ਜਲਾਲਾਬਾਦ ਦੇ 5 ਪਿੰਡਾਂ ਦਾ ਭਾਰਤ ਨਾਲੋਂ ਟੁੱਟਿਆ ਸਪੰਰਕ

08/20/2019 8:09:46 PM

ਜਲਾਲਾਬਾਦ,(ਟਿੰਕੂ ਨਿਖੰਜ, ਜਤਿੰਦਰ): ਭਾਰਤ ਪਾਕਿ ਦੀ ਸਰਹੱਦ 'ਤੇ ਪੈਂਦੇ ਪਿੰਡ ਢਾਣੀ ਨੱਥਾ ਸਿੰਘ ਦੇ ਕੋਲੋਂ ਲੰਘਦੇ ਸਤੁਲਜ ਦਰਿਆਂ 'ਚ ਅੱਜ ਪਾਣੀ ਦਾ ਪੱਧਰ ਹੋਰ ਵੱਧ ਗਿਆ ਹੈ, ਜਿਸ ਦੇ ਨਾਲ ਹੀ ਢਾਣੀ ਨੱਥਾ ਸਿੰਘ ਸਣੇ 5 ਹੋਰਨਾਂ ਪਿੰਡਾਂ ਦਾ ਭਾਰਤ ਨਾਲੋਂ ਸਪੰਰਕ ਪੂਰੀ ਤਰ੍ਹਾਂ ਨਾਲ ਟੁੱਟ ਚੁੱਕਾ ਹੈ। ਇਸ ਕਾਰਨ ਪਾਣੀ ਦੇ ਕਹਿਰ ਨਾਲ ਪਸ਼ੂ ਚਾਰਾ, ਸਬਜ਼ੀਆਂ, ਕਮਾਦ ਆਦਿ ਪਾਣੀ ਦੀ ਭੇਂਟ ਚੜ੍ਹ ਚੁੱਕੇ ਹਨ। ਢਾਣੀ ਨੱਥਾ ਸਿੰਘ ਵਾਲੀ ਦੇ ਸਕੂਲੀ ਵਿਦਿਆਰਥੀਆਂ ਤੇ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਜਲਾਲਾਬਾਦ ਦੇ ਐਸ. ਡੀ. ਐਮ ਕੇਸ਼ਵ ਗੋਇਲ ਦੀ ਅਗਵਾਈ ਹੇਠ ਜ਼ਿਲਾ ਪ੍ਰਸ਼ਾਸ਼ਨ ਵਲੋਂ ਕੰਮ ਕਰ ਰਹੀਆਂ ਟੀਮਾਂ ਸਮੇਂ -ਸਮੇਂ 'ਤੇ ਹੜ੍ਹ ਦੀ ਸਥਿਤੀ ਨਾਲ ਨਜਿੱਠਣ ਵਾਲੇ ਪਿੰਡਾਂ ਦੇ ਲੋਕਾਂ ਨਾਲ ਰਾਬਤਾ ਕਾਇਮ ਕਰਕੇ ਉਨ੍ਹਾਂ ਵੱਲੋਂ ਹਰ ਸਭੰਵ ਮਦਦ ਦੇਣ ਦਾ ਵਿਸ਼ਵਾਸ਼ ਦਿਵਾਇਆ ਜਾ ਰਿਹਾ ਹੈ। 

ਹੁਣ ਵੇਖਣਾ ਇਹ ਹੋਵੇਗਾ ਕਿ ਸਤੁਲਜ ਦਰਿਆਂ 'ਚ ਪਾਣੀ ਦਾ ਪੱਧਰ ਇਸ ਤਰ੍ਹਾਂ ਵੱਧਦਾ ਗਿਆ ਤਾਂ ਆਉਣ ਵਾਲੇ ਦਿਨ ਲੋਕਾਂ ਲਈ ਮੁਸੀਬਤਾਂ ਤੋਂ ਘੱਟ ਨਹੀ ਹੋਣਗੇ। ਬੀਤੇ ਦਿਨ ਭਾਂਵੇ ਕਿ ਪ੍ਰਸ਼ਾਸ਼ਨ ਵਲੋਂ 5 ਪਿੰਡਾਂ ਨੂੰ ਖਾਲੀ ਕਰਨ ਦੇ ਡਿਪਟੀ ਕਮਿਸ਼ਨਰ ਵਲੋਂ ਆਦੇਸ਼ ਜਾਰੀ ਕੀਤੇ ਗਏ ਸਨ ਪਰ ਇਨ੍ਹਾਂ ਪਿੰਡਾਂ ਦੇ ਲੋਕ ਆਪਣੇ ਘਰ ਛੱਡਣ ਤੋਂ ਆਨਾਕਾਨੀ ਕਰ ਰਹੇ ਹਨ।

ਦੂਜੇ ਪਾਸੇ ਪ੍ਰਸ਼ਾਸ਼ਨ ਅਧਿਕਾਰੀਆਂ ਵੱਲੋਂ ਬਣਾਏ ਗਏ ਕਲੱਸਟਰਾਂ 'ਚ ਹਰੇਕ ਪ੍ਰਕਾਰ ਦੀਆਂ ਸਹੂਲਤਾਂ ਦੇ ਨਾਲ ਸਿਹਤ ਸਹੂਲਤਾਂ ਤੋਂ ਇਲਾਵਾ ਪਸ਼ੂਆ ਚਾਰਾ ਆਦਿ ਮੁਹੱਈਆ ਕਰਵਾਏ ਜਾਣ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਹਰੇਕ ਸਰਕਾਰ ਦੇ ਸਮੇਂ ਉਹ ਦਰਿਆਂ 'ਤੇ ਪੁੱਲ ਬਣਾਉਣ ਦੀ ਮੰਗ ਕਰਦੇ ਆ ਰਹੇ ਹਨ ਪਰ ਕਿਸੇ ਵੀ ਸਰਕਾਰ ਨੇ ਉਨ੍ਹਾਂ ਦੀ ਬਾਂਹ ਨਹੀ ਫੜ੍ਹੀ ਅਤੇ ਇਸ ਵਾਰ ਵੀ ਆਏ ਪਾਣੀ ਕਾਰਨ ਉਨ੍ਹਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ।