਨ੍ਹਾਂ ਵੱਖ-ਵੱਖ ਫਿਰਕਿਆਂ ਬਾਰੇ ਆਪਣੀ ਚਿੰਤਾ ਪ੍ਰਗਟ ਕੀਤੀ ਹੈ। ਇਕ ਸੂਤਰ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ 'ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 2015 ਤੋਂ ਬਾਅਦ ਇਨ੍ਹਾਂ ਗਰੁੱਪਾਂ ਨਾਲ ਗੱਲਬਾਤ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਕੇਂਦਰ ਸਰਕਾਰ ਦੁਆਰਾ ਇਨ੍ਹਾਂ ਗਰੁੱਪਾਂ ਤੱਕ ਪਹੁੰਚ ਬਣਉਣ ਦੀ ਰਣਨੀਤੀ ਬਣਾਈ ਗਈ ਸੀ ਤੇ ਇਨ੍ਹਾਂ ਗਰੁੱਪਾਂ ਦਾ ਦਿਲ ਜਿੱਤਣਾ ਵੀ ਨਰਿੰਦਰ ਮੋਦੀ ਸਰਕਾਰ ਲਈ ਪ੍ਰਮੁੱਖ ਕੰਮ ਸੀ, ਕਿਉਂਕਿ 2014 ਦੀਆਂ ਲੋਕ ਸਭਾ ਚੋਣਾਂ ਵਿਚ ਪੱਛਮ 'ਚ ਵਸੇ ਵਿਦੇਸ਼ੀ ਸਿੱਖਾਂ ਨੇ 'ਆਪ' ਨੂੰ ਕਾਫੀ ਸਮਰਥਨ ਦਿੱਤਾ ਸੀ। ਇਹ ਵੀ ਜ਼ਿਕਰਯੋਗ ਹੈ ਕਿ ਪੰਜਾਬ 'ਚ ਅੱਤਵਾਦ ਵੇਲੇ ਵੱਡੀ ਗਿਣਤੀ ਵਿਚ ਸਿੱਖਾਂ ਨੇ ਵਿਦੇਸ਼ਾਂ ਵਿਚ ਰਾਜਨੀਤਕ ਸ਼ਰਨ ਲਈ ਸੀ। ਮੋਦੀ ਸਰਕਾਰ 'ਚ ਇਹ ਵੀ ਮਹਿਸੂਸ ਕੀਤਾ ਗਿਆ ਕਿ ਸਿਆਸੀ ਸ਼ਰਨ ਲੈਣ ਲਈ ਵਿਦੇਸ਼ਾਂ 'ਚ ਵਸੇ ਸਾਰੇ ਸਿੱਖ ਨਾ ਤਾਂ ਸਿਆਸੀ ਤੌਰ 'ਤੇ ਸਰਗਰਮ ਹਨ ਤੇ ਨਾ ਹੀ ਕੱਟੜਪੰਥੀ, ਉਹ ਸਿਰਫ ਆਪਣਾ ਕਾਰੋਬਾਰ ਸੈੱਟ ਕਰਨ ਲਈ ਵਿਦੇਸ਼ਾਂ 'ਚ ਵਸੇ ਸਨ। ਭਾਜਪਾ ਨੇ ਬ੍ਰਿਟੇਨ ਸਥਿਤ ਕੱਟੜਪੰਥੀ ਜਸਦੇਵ ਸਿੰਘ ਰਾਏ ਨੂੰ ਪਹਿਲਾਂ ਹੀ ਇਸ ਸਬੰਧ 'ਚ ਸ਼ਾਮਲ ਕੀਤਾ ਹੈ, ਜੋ ਲੰਡਨ 'ਚ ਸਿੱਖ ਹਿਉੂਮਨ ਰਾਈਟਸ ਗਰੁੱਪ ਦੇ ਨਿਰਦੇਸ਼ਕ ਹਨ। ਰਾਏ ਨੇ ਰਾਮ ਮਾਧਵ ਤੇ ਕੱਟੜਪੰਥੀ ਸਿੱਖਾਂ ਵਿਚਕਾਰ ਮੁਲਾਕਾਤ ਕਰਾਈ ਹੈ ਜਿਸ ਦੇ ਕੁਝ ਨਤੀਜੇ ਵੀ ਸਾਹਮਣੇ ਆਏ ਹਨ, ਜਿਸ ਦੇ ਤਹਿਤ ਪਾਰਟੀ ਉਨ੍ਹਾਂ ਸਿੱਖਾਂ ਲਈ ਕੁਝ ਠੋਸ ਸਮਝੌਤਾ ਲੈ ਕੇ ਅੱਗੇ ਜਾਵੇਗੀ, ਜਿਨ੍ਹਾਂ 'ਤੇ ਭਾਰਤ ਪਰਤਣ ਦੀ ਪਾਬੰਦੀ ਲੱਗੀ ਹੋਈ ਹੈ। ਸੂਤਰਾਂ ਦੀ ਮੰਨੀਏ ਤਾਂ ਸਰਕਾਰ ਉਨ੍ਹਾਂ ਕਾਲੀ ਸੂਚੀ ਦੀ ਗੰਭੀਰਤਾ ਨਾਲ ਸਮੀਖਿਆ ਕਰ ਰਹੀ ਹੈ, ਜਿਸ ਵਿਚ ਕਈ ਲੋਕਾਂ 'ਤੇ ਖਾਲਿਸਤਾਨੀ ਅੰਦੋਲਨ 'ਚ ਸ਼ਾਮਲ ਹੋਣ ਦੇ ਕਾਰਨ 'ਤੇ ਪਾਬੰਦੀ ਲੱਗੀ ਹੈ।

ਭਾਜਪਾ ਨੇ ਇਸ ਤੋਂ ਇਲਾਵਾ ਦਿੱਲੀ 'ਚ ਸਿੱਖ ਵਿਰੋਧੀ ਦੰਗਿਆਂ 'ਚ ਸ਼ਾਮਲ ਉਨ੍ਹਾਂ ਲੋਕਾਂ ਵਿਰੁੱਧ ਮਾਮਲਿਆਂ 'ਚ ਤੇਜ਼ੀ ਲਿਆਉਣ ਦੀ ਰਣਨੀਤੀ ਬਣਾਈ ਹੈ ਤੇ ਸੱਜਣ ਕੁਮਾਰ ਜਿਹੇ ਲੋਕ  ਵੀ ਇਸੇ ਰਣਨੀਤੀ ਦਾ ਹਿੱਸਾ ਹੈ। ਭਾਜਪਾ ਸਾਲਾਂ ਤੋਂ ਕਾਨੂੰਨ ਦੀ ਪਕੜ ਤੋਂ ਬਚ ਰਹੇ ਸੱਜਣ ਕੁਮਾਰ ਨੂੰ ਸਜ਼ਾ ਹੋਣ ਦਾ ਕ੍ਰੈਡਿਟ ਵੀ ਲੈ ਰਹੀ ਹੈ। ਵਿਰੋਧੀ ਧਿਰ ਭਾਜਪਾ ਨੂੰ ਹਿੰਦੂਤਵ ਵਾਲੇ  ਰਾਸ਼ਟਰਵਾਦ ਨੂੰ ਉਤਸ਼ਾਹਿਤ ਕਰਨ ਦਾ ਇਲਜ਼ਾਮ ਲਾ ਰਹੀ ਹੈ ਜਦਕਿ ਭਾਜਪਾ ਇਸ ਕਦਮ ਨਾਲ ਯਕੀਨੀ ਬਣਾਉਣਾ ਚਾਹੁਦੀ ਹੈ ਕਿ ਉਹ ਹੋਰ ਘੱਟਗਿਣਤੀ ਫਿਰਕਿਆਂ ਖਾਸ ਕਰਕੇ ਸਿੱਖਾਂ ਨੂੰ ਇਕੋ ਨਜ਼ਰ ਨਾਲ ਹੀ ਦੇਖਦੀ ਹੈ। ਇਸ ਤੋਂ ਇਲਾਵਾ ਪਾਰਟੀ ਪੰਜਾਬ 'ਚ ਆਪਣੇ ਸਹਿਯੋਗੀ ਦਲ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਇਸ ਦਾ ਲਾਭ ਦਿਵਾਉਣ ਦੀ ਇੱਛਾ ਰੱਖਦੀ ਹੈ। ਅਜੇ ਇਹ ਕਹਿਣਾ ਮੁਸ਼ਕਲ ਹੈ ਕਿ ਭਾਜਪਾ ਵਿਦੇਸ਼ੀ ਸਿੱਖਾਂ ਦੇ ਗਰੁੱਪਾਂ ਨੂੰ ਭਰਮਾਉਣ 'ਚ ਸਫਲ ਹੋ ਸਕੇਗੀ ਜਾਂ ਨਹੀਂ।

Shyna

This news is Content Editor Shyna