ਜੰਗ ਦਾ ਨਾਂ ਸੁਣ ਕੇ ਕੰਬ ਜਾਂਦੈ ਸਰਹੱਦੀ ਲੋਕਾਂ ਦਾ ਦਿਲ

04/17/2019 3:48:53 PM

ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)—ਪਾਕਿਸਤਾਨ ਨਾਲ ਲੱਗਦੀ ਸਰਹੱਦ ਕੰਢੇ ਵੱਸੇ ਪਿੰਡਾਂ 'ਚ ਰਹਿਣ ਵਾਲੇ ਭਾਰਤੀਆਂ ਦੀ ਇਹ ਤ੍ਰਾਸਦੀ ਰਹੀ ਹੈ ਕਿ ਉਹ ਕਦੇ ਵੀ ਸੁੱਖ-ਸ਼ਾਂਤੀ ਨਾਲ ਜੀਵਨ ਨਹੀਂ ਗੁਜ਼ਾਰ ਸਕੇ। ਜਦੋਂ ਵੀ ਦੋਹਾਂ ਦੇਸ਼ਾਂ ਦਰਮਿਆਨ ਤਣਾਅ ਵਧਦਾ ਹੈ ਤਾਂ ਸਰਹੱਦੀ ਲੋਕਾਂ ਦੇ ਸਾਹ ਸੁੱਕਣੇ ਸ਼ੁਰੂ ਹੋ ਜਾਂਦੇ ਹਨ। ਉਨ੍ਹਾਂ ਨੂੰ ਜਿੱਥੇ ਆਪਣੇ ਕੰਮ-ਕਾਰ ਪ੍ਰਭਾਵਿਤ ਹੋਣ ਦਾ ਡਰ ਸਤਾਉਣ ਲੱਗਦਾ ਹੈ, ਉਥੇ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਜਾਨਾਂ ਬਚਾਉਣ ਦੀ ਚਿੰਤਾ ਵੀ ਬਣ ਜਾਂਦੀ ਹੈ। 

ਬੀਤੇ ਫਰਵਰੀ ਮਹੀਨੇ ਦੌਰਾਨ ਜਦੋਂ ਪੁਲਵਾਮਾ ਵਿਚ ਸੁਰੱਖਿਆ ਫੋਰਸਾਂ 'ਤੇ ਅੱਤਵਾਦੀ ਹਮਲਾ ਹੋਇਆ ਸੀ ਤਾਂ ਦੋਹਾਂ ਦੇਸ਼ਾਂ ਵਿਚਾਲੇ ਜੰਗ ਵਰਗੇ ਹਾਲਾਤ ਬਣਨ ਲੱਗੇ ਸਨ। ਇਸ ਕਾਰਨ ਹੋਰ ਖੇਤਰਾਂ ਦੇ ਨਾਲ-ਨਾਲ ਜੰਮੂ ਖੇਤਰ ਦੇ ਸੁਚੇਤਗੜ੍ਹ ਅਤੇ ਆਸ-ਪਾਸ ਵੱਸਦੇ ਸਰਹੱਦੀ ਪਿੰਡਾਂ 'ਤੇ ਵੀ ਸੰਕਟ ਦੇ ਬੱਦਲ ਮੰਡਰਾਉਣ ਲੱਗੇ ਸਨ। ਇਨ੍ਹਾਂ ਵਿਚੋਂ ਕੁਝ ਪਿੰਡ ਅਜਿਹੇ ਹਨ, ਜਿਹੜੇ ਬਿਲਕੁਲ ਜ਼ੀਰੋ ਲਾਈਨ ਦੇ ਨਾਲ ਸਥਿਤ ਹਨ। ਉਥੇ ਰਹਿਣ ਵਾਲੇ ਲੋਕਾਂ ਦੀ ਮਾਨਸਿਕ ਹਾਲਤ ਅਜਿਹੀ ਹੋ ਚੁੱਕੀ ਹੈ ਕਿ 'ਜੰਗ' ਦਾ ਨਾਂ ਸੁਣ ਕੇ ਹੀ ਉਨ੍ਹਾਂ ਦਾ ਦਿਲ ਕੰਬਣ ਲੱਗਦਾ ਹੈ।

ਇਨ੍ਹਾਂ ਪਿੰਡਾਂ ਦੇ ਸੈਂਕੜੇ ਪਰਿਵਾਰ 1947 ਤੋਂ ਬਾਅਦ ਕਈ ਵਾਰ ਅਜਿਹੀ ਸਥਿਤੀ ਨੂੰ ਹੰਢਾ ਚੁੱਕੇ ਹਨ, ਜਦੋਂ ਉਨ੍ਹਾਂ ਨੂੰ ਆਪਣੇ ਘਰ-ਘਾਟ ਛੱਡ ਕੇ ਜਾਨਾਂ ਬਚਾਉਣ ਲਈ ਸੁਰੱਖਿਅਤ ਟਿਕਾਣਿਆਂ ਵੱਲ ਦੌੜਨਾ ਪਿਆ।
ਜੰਗ ਵਰਗੇ ਹਾਲਾਤ ਨਾ ਹੋਣ 'ਤੇ ਵੀ ਇਨ੍ਹਾਂ ਸਰਹੱਦੀ ਪਰਿਵਾਰਾਂ ਦੇ ਸਿਰ 'ਤੇ ਪਾਕਿਸਤਾਨ ਵਲੋਂ ਕੀਤੀ ਜਾਂਦੀ ਗੋਲੀਬਾਰੀ ਦਾ ਖਤਰਾ ਹਰ ਵੇਲੇ ਮੰਡਰਾਉਂਦਾ ਰਹਿੰਦਾ ਹੈ। ਨਈ ਬਸਤੀ ਗੁਲਾਬਗੜ੍ਹ, ਕੋਰੋਟਾਣਾ, ਸੁਚੇਤਗੜ੍ਹ ਆਦਿ ਪਿੰਡਾਂ 'ਤੇ ਅਕਸਰ ਮੋਰਟਾਰ ਡਿੱਗਦੇ ਰਹਿੰਦੇ ਹਨ ਅਤੇ ਲੋਕਾਂ ਨੂੰ ਵਾਰ-ਵਾਰ ਗੋਲੀਬਾਰੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਇਨ੍ਹਾਂ ਪਿੰਡਾਂ ਦੇ ਪ੍ਰਭਾਵਿਤ ਪਰਿਵਾਰਾਂ ਦਰਮਿਆਨ ਹੀ ਪੰਜਾਬ ਕੇਸਰੀ ਪੱਤਰ ਸਮੂਹ ਦੀ ਰਾਹਤ ਮੁਹਿੰਮ ਅਧੀਨ ਪਿਛਲੇ ਦਿਨੀਂ 506ਵੇਂ ਟਰੱਕ ਦੀ ਰਾਹਤ ਸਮੱਗਰੀ ਵੰਡੀ ਗਈ ਸੀ। 

ਸੁਚੇਤਗੜ੍ਹ ਵਿਚ ਵੱਖ-ਵੱਖ ਪਿੰਡਾਂ ਤੋਂ ਇਕੱਠੇ ਹੋਏ 300 ਦੇ ਕਰੀਬ ਪਰਿਵਾਰਾਂ ਨੂੰ ਵੰਡੀ ਗਈ ਇਹ ਸਮੱਗਰੀ ਸ਼੍ਰੀ ਰਾਧਾ ਕ੍ਰਿਸ਼ਨ ਜਨ ਸੇਵਾ ਸਮਿਤੀ (ਰਜਿ.) ਪਟਿਆਲਾ ਵਲੋਂ ਭਿਜਵਾਈ ਗਈ ਸੀ। ਸਭ ਪਰਿਵਾਰਾਂ ਨੂੰ ਆਟਾ, ਚਾਵਲ ਅਤੇ ਰਸੋਈ ਦੀ ਵਰਤੋਂ ਦਾ ਹੋਰ ਸਾਮਾਨ ਮੁਹੱਈਆ ਕਰਵਾਇਆ ਗਿਆ।

ਇਸ ਮੌਕੇ 'ਤੇ ਸੰਬੋਧਨ ਕਰਦਿਆਂ ਪਟਿਆਲਾ ਦੀ ਸਮਾਜ ਸੇਵਿਕਾ ਸ਼੍ਰੀਮਤੀ ਸਤਿੰਦਰ ਪਾਲ ਕੌਰ ਵਾਲੀਆ ਨੇ ਕਿਹਾ ਕਿ ਸਰਹੱਦ ਦੇ ਆਰ-ਪਾਰ ਜਦੋਂ ਵੀ ਹਾਲਾਤ ਵਿਗੜਦੇ ਹਨ ਅਤੇ ਗੋਲੀ ਚੱਲਦੀ ਹੈ ਤਾਂ ਦੋਹੀਂ ਪਾਸੀਂ ਮਾਵਾਂ ਦੇ ਪੁੱਤਰ ਮਰਦੇ ਹਨ। ਜੰਗਾਂ ਦਾ ਸੰਤਾਪ ਵੀ ਮਾਵਾਂ-ਭੈਣਾਂ ਹੰਢਾਉਂਦੀਆਂ ਹਨ ਅਤੇ ਪਾਕਿਸਤਾਨੀ ਸੈਨਿਕਾਂ ਵਲੋਂ ਭਾਰਤੀ ਇਲਾਕਿਆਂ 'ਤੇ ਕੀਤੀ ਜਾਂਦੀ ਫਾਇਰਿੰਗ ਨਾਲ ਵੀ ਔਰਤਾਂ ਹੀ ਸਭ ਤੋਂ ਵੱਧ ਪ੍ਰਭਾਵਿਤ ਹੁੰਦੀਆਂ ਹਨ। 
ਸ਼੍ਰੀਮਤੀ ਵਾਲੀਆ ਨੇ ਕਿਹਾ ਕਿ ਅਜਿਹੀਆਂ ਪੀੜਤ ਔਰਤਾਂ ਅਤੇ ਪਰਿਵਾਰਾਂ ਦਾ ਦੁੱਖ-ਦਰਦ ਵੰਡਾਉਣ ਲਈ ਹੀ ਪੰਜਾਬ ਕੇਸਰੀ ਦੇ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਪਿਛਲੇ 20 ਸਾਲਾਂ ਤੋਂ ਰਾਹਤ ਮੁਹਿੰਮ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਇਸ ਮੁਹਿੰਮ ਵਿਚ ਵਧ-ਚੜ੍ਹ ਕੇ ਯੋਗਦਾਨ ਪਾਈਏ ਅਤੇ ਲੋੜਵੰਦਾਂ ਦਾ ਸਹਾਰਾ ਬਣੀਏ।

ਮੌਤ ਦੇ ਸਾਏ ਹੇਠ ਰਹਿੰਦੇ ਨੇ ਲੋਕ–ਵਰਿੰਦਰ ਸ਼ਰਮਾ
ਪੰਜਾਬ ਕੇਸਰੀ ਦੀ ਰਾਹਤ ਵੰਡ ਟੀਮ ਦੇ ਮੁਖੀ ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ ਨੇ ਪ੍ਰਭਾਵਿਤ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਹੱਦੀ ਪਿੰਡਾਂ ਦੇ ਲੋਕ ਹਰ ਵੇਲੇ ਮੌਤ ਦੇ ਸਾਏ ਹੇਠ ਰਹਿਣ ਲਈ ਮਜਬੂਰ ਹਨ। ਇਹ ਲੋਕ ਕਦੇ ਵੀ ਆਮ ਵਰਗਾ ਜੀਵਨ ਨਹੀਂ ਹੰਢਾ ਸਕਦੇ ਅਤੇ ਨਾ ਹੀ ਆਮ ਵਾਂਗ ਆਪਣੇ ਕੰਮ-ਧੰਦੇ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰਾਂ ਦੇ ਹਾਲਾਤ ਇੰਨੇ ਖਰਾਬ ਰਹਿੰਦੇ ਹਨ ਕਿ ਇਸ ਦਾ ਅਸਰ ਸਿਰਫ ਵਰਤਮਾਨ ਪੀੜ੍ਹੀ 'ਤੇ ਹੀ ਨਹੀਂ, ਸਗੋਂ ਆਉਣ ਵਾਲੀਆਂ ਪੀੜ੍ਹੀਆਂ 'ਤੇ ਵੀ ਪੈਂਦਾ ਹੈ। 

ਸ਼੍ਰੀ ਸ਼ਰਮਾ ਨੇ ਕਿਹਾ ਕਿ ਸਰਹੱਦੀ ਪਿੰਡਾਂ ਦੇ ਬੱਚੇ ਹੋਰ ਥਾਵਾਂ ਦੇ ਬੱਚਿਆਂ ਵਾਂਗ ਪੜ੍ਹਾਈ, ਸਿਖਲਾਈ ਨਹੀਂ ਕਰ ਸਕਦੇ। ਇਥੋਂ ਤਕ ਕਿ ਉਹ ਆਮ ਵਾਂਗ ਖੇਡਣ ਵੀ ਨਹੀਂ ਜਾ ਸਕਦੇ। ਅਜਿਹੇ ਹਾਲਾਤ ਦਾ ਬੱਚਿਆਂ ਦੀ ਮਾਨਸਿਕਤਾ 'ਤੇ ਵੀ ਮਾੜਾ ਅਸਰ ਪੈਂਦਾ ਹੈ। ਸ਼੍ਰੀ ਸ਼ਰਮਾ ਨੇ ਕਿਹਾ ਕਿ ਇਸ ਦੇ ਬਾਵਜੂਦ ਸਰਹੱਦੀ ਲੋਕ ਬੜੀ ਬਹਾਦਰੀ ਨਾਲ ਦੁਸ਼ਮਣ ਦੀਆਂ ਕਾਰਵਾਈਆਂ ਦਾ ਸਾਹਮਣਾ ਕਰਦੇ ਹਨ। 
ਇਲਾਕੇ ਦੇ ਸਮਾਜ ਸੇਵੀ ਸ. ਸਰਬਜੀਤ ਸਿੰਘ ਜੌਹਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਹੱਦੀ ਲੋਕਾਂ ਨੂੰ ਨਾ ਸਿਰਫ ਪਾਕਿਸਤਾਨ ਵਲੋਂ ਖਤਰੇ ਦਾ ਸਾਹਮਣਾ ਕਰਨਾ ਪੈਂਦਾ ਹੈ, ਸਗੋਂ ਬੁਨਿਆਦੀ ਸਹੂਲਤਾਂ ਤੋਂ ਵੀ ਵਾਂਝੇ ਰਹਿਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਤਕ ਸਰਕਾਰ ਦੀਆਂ ਸਭ ਸਹੂਲਤਾਂ ਨਹੀਂ ਪਹੁੰਚਦੀਆਂ, ਜਦੋਂਕਿ ਸਰਹੱਦਾਂ ਦੇ ਇਨ੍ਹਾਂ ਰਾਖਿਆਂ ਲਈ ਤਾਂ ਵਿਸ਼ੇਸ਼ ਕਦਮ ਚੁੱਕੇ ਜਾਣੇ ਚਾਹੀਦੇ ਹਨ। 

ਕਿਸਾਨਾਂ ਦੀ ਹਾਲਤ ਤਰਸਯੋਗ–ਤਰੁਣਜੀਤ ਟੋਨੀ
ਰਾਹਤ ਵੰਡ ਆਯੋਜਨ ਦੀ ਦੇਖ-ਰੇਖ ਕਰ ਰਹੇ ਸਮਾਜ ਸੇਵੀ ਸ. ਤਰੁਣਜੀਤ ਸਿੰਘ ਟੋਨੀ ਨੇ ਕਿਹਾ ਕਿ ਇਨ੍ਹਾਂ ਪਿੰਡਾਂ ਦੇ ਕਿਸਾਨਾਂ ਦੀ ਹਾਲਤ ਬੇਹੱਦ ਤਰਸਯੋਗ ਹੈ। ਕਈ ਵਾਰ ਤਾਂ ਉਨ੍ਹਾਂ ਦੀਆਂ ਪੱਕੀਆਂ ਫਸਲਾਂ ਵੀ ਹਾਲਾਤ ਵਿਗੜਨ ਕਾਰਨ ਬਰਬਾਦ ਹੋ ਜਾਂਦੀਆਂ ਹਨ। ਜਦੋਂ ਸਰਹੱਦ 'ਤੇ ਤਣਾਅ ਹੁੰਦਾ ਹੈ ਤਾਂ ਕਿਸਾਨਾਂ ਨੂੰ ਤਾਰ-ਵਾੜ ਦੇ ਅੰਦਰਲੇ ਖੇਤਾਂ 'ਚ ਆਉਣ-ਜਾਣ ਦੀ ਵੀ ਮਨਾਹੀ ਹੁੰਦੀ ਹੈ, ਜਿਸ ਕਾਰਨ ਉਨ੍ਹਾਂ ਦਾ ਨੁਕਸਾਨ ਹੋ ਜਾਂਦਾ ਹੈ। 
ਸ਼੍ਰੀ ਟੋਨੀ ਨੇ ਕਿਹਾ ਕਿ ਸਰਹੱਦੀ ਖੇਤਾਂ ਦੀਆਂ ਫਸਲਾਂ ਬਾਰਿਸ਼ 'ਤੇ ਹੀ ਨਿਰਭਰ ਹੁੰਦੀਆਂ ਹਨ। ਕਦੀ ਪਾਣੀ ਦੀ ਘਾਟ ਕਾਰਨ ਫਸਲਾਂ ਸੁੱਕ ਜਾਂਦੀਆਂ ਹਨ ਅਤੇ ਕਦੇ ਜ਼ਿਆਦਾ ਬਰਸਾਤ ਕਾਰਨ ਡੁੱਬ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਰਹੱਦੀ ਪਿੰਡਾਂ ਦੇ ਕਿਸਾਨਾਂ ਲਈ ਵਿਸ਼ੇਸ਼ ਸਹੂਲਤਾਂ ਦਾ ਐਲਾਨ ਕਰਨਾ ਚਾਹੀਦਾ ਹੈ। 

ਇਸ ਮੌਕੇ 'ਤੇ ਨਈ ਬਸਤੀ ਗੁਲਾਬਗੜ੍ਹ ਦੇ ਨੰਬਰਦਾਰ ਸਰਵਣ ਕੁਮਾਰ ਨੇ ਦੱਸਿਆ ਕਿ ਪਿੰਡਾਂ ਵਾਲਿਆਂ 'ਚ ਹਮੇਸ਼ਾ ਪਾਕਿਸਤਾਨੀ ਗੋਲੀਬਾਰੀ ਦਾ ਖੌਫ਼ ਰਹਿੰਦਾ ਹੈ ਕਿਉਂਕਿ ਸਾਡੇ ਘਰ ਉਨ੍ਹਾਂ ਦੀਆਂ ਬੰਦੂਕਾਂ ਦੇ ਸਾਹਮਣੇ ਹਨ। ਉਨ੍ਹਾਂ ਦੱਸਿਆ ਕਿ ਇਕ ਵਾਰ ਰਾਤ ਸਮੇਂ ਪਿੰਡ ਕੋਰੋਟਾਣਾ 'ਚ ਇਕ ਘਰ 'ਤੇ ਮੋਰਟਾਰ ਡਿੱਗਾ, ਜਿਸ ਨਾਲ ਇਕ ਲੜਕੇ ਦੀ ਮੌਤ ਹੋ ਗਈ, ਜਦੋਂਕਿ ਉਸ ਦਾ ਬਾਪ ਨਾਲ ਦੇ ਕਮਰੇ 'ਚ ਸੁੱਤਾ ਪਿਆ ਸੀ। ਉਨ੍ਹਾਂ ਕਿਹਾ ਕਿ ਅਕਸਰ ਫਸਲਾਂ ਦੀ ਕਟਾਈ ਸਮੇਂ ਹਾਲਾਤ ਖਰਾਬ ਹੋ ਜਾਂਦੇ ਹਨ, ਜਿਸ ਨਾਲ ਸਾਨੂੰ ਬਹੁਤ ਨੁਕਸਾਨ ਸਹਿਣ ਕਰਨਾ ਪੈਂਦਾ ਹੈ। 

ਪਿੰਡ ਦੇ ਇਕ ਹੋਰ ਆਦਮੀ ਨੇ ਉਨ੍ਹਾਂ ਦੇ ਘਰ ਨੇੜੇ ਡਿੱਗੇ ਮੋਰਟਾਰ ਵੀ ਦਿਖਾਏ ਅਤੇ ਦੱਸਿਆ ਕਿ ਪਾਕਿਸਤਾਨੀ ਸੈਨਿਕਾਂ ਵਲੋਂ ਅਕਸਰ ਅਜਿਹੀ ਗੋਲੀਬਾਰੀ ਕੀਤੀ ਜਾਂਦੀ ਰਹਿੰਦੀ ਹੈ। 
ਇਸ ਮੌਕੇ ਸ਼੍ਰੀ ਰਾਧਾ ਕ੍ਰਿਸ਼ਨ ਜਨ ਸੇਵਾ ਸਮਿਤੀ ਪਟਿਆਲਾ ਦੇ ਸੁਰਿੰਦਰ ਜਿੰਦਲ, ਅਨਿਲ ਗਰਗ, ਸਾਹਿਲ ਵਰਮਾ, ਰਾਕੇਸ਼ ਮਿੱਤਲ, ਨਰੇਸ਼ ਬਾਂਸਲ, ਰਾਜੇਸ਼ ਸ਼ਰਮਾ, ਨਰੇਸ਼ ਮੋਦਗਿੱਲ, ਰਾਜਕੁਮਾਰ ਅਤੇ ਫੋਟੋਗ੍ਰਾਫਰ ਸੁੱਖੀ ਨੇ ਸਮੱਗਰੀ ਵੰਡਣ ਵਿਚ ਅਹਿਮ ਭੂਮਿਕਾ ਨਿਭਾਈ।

Shyna

This news is Content Editor Shyna