ਭਾਰਤ ਬੰਦ ਦੇ ਸੱਦੇ ‘ਤੇ ਵੱਖ-ਵੱਖ ਜੰਥੇਬੰਦੀਆਂ ਨੇ ਜਲਾਲਾਬਾਦ ‘ਚ ਕੀਤਾ ਚੱਕਾ ਜਾਮ

01/08/2020 2:31:20 PM

ਜਲਾਲਾਬਾਦ (ਨਿਖੰਜ, ਜਤਿੰਦਰ, ਸੇਤੀਆ,ਸਮਿਤ,ਟੀਨੂੰ ) - ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਅਤੇ ਮਹਿੰਗਾਈ ਵਰਗੇ ਮੁੱਦਿਆਂ ਦੇ ਖਿਲਾਫ ਵੱਖ-ਵੱਖ ਜੰਥੇਬੰਦੀਆਂ ਵਲੋਂ ਵਿਰੋਧ ਕੀਤੇ ਜਾ ਰਹੇ ਹਨ। ਕੇਂਦਰ ਸਰਕਾਰ ਪਾਸੋਂ ਮੰਗਾਂ ਮੰਗਵਾਉਣ ਲਈ ਵੱਖ-ਵੱਖ ਜੰਥੇਬੰਦੀਆਂ ਨੇ ਮਿਲ ਕੇ ਪੇਂਡੂ ਭਾਰਤ ਬੰਦ ਕਰਨ ਦਾ ਐਲਾਨ ਕੀਤਾ। ਇਸ ਦੌਰਾਨ ਜ਼ਿਲਾ ਪ੍ਰਧਾਨ ਕ੍ਰਾਂਤੀਕਾਰੀ ਯੂਨੀਅਨ ਰੇਸ਼ਮ ਸਿੰਘ ਮਿੱਢਾ ਦੀ ਅਗਵਾਈ ਹੇਠ ਜਲਾਲਾਬਾਦ ਮਾਰਕੀਟ ਕਮੇਟੀ ਵਿਖੇ ਵੱਖ-ਵੱਖ ਜੰਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਨੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਰੋਸ ਮਾਰਚ ਕੱਢਿਆ। ਉਨ੍ਹਾਂ ਨਾਅਰੇਬਾਜ਼ੀ ਕਰਦੇ ਹੋਏ ਫਾਜ਼ਿਲਕਾ-ਫਿਰੋਜ਼ਪੁਰ ਰੋਡ 'ਤੇ ਸ਼ਹੀਦ ਊਧਮ ਸਿੰਘ ਚੌਕ ਦੇ ਚੱਕਾ ਜਾਮ ਕੀਤਾ।

ਪ੍ਰਦਰਸ਼ਨ ਕਰ ਰਹੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਆਏ ਦਿਨ ਕਿਸਾਨ ਵਿਰੋਧੀ ਨੀਤੀਆਂ ਬਣਾਈਆਂ ਜਾ ਰਹੀਆਂ ਹਨ। ਮੰਗਾਂ ਲਾਗੂ ਕਰਵਾਉਣ ਲਈ ਉਨ੍ਹਾਂ ਵਲੋਂ ਅੱਜ ਪੇਂਡੁ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਦੱਸ ਦੇਈਏ ਕਿ ਭਾਰਤ ਬੰਦ ਦੌਰਾਨ ਸਵੇਰ ਦੇ ਸਮੇਂ ਜਲਾਲਾਬਾਦ 'ਚ ਇਸ ਦਾ ਕੋਈ ਅਸਰ ਦੇਖਣ ਨੂੰ ਨਹੀਂ ਮਿਲਿਆ ਅਤੇ ਸ਼ਹਿਰ ਦੇ ਬਾਜ਼ਾਰ ਆਮ ਦਿਨਾਂ ਵਾਂਗ ਖੁੱਲ੍ਹੇ ਹੋਏ ਸਨ। ਚਾਰੇ ਪਾਸੇ ਚਹਿਲ-ਪਹਿਲ ਦੇਖਣ ਨੂੰ ਮਿਲੀ। ਜਲਾਲਾਬਾਦ ਦੀ ਅਨਾਜ ਮੰਡੀ 'ਚ ਸਬਜ਼ੀ ਅਤੇ ਫਰੂਟ ਦਾ ਕਾਰੋਬਾਰ ਕਰਨ ਵਾਲੇ ਲੋਕ ਸਵੇਰ ਆਪਣਾ ਕੰਮਕਾਰ ਕਰ ਰਹੇ ਸਨ। ਜੇਕਰ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਪੁਖੱਤਾ ਪ੍ਰਬੰਧ ਕੀਤੇ ਗਏ ਸਨ। ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਪੈਟਰੋਲ ਪੰਪਾਂ ਦੇ ਬਾਹਰ ਪੁਲਸ ਦੇ ਜਵਾਨ ਤਾਇਨਾਤ ਕੀਤੇ ਗਏ ਸਨ ਤਾਂਕਿ ਕਿਸੇ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।

rajwinder kaur

This news is Content Editor rajwinder kaur