ਸਰਹੱਦੀ ਪਿੰਡਾਂ ''ਤੇ ਹਰ ਵੇਲੇ ਘੁੰਮਦੇ ਨੇ ''ਮੌਤ ਦੇ ਬੱਦਲ''

01/03/2020 3:34:21 PM

ਜਲੰਧਰ (ਜੁਗਿੰਦਰ ਸੰਧੂ): ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਭਾਰਤੀ ਪਿੰਡਾਂ 'ਚ ਰਹਿਣ ਵਾਲੇ ਲੋਕਾਂ ਦੇ ਸਿਰ 'ਤੇ ਹਰ ਵੇਲੇ 'ਮੌਤ ਦੇ ਬੱਦਲ' ਮੰਡਰਾਉਂਦੇ ਰਹਿੰਦੇ ਹਨ। ਇਹ ਬੱਦਲ ਕਿਸ ਘੜੀ, ਕਿਸ ਪਿੰਡ ਦੇ ਕਿਸੇ ਵਿਅਕਤੀ ਦਾ ਕਾਲ ਬਣ ਜਾਣ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਆਪਣੇ ਖੇਤਾਂ 'ਚ ਕੰਮ ਕਰਦਾ ਕੋਈ ਕਿਸਾਨ ਜਾਂ ਆਪਣੇ ਹੀ ਘਰ 'ਚ ਚੁੱਲ੍ਹਾ-ਚੌਂਕਾ ਸੰਭਾਲ ਰਹੀ ਕੋਈ ਔਰਤ ਕਿਸੇ ਵੀ ਸਮੇਂ ਸਰਹੱਦ ਪਾਰ ਤੋਂ ਆਉਣ ਵਾਲੀ ਗੋਲੀ ਦਾ ਸ਼ਿਕਾਰ ਬਣ ਸਕਦੀ ਹੈ। ਸਰਹੱਦ ਤੋਂ 5-6 ਕਿਲੋਮੀਟਰ ਦੂਰ ਤੱਕ ਸਥਿਤ ਪਿੰਡ ਵੀ ਇਸ ਕਹਿਰ ਤੋਂ ਸੁਰੱਖਿਅਤ ਨਹੀਂ ਹਨ। ਜੰਮੂ-ਕਸ਼ਮੀਰ ਦੇ ਆਰ. ਐੱਸ. ਪੁਰਾ, ਅਰਨੀਆ, ਹੀਰਾ ਨਗਰ, ਸੁੰਦਰਬਨੀ, ਨੌਸ਼ਹਿਰਾ, ਰਾਜੌਰੀ, ਬਾਲਾਕੋਟ, ਮੇਂਢਰ, ਪੁੰਛ ਆਦਿ  ਦੇ ਸਰਹੱਦੀ ਇਲਾਕਿਆਂ 'ਚ ਘਰਾਂ ਦੀਆਂ ਕੰਧਾਂ ਅਤੇ ਛੱਤਾਂ ਤੋਂ ਪਾਕਿਸਤਾਨੀ ਕਹਿਰ ਦੇ ਨਿਸ਼ਾਨ ਪੜ੍ਹੇ ਜਾ ਸਕਦੇ ਹਨ।

ਪਿਛਲੇ ਦਿਨੀਂ ਪੰਜਾਬ ਕੇਸਰੀ ਦੀ ਰਾਹਤ ਟੀਮ ਦੇ ਮੈਂਬਰਾਂ ਨੂੰ ਗੋਲੀਬਾਰੀ ਦੇ ਇਸ ਕਹਿਰ ਬਾਰੇ ਸੁਣਨ ਅਤੇ ਸਮਝਣ ਦਾ ਮੌਕਾ ਉਦੋਂ ਮਿਲਿਆ, ਜਦੋਂ ਟੀਮ ਆਰ. ਐੱਸ. ਪੁਰਾ ਸੈਕਟਰ ਦੇ ਪਿੰਡ ਕਲੋਏਂ ਵਿਚ 542ਵੇਂ ਟਰੱਕ ਦੀ ਰਾਹਤ ਸਮੱਗਰੀ ਵੰਡਣ ਲਈ ਗਈ ਸੀ। ਇਹ ਪਿੰਡ ਸਰਹੱਦ ਤੋਂ 3-4 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਪਾਕਿਸਤਾਨੀ ਸੈਨਿਕਾਂ ਵੱਲੋਂ ਚਲਾਈਆਂ ਜਾਂਦੀਆਂ ਗੋਲੀਆਂ ਅਤੇ ਮੋਰਟਾਰ ਕਲੋਏਂ ਦੀਆਂ ਛੱਤਾਂ ਤੋਂ ਅੱਗੇ ਲੰਘ ਕੇ ਵੀ ਮੌਤ ਵਰ੍ਹਾਉਂਦੇ ਹਨ ਅਤੇ ਇਸ ਪਿੰਡ ਦੇ ਪਿੰਡੇ 'ਤੇ ਵੀ ਅਤੀਤ ਵਿਚ ਜ਼ਖ਼ਮ ਲੱਗ ਚੁੱਕੇ ਹਨ। ਪਿੰਡ ਦੇ ਬਾਹਰ ਇਕ ਦੁਕਾਨ ਗੋਲਾ ਡਿੱਗਣ ਨਾਲ ਤਬਾਹ ਹੋ ਗਈ ਸੀ ਅਤੇ ਇਸ ਵਿਚ ਘਰ ਦਾ ਇਕੋ-ਇਕ ਕਮਾਊ ਸ਼ਖ਼ਸ ਸ਼ਹੀਦ ਹੋ ਗਿਆ ਸੀ।

ਇਸ ਤਰ੍ਹਾਂ ਦੀਆਂ ਘਟਨਾਵਾਂ ਕਾਰਣ ਕਲੋਏਂ ਸਮੇਤ ਆਸਪਾਸ ਦੇ ਪਿੰਡਾਂ 'ਚ ਦਹਿਸ਼ਤ ਪੱਸਰੀ ਰਹਿੰਦੀ ਹੈ। ਇਨ੍ਹਾਂ ਪਿੰਡਾਂ ਨਾਲ ਸਬੰਧਤ ਹੀ 300 ਦੇ ਕਰੀਬ ਪ੍ਰਭਾਵਿਤ ਪਰਿਵਾਰਾਂ ਨੂੰ ਉਸ ਦਿਨ ਆਟਾ, ਚਾਵਲ ਅਤੇ ਘਰੇਲੂ ਵਰਤੋਂ ਦੀ ਸਮੱਗਰੀ ਵੰਡੀ ਗਈ ਸੀ। ਇਹ ਸਮੱਗਰੀ ਸੇਵਾ ਸਮਿਤੀ ਚੈਰੀਟੇਬਲ ਸੋਸਾਇਟੀ (ਰਜਿ.) ਰੋਪੜ ਵੱਲੋਂ ਉਥੋਂ ਦੀਆਂ ਵੱਖ-ਵੱਖ ਸੰਸਥਾਵਾਂ ਵੱਲੋਂ ਭਿਜਵਾਈ ਗਈ ਸੀ।
ਪਿੰਡ ਕਲੋਏਂ ਵਿਚ ਰਾਹਤ ਸਮੱਗਰੀ ਲੈਣ ਲਈ ਜੁੜੇ ਪ੍ਰਭਾਵਿਤ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਜੰਮੂ-ਕਸ਼ਮੀਰ ਦੇ ਸਾਬਕਾ ਮੰਤਰੀ ਸ਼ਾਮ ਲਾਲ ਜੀ ਨੇ ਕਿਹਾ ਕਿ ਗੋਲੀਬਾਰੀ ਦੀ ਮਾਰ ਸਹਿਣ ਕਰ ਰਹੇ ਪਰਿਵਾਰਾਂ ਅਤੇ ਅੱਤਵਾਦ ਪੀੜਤਾਂ ਲਈ ਸੈਂਕੜੇ ਟਰੱਕ ਰਾਹਤ ਸਮੱਗਰੀ ਭਿਜਵਾ ਕੇ ਪੰਜਾਬ ਕੇਸਰੀ ਪਰਿਵਾਰ ਨੇ ਸੇਵਾ ਦੇ ਖੇਤਰ ਵਿਚ ਇਕ ਇਤਿਹਾਸ ਸਿਰਜਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਦੀ ਸਹਾਇਤਾ ਕਰਨ ਅਤੇ ਦਾਨ ਦੇਣ ਲਈ ਵੀ ਵੱਡੇ ਹੌਸਲੇ, ਹਿੰਮਤ ਅਤੇ ਇੱਛਾ ਸ਼ਕਤੀ ਦੀ ਲੋੜ ਹੁੰਦੀ ਹੈ ਪਰ ਦਾਨ ਦੇਣ ਨਾਲ ਧਨ ਘਟਦਾ ਨਹੀਂ, ਸਗੋਂ ਉਸ ਵਿਚ ਵਾਧਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸੇਵਾ ਦਾ ਮਾਰਗ ਸਭ ਤੋਂ ਉੱਤਮ ਮਾਰਗ ਹੈ। ਲੋੜਵੰਦਾਂ ਦੀ ਸੇਵਾ ਕਰ ਕੇ ਹੀ ਅਸੀਂ ਪ੍ਰਭੂ ਦੀ ਕਿਰਪਾ ਦੇ ਪਾਤਰ ਬਣ ਸਕਦੇ ਹਾਂ।

ਸਾਬਕਾ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਦੀਆਂ ਘਟੀਆ ਸਾਜ਼ਿਸ਼ਾਂ ਕਾਰਣ ਅੱਜ ਸਰਹੱਦੀ ਲੋਕ ਕਸ਼ਟ ਸਹਿਣ ਕਰ ਰਹੇ ਹਨ। ਭਾਰਤ ਨੂੰ ਸੁਰੱਖਿਆ ਪ੍ਰਬੰਧਾਂ ਅਤੇ ਪਾਕਿਸਤਾਨੀ ਹਰਕਤਾਂ ਦਾ ਜੁਆਬ ਦੇਣ ਲਈ ਜੋ ਖਰਚ ਕਰਨਾ ਪੈ ਰਿਹਾ ਹੈ, ਉਸ ਨਾਲ ਦੇਸ਼ ਦਾ ਵਿਕਾਸ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਜਦੋਂ ਤਕ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦਾ, ਉਦੋਂ ਤਕ ਸਰਹੱਦੀ ਪਰਿਵਾਰਾਂ ਲਈ ਹਾਲਾਤ ਮੁਸ਼ਕਿਲ ਭਰੇ ਬਣੇ ਰਹਿਣਗੇ। ਉਨ੍ਹਾਂ ਕਿਹਾ ਕਿ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਸਾਨੂੰ ਵਧ-ਚੜ੍ਹ ਕੇ  ਕੰਮ ਕਰਨਾ ਚਾਹੀਦਾ ਹੈ।

ਖ਼ਤਰੇ ਦਾ ਸਾਹਮਣਾ ਕਰਨਾ ਦਲੇਰੀ ਦਾ ਕੰਮ ਹੈ : ਵਰਿੰਦਰ ਸ਼ਰਮਾ
ਰਾਹਤ ਟੀਮ ਦੇ ਮੁਖੀ ਯੋਗ ਗੁਰੂ ਸ਼੍ਰੀ ਵਰਿੰਦਰ ਸ਼ਰਮਾ ਨੇ ਕਿਹਾ ਕਿ ਸਰਹੱਦੀ ਪਰਿਵਾਰ ਜਿਸ ਤਰ੍ਹਾਂ ਹਰ ਵੇਲੇ ਖ਼ਤਰੇ ਦਾ ਸਾਹਮਣਾ ਕਰਦੇ ਹਨ, ਇਹ ਇਕ ਵੱਡੀ ਦਲੇਰੀ ਦਾ ਕੰਮ ਹੈ। ਆਮ ਇਲਾਕਿਆਂ ਵਿਚ ਕਿਤੇ ਇਕ ਵੀ ਗੋਲੀ ਚੱਲ ਜਾਵੇ ਤਾਂ ਲੋਕਾਂ 'ਚ ਭਾਜੜ ਪੈ ਜਾਂਦੀ ਹੈ ਪਰ ਸਰਹੱਦੀ ਪਿੰਡਾਂ 'ਚ ਰਹਿਣ ਵਾਲਿਆਂ ਨੂੰ ਦਿਨ-ਰਾਤ ਗੋਲੀਬਾਰੀ ਦੇ ਮਾਹੌਲ 'ਚ ਸਮਾਂ ਗੁਜ਼ਾਰਨਾ ਪੈਂਦਾ ਹੈ। ਇਹ ਲੋਕ ਆਪਣੇ ਕੰਮ-ਧੰਦਿਆਂ ਦਾ ਨੁਕਸਾਨ ਵੀ ਬਰਦਾਸ਼ਤ ਕਰਦੇ ਹਨ ਅਤੇ ਸਰੀਰਕ ਖ਼ਤਰਾ ਵੀ ਸਹਿਣ ਕਰਦੇ ਹਨ। ਉਨ੍ਹਾਂ ਕਿਹਾ ਕਿ ਸਰਹੱਦੀ ਪਰਿਵਾਰ ਬਿਨਾਂ ਤਨਖਾਹ ਤੋਂ ਦੁਸ਼ਮਣ ਦੇ ਸਾਹਮਣੇ ਸੀਨਾ ਤਾਣ ਕੇ ਡਟੇ ਰਹਿੰਦੇ ਹਨ, ਜਿਸ ਦਾ ਮੁੱਲ ਦੇਸ਼ਵਾਸੀ ਕਦੇ ਨਹੀਂ ਤਾਰ ਸਕਦੇ।

ਸ਼੍ਰੀ ਸ਼ਰਮਾ ਨੇ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ਨੂੰ ਸੁਰੱਖਿਅਤ ਰੱਖਣ ਵਿਚ ਜਿੱਥੇ ਸੁਰੱਖਿਆ ਫੋਰਸਾਂ ਦੀ ਵੱਡੀ ਜ਼ਿੰਮੇਵਾਰੀ ਹੈ, ਉਥੇ ਆਮ ਲੋਕਾਂ ਦਾ ਯੋਗਦਾਨ ਵੀ ਘੱਟ ਨਹੀਂ ਹੈ। ਜੇ ਸਰਹੱਦ ਰਸਤੇ ਹਥਿਆਰਾਂ ਦੀ ਸਮੱਗਲਿੰਗ ਹੁੰਦੀ ਹੈ ਜਾਂ ਅੱਤਵਾਦੀ ਘੁਸਪੈਠ ਕਰਦੇ ਹਨ ਤਾਂ ਸਭ ਤੋਂ ਪਹਿਲਾਂ ਇਥੇ ਰਹਿਣ ਵਾਲੇ ਲੋਕ ਹੀ ਸੁਰੱਖਿਆ ਫੋਰਸਾਂ ਨੂੰ ਉਸ ਦੀ ਸੂਚਨਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਪਰਮਾਤਮਾ ਅੱਗੇ ਦੁਆ ਕਰਦੇ ਹਾਂ ਕਿ ਨਵਾਂ ਸਾਲ 2020 ਸਰਹੱਦੀ ਪਰਿਵਾਰਾਂ ਲਈ ਸੁੱਖ-ਸ਼ਾਂਤੀ ਲੈ ਕੇ ਆਵੇ ਤਾਂ ਜੋ ਉਹ ਆਮ ਵਾਂਗ ਜੀਵਨ ਬਸਰ ਕਰ ਸਕਣ। ਸ਼੍ਰੀ ਸ਼ਰਮਾ ਨੇ ਪ੍ਰਭਾਵਿਤ ਪਰਿਵਾਰਾਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਕੇਸਰੀ ਪੱਤਰ ਸਮੂਹ ਹਰ ਦੁੱਖ-ਸੁੱਖ 'ਚ ਉਨ੍ਹਾਂ ਦੇ ਨਾਲ ਖੜ੍ਹਾ ਰਹੇਗਾ।

ਪਿੰਡ ਦੇ ਸਰਪੰਚ ਉਂਕਾਰ ਸਿੰਘ ਨੇ ਰਾਹਤ ਸਮੱਗਰੀ ਭਿਜਵਾਉਣ ਲਈ ਪੰਜਾਬ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਹੱਦੀ ਲੋਕ ਦੇਸ਼ ਦੀ ਵੰਡ ਵੇਲੇ ਤੋਂ ਹੀ ਮੁਸ਼ਕਲਾਂ ਵਾਲਾ ਜੀਵਨ ਗੁਜ਼ਾਰ ਰਹੇ ਹਨ। ਇਥੇ ਹਰ ਘੜੀ ਕੋਈ ਨਾ ਕੋਈ ਮੁਸੀਬਤ ਖੜ੍ਹੀ ਰਹਿੰਦੀ ਹੈ ਅਤੇ ਬਹੁਤੀ ਵਾਰ ਲੋਕਾਂ ਨੂੰ ਖ਼ੁਦ ਹੀ ਉਸ ਦਾ ਸਾਹਮਣਾ ਕਰਨਾ ਪੈਂਦਾ ਹੈ।

ਪੰਜਾਬ ਕੇਸਰੀ ਪਰਿਵਾਰ ਨੇ ਫੜੀ ਪੀੜਤਾਂ ਦੀ ਬਾਂਹ : ਸਰਬਜੀਤ ਸਿੰਘ ਜੌਹਲ
ਪਿੰਡ ਰਾਮਗੜ੍ਹ (ਜੰਮੂ) ਨਾਲ ਸਬੰਧਤ ਭਾਜਪਾ ਆਗੂ ਸ਼੍ਰੀ ਸਰਬਜੀਤ ਸਿੰਘ ਜੌਹਲ ਨੇ ਕਿਹਾ ਕਿ ਦੇਸ਼ ਵਿਚ ਪੰਜਾਬ ਕੇਸਰੀ ਪੱਤਰ ਸਮੂਹ ਹੀ ਅਜਿਹਾ ਅਦਾਰਾ ਹੈ, ਜਿਸ ਨੇ ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਦੀ ਬਾਂਹ ਫੜੀ ਅਤੇ ਉਨ੍ਹਾਂ ਨੂੰ ਕਰੋੜਾਂ ਰੁਪਏ ਦੀ ਰਾਹਤ ਸਮੱਗਰੀ ਭਿਜਵਾਈ। ਪੰਜਾਬ ਦੀ ਹੱਦ ਤੋਂ ਲੈ ਕੇ ਕਸ਼ਮੀਰ ਘਾਟੀ ਦੇ ਅਨੰਤਨਾਗ, ਗਾਂਧਰਬਲ ਤਕ ਕੋਈ ਇਲਾਕਾ ਨਹੀਂ, ਜਿਹੜਾ ਪੰਜਾਬ ਕੇਸਰੀ ਦੀ ਰਾਹਤ ਮੁਹਿੰਮ ਦੇ ਸਹਿਯੋਗ ਤੋਂ ਵਾਂਝਾ ਹੋਵੇ। ਸਭ ਖੇਤਰਾਂ ਦੇ ਪੀੜਤ ਪਰਿਵਾਰਾਂ ਨੂੰ ਸਿਰਫ ਇਸ ਮੁਹਿੰਮ ਦਾ ਨਾਂ ਹੀ ਯਾਦ ਹੈ, ਕਿਉਂਕਿ ਹੋਰ ਕੋਈ ਵੀ ਸੰਸਥਾ ਉਨ੍ਹਾਂ ਦਾ ਦੁੱਖ-ਦਰਦ ਵੰਡਾਉਣ ਲਈ ਅੱਗੇ ਨਹੀਂ ਆਈ।

ਸ. ਜੌਹਲ ਨੇ ਕਿਹਾ ਕਿ ਪੰਜਾਬ ਦੇ ਦਾਨਵੀਰਾਂ ਦਾ ਦੁਨੀਆ 'ਚ ਨਾਂ ਹੈ ਅਤੇ ਉਹ ਹਰ ਲੋੜਵੰਦ ਦੀ ਮਦਦ ਲਈ ਅੱਗੇ ਬਹੁੜਦੇ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਜਿਹੜੇ ਹਾਲਾਤ ਬਣੇ ਹੋਏ ਹਨ, ਉਥੇ ਇਕ ਪਾਸੇ ਪਾਕਿਸਤਾਨ ਦੀਆਂ ਸ਼ਰਾਰਤਾਂ ਦਾ ਢੁੱਕਵਾਂ ਜੁਆਬ ਦੇਣ ਦੀ ਲੋੜ ਹੈ, ਜਦੋਂਕਿ ਪੀੜਤ ਪਰਿਵਾਰਾਂ ਦੀ ਸਹਾਇਤਾ ਲਈ ਵੀ ਅੱਗੇ ਵਧ ਕੇ ਕੰਮ ਕਰਨਾ ਚਾਹੀਦਾ ਹੈ।
ਚੇਅਰਮੈਨ ਸਤਪਾਲ ਪੱਪੀ ਨੇ ਕਿਹਾ ਕਿ ਪਾਕਿਸਤਾਨ ਬੁਜ਼ਦਿਲਾਂ ਵਾਲਾ ਰਵੱਈਆ ਅਪਣਾ ਕੇ ਨਿਹੱਥੇ ਅਤੇ ਬੇਦੋਸ਼ੇ ਲੋਕਾਂ 'ਤੇ ਫਾਇਰਿੰਗ ਕਰਦਾ ਰਹਿੰਦਾ ਹੈ। ਉਸ ਵਿਚ ਭਾਰਤੀ ਫੌਜ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਹੈ, ਇਸ ਲਈ ਉਹ ਅੱਤਵਾਦ ਅਤੇ ਗੋਲੀਬਾਰੀ ਵਰਗੇ ਹੱਥਕੰਡੇ ਅਪਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਲੋਕ ਵੀ ਸੁਰੱਖਿਆ ਬਲਾਂ ਵਾਂਗ ਹੀ ਬਹਾਦਰ ਹਨ, ਜਿਹੜੇ ਪਾਕਿਸਤਾਨ ਦੀ ਹਰ ਚੁਣੌਤੀ ਦਾ ਸਾਹਮਣਾ ਕਰ ਰਹੇ ਹਨ।

ਬਲਾਕ ਸੰਮਤੀ ਦੇ ਚੇਅਰਮੈਨ ਸ਼੍ਰੀ ਗਿਰਧਾਰੀ ਲਾਲ ਨੇ ਵੀ ਇਸ ਮੌਕੇ ਸੰਬੋਧਨ ਕੀਤਾ ਅਤੇ ਰਾਹਤ ਸਮੱਗਰੀ ਭਿਜਵਾਉਣ ਲਈ ਪੰਜਾਬ ਵਾਸੀਆਂ ਦਾ ਧੰਨਵਾਦ ਕੀਤਾ। ਰਾਹਤ ਵੰਡ ਆਯੋਜਨ ਮੌਕੇ ਆਲ ਜੰਮੂ-ਕਸ਼ਮੀਰ ਲੁਬਾਣਾ ਸਮਾਜ ਸੁਧਾਰ ਸਭਾ ਦੇ ਪ੍ਰਧਾਨ ਸ਼੍ਰੀ ਜਗਜੀਤ ਸਿੰਘ ਜੱਗਾ, ਆਰ. ਐੱਸ. ਪੁਰਾ ਤੋਂ ਪੰਜਾਬ ਕੇਸਰੀ ਦੇ ਪ੍ਰਤੀਨਿਧੀ ਮੁਕੇਸ਼ ਰੈਣਾ, ਸਵਤੰਤਰ ਸਿੰਘ, ਪਦਮ ਦੇਵ ਰੈਣਾ ਅਤੇ ਹੋਰ ਸ਼ਖ਼ਸੀਅਤਾਂ ਮੌਜੂਦ ਸਨ। ਰਾਹਤ ਸਮੱਗਰੀ ਲੈਣ ਵਾਲੇ ਪਰਿਵਾਰਾਂ ਦੇ ਮੈਂਬਰ ਕਲੋਏਂ ਤੋਂ ਇਲਾਵਾ ਮੋਟੇਂ, ਫਲੋਰਾ, ਕੰਗ, ਡਹਿਰਾ, ਸੰਧੇਂ ਆਦਿ ਪਿੰਡਾਂ ਨਾਲ ਸਬੰਧਤ ਸਨ।

Shyna

This news is Content Editor Shyna