ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕਰਨ ਵਾਲੇ ਗਿਰੋਹ ਦੀ ਇਕ ਮੈਂਬਰ ਪੁਲਸ ਅੜਿੱਕੇ

12/02/2019 4:56:45 PM

ਜਲਾਲਾਬਾਦ (ਨਿਖੰਜ, ਜਤਿੰਦਰ) : ਥਾਣਾ ਸਿਟੀ ਜਲਾਲਾਬਾਦ ਦੀ ਪੁਲਸ ਨੇ ਇਕ ਨੌਜਵਾਨ ਦੀ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕਰਨ ਵਾਲੀ ਔਰਤ ਨੂੰ ਕਾਬੂ ਕੀਤਾ ਹੈ, ਜਦਕਿ ਉਸ ਦੇ 4 ਸਾਥੀ ਫਰਾਰ ਦੱਸੇ ਜਾ ਰਹੇ ਹਨ। ਜਾਂਚ ਅਧਿਕਾਰੀ ਦੀਪਿਕਾ ਰਾਣੀ ਨੇ ਦੱਸਿਆ ਕਿ ਉਨ੍ਹਾਂ ਨੂੰ ਅਸ਼ਵਨੀ ਕੁਮਾਰ ਵਾਸੀ ਗਲੀ ਨੰਬਰ-1 ਗਣੇਸ਼ ਨਗਰ ਜਲਾਲਾਬਾਦ ਨੇ ਬਿਆਨ ਦਰਜ ਕਰਵਾਏ ਸੀ ਕਿ 30 ਨਵੰਬਰ ਨੂੰ ਬਾਅਦ ਦੁਪਹਿਰ ਸਾਢੇ 3 ਵਜੇ ਉਸ ਨੂੰ ਬਿਮਲਾ ਰਾਣੀ ਵਾਸੀ ਲੱਲਾ ਬਸਤੀ ਦਾ ਫੋਨ ਆਇਆ, ਜਿਸ ਨੇ ਕਿਹਾ ਕਿ ਉਸ ਨੇ ਘਰ ਦੀ ਮੋਟਰ ਠੀਕ ਕਰਵਾਉਣੀ ਹੈ। ਜਦ ਉਹ ਉਸ ਦੇ ਘਰ ਗਿਆ ਤਾਂ ਇਕ ਔਰਤ ਨੇ ਉਸ ਨੂੰ ਪਾਣੀ ਪਿਆਇਆ ਅਤੇ ਪਾਣੀ ਪੀਣ ਤੋਂ ਬਾਅਦ ਉਸ ਨੂੰ ਚੱਕਰ ਆਉਣੇ ਸ਼ੁਰੂ ਹੋ ਗਏ, ਜਿਸ ਤੋਂ ਬਾਅਦ ਇਕ ਔਰਤ ਨੇ ਉਸ ਨੂੰ ਬੈੱਡ ’ਤੇ ਲਿਟਾ ਦਿੱਤਾ ਅਤੇ ਉਸ ਦੀ ਅਸ਼ਲੀਲ ਵੀਡੀਓ ਬਣਾ ਲਈ ਅਤੇ ਉਸ ਨੂੰ ਬਲੈਕਮੇਲ ਕਰਨ ਲੱਗੇ। ਉਸ ਨੇ ਦੱਸਿਆ ਕਿ ਇਸ ਦੀ ਆਡ਼ ’ਚ ਉਨ੍ਹਾਂ 5 ਲੱਖ ਰੁਪਏ ਦੀ ਮੰਗ ਕੀਤੀ ਅਤੇ ਨਾ ਦੇਣ ਦੀ ਸੂਰਤ ਵਿਚ ਬਦਨਾਮ ਕਰਨ ਅਤੇ ਜਬਰ-ਜ਼ਨਾਹ ਦਾ ਪਰਚਾ ਦਰਜ ਕਰਵਾਉਣ ਦੀ ਧਮਕੀ ਦਿੱਤੀ, ਜਿਸ ਸਬੰਧੀ ਉਸ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਅਤੇ ਪੁਲਸ ਨੇ ਇਸ ਮਾਮਲੇ ’ਚ ਛਾਪੇਮਾਰੀ ਕਰਦੇ ਹੋਏ ਬਿਮਲਾ ਰਾਣੀ ਵਾਸੀ ਲੱਲਾ ਬਸਤੀ ਨੂੰ ਕਾਬੂ ਕਰ ਲਿਆ, ਜਦਕਿ 2 ਅਣਪਛਾਈਆਂ ਔਰਤਾਂ ਅਤੇ 2 ਵਿਅਕਤੀ ਫਰਾਰ ਹੋ ਗਏ, ਜਿਨ੍ਹਾਂ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ।

Baljeet Kaur

This news is Content Editor Baljeet Kaur