2 ''ਆਪ'' ਵਿਧਾਇਕਾਂ ਦੇ ਅਸਤੀਫੇ ਸਵੀਕਾਰ ਨਹੀਂ ਹੋਣਗੇ

07/23/2019 9:32:36 AM

ਜਲੰਧਰ(ਧਵਨ) : ਪੰਜਾਬ 'ਚ ਆਮ ਆਦਮੀ ਪਾਰਟੀ ਨਾਲ ਸਬੰਧਤ 2 ਵਿਧਾਇਕਾਂ ਦੇ ਅਸਤੀਫੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਵਲੋਂ ਸਵੀਕਾਰ ਕੀਤੇ ਜਾਣ ਦੇ ਆਸਾਰ ਮੱਧਮ ਹੀ ਦਿਖਾਈ ਦੇ ਰਹੇ ਹਨ। ਲੋਕ ਸਭਾ ਚੋਣਾਂ ਦੇ ਸਮੇਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਾਨਸਾ ਤੋਂ 'ਆਪ' ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਅਤੇ ਰੋਪੜ ਤੋਂ 'ਆਪ' ਵਿਧਾਇਕ ਅਮਰਜੀਤ ਸਿੰਘ ਸੰਦੋਆ ਨੂੰ ਕਾਂਗਰਸ 'ਚ ਸ਼ਾਮਲ ਕਰ ਲਿਆ ਸੀ। ਉਸ ਸਮੇਂ ਕਾਂਗਰਸ 'ਚ ਸ਼ਾਮਲ ਹੁੰਦੇ ਸਮੇਂ ਦੋਵੇਂ 'ਆਪ' ਵਿਧਾਇਕਾਂ ਨੇ ਆਪਣੇ ਅਸਤੀਫੇ ਵਿਧਾਨ ਸਭਾ ਸਪੀਕਰ ਨੂੰ ਭੇਜ ਦਿੱਤੇ ਸਨ। ਦੱਸਿਆ ਜਾਂਦਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਾਜ ਵਿਧਾਨ ਸਭਾ 'ਚ ਆਮ ਆਦਮੀ ਪਾਰਟੀ ਨੂੰ ਕਮਜ਼ੋਰ ਵੀ ਨਹੀਂ ਹੋਣ ਦੇਣਾ ਚਾਹੁੰਦੇ ਹਨ, ਇਸ ਲਈ ਮੰਨਿਆ ਜਾ ਰਿਹਾ ਹੈ ਕਿ ਦੋਵੇਂ 'ਆਪ' ਵਿਧਾਇਕ ਦੇ ਅਸਤੀਫੇ ਫਿਲਹਾਲ ਸਵੀਕਾਰ ਨਹੀਂ ਹੋਣਗੇ।

ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਅਗਲੇ ਕੁਝ ਦਿਨਾਂ 'ਚ ਦੋਵੇਂ 'ਆਪ' ਵਿਧਾਇਕਾਂ ਨੂੰ ਨਿੱਜੀ ਤੌਰ 'ਤੇ ਮੁਲਾਕਾਤ ਲਈ ਬੁਲਾਇਆ ਹੋਇਆ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ 5 ਸਾਲ ਦੀ ਮਿਆਦ ਤੋਂ ਪਹਿਲਾਂ ਵਿਧਾਇਕ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੰਦਾ ਹੈ ਤਾਂ ਉਸ ਤੋਂ ਬਾਅਦ ਉਸ ਨੂੰ ਨਾ ਤਾਂ ਪੈਨਸ਼ਨ ਲੱਗਦੀ ਹੈ ਅਤੇ ਨਾ ਹੀ ਹੋਰ ਸਹੂਲਤਾਂ ਮਿਲਦੀਆਂ ਹਨ। ਪੰਜਾਬ ਦੀ ਸਿਆਸੀ ਸਥਿਤੀ ਨੂੰ ਦੇਖਦਿਆਂ ਫਿਲਹਾਲ ਅਕਤੂਬਰ ਮਹੀਨੇ 'ਚ ਸਿਰਫ 2 ਵਿਧਾਨ ਸਭਾ ਸੀਟਾਂ ਜਲਾਲਾਬਾਦ ਅਤੇ ਫਗਵਾੜਾ 'ਚ ਹੀ ਉਪ ਚੋਣਾਂ ਕਰਵਾਈਆਂ ਜਾਣ ਦੇ ਆਸਾਰ ਬਣ ਗਏ ਹਨ ਕਿਉਂਕਿ ਸਪੀਕਰ ਨੇ ਜਲਾਲਾਬਾਦ ਅਤੇ ਫਗਵਾੜਾ ਤੋਂ ਵਿਧਾਇਕਾਂ ਦੇ ਅਸਤੀਫਿਆਂ ਨੂੰ ਸਵੀਕਾਰ ਕੀਤਾ ਸੀ।

ਇਸੇ ਤਰ੍ਹਾਂ ਸਪੀਕਰ ਨੇ ਇਕ ਹੋਰ 'ਆਪ' ਵਿਧਾਇਕ ਬਾਰੇ ਵੀ ਫੈਸਲਾ ਲੈਣਾ ਹੈ ਪਰ ਉਨ੍ਹਾਂ ਦੇ ਸੰਦਰਭ 'ਚ ਵੀ ਫਿਲਹਾਲ ਵੇਟ ਐਂਡ ਵਾਚ ਦੀ ਨੀਤੀ 'ਤੇ ਚਲਿਆ ਜਾ ਰਿਹਾ ਹੈ। ਇਹ ਹਾਲਾਤ ਕਾਂਗਰਸ ਲਈ ਢੁਕਵੇਂ ਹਨ। ਮੁੱਖ ਮੰਤਰੀ ਫਿਲਹਾਲ ਦੋ ਵਿਧਾਨ ਸਭਾ ਸੀਟਾਂ ਦੀਆਂ ਉਪ ਚੋਣਾਂ ਕਰਵਾਉਣ ਦੇ ਪੱਖ 'ਚ ਹਨ। ਇਸ ਲਈ ਆਮ ਆਦਮੀ ਪਾਰਟੀ ਦੇ ਦੋਵੇਂ ਵਿਧਾਇਕਾਂ ਨੂੰ ਫਿਲਹਾਲ ਵਿਧਾਇਕ ਅਹੁਦੇ 'ਤੇ ਹੀ ਬਿਰਾਜਮਾਨ ਰਹਿਣ ਦਿੱਤਾ ਜਾਵੇਗਾ। ਇਨ੍ਹਾਂ ਵਿਧਾਇਕਾਂ ਨੂੰ ਵੀ ਕੋਈ ਕਾਹਲੀ ਨਹੀਂ ਹੈ ਕਿਉਂਕਿ ਕਾਂਗਰਸ 'ਚ ਸ਼ਾਮਲ ਹੋਣ ਤੋਂ ਬਾਅਦ ਹੁਣ ਉਨ੍ਹਾਂ ਦੇ ਸਰਕਾਰੀ ਕੰਮ ਹੋ ਰਹੇ ਹਨ। ਇਸ ਲਈ ਦੋਵੇਂ ਵਿਧਾਇਕਾਂ ਨੂੰ ਆਪਣੇ ਅਸਤੀਫੇ ਸਵੀਕਾਰ ਕਰਵਾਉਣ ਦੀ ਵੀ ਕਾਹਲੀ ਨਹੀਂ ਹੈ।

cherry

This news is Content Editor cherry