ਰਿਸ਼ਤਾ ਕਰਾਉਣ ਦਾ ਬਹਾਨਾ ਬਣਾ ਨਜ਼ਰਬੰਦ ਕੀਤੇ ਵਿਅਕਤੀ ਦੀ ਕੀਤੀ ਕੁੱਟਮਾਰ, 3 ਕਾਬੂ

07/21/2019 4:45:14 PM

ਜਲਾਲਾਬਾਦ (ਸੇਤੀਆ, ਸੁਮਿਤ) - ਜਲਾਲਾਬਾਦ ਨਾਲ ਲੱਗਦੀ ਬਸਤੀ ਭੁੰਮਣ ਸ਼ਾਹ 'ਚ ਸ਼ਨੀਵਾਰ ਦੀ ਰਾਤ ਇਕ ਵਿਅਕਤੀ ਨੂੰ ਸਾਜਿਸ਼ ਦੇ ਤਹਿਤ ਨਜ਼ਰਬੰਦ ਕਰਕੇ ਕੁੱਟਮਾਰ ਕਰਨ ਤੋਂ ਬਾਅਦ ਉਸ ਦੀਆਂ ਸੋਨੇ ਦੀ ਮੁੰਦਰੀਆਂ ਤੇ ਨਗਦੀ ਖੋਹ ਲੈਣ ਦੀ ਸੂਚਨਾ ਮਿਲੀ ਹੈ। ਘਟਨਾ ਦਾ ਪਤਾ ਲੱਗਣ 'ਤੇ ਪਿੰਡ ਦੇ ਸਰਪੰਚ ਨੇ ਇਸ ਦੀ ਸੂਚਨਾ 'ਜਗਬਾਣੀ' ਦੇ ਪੱਤਰਕਾਰ ਅਤੇ ਥਾਣਾ ਸਿਟੀ ਦੀ ਪੁਲਸ ਦਿੱਤੀ। ਪੁਲਸ ਨੇ ਛਾਪੇਮਾਰੀ ਕਰਕੇ 1 ਔਰਤ ਸਣੇ 3 ਵਿਅਕਤੀਆਂ ਨੂੰ ਹਿਰਾਸਤ 'ਚ ਲੈ ਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਦੂਜੇ ਪਾਸੇ ਕੁੱਟਮਾਰ ਦਾ ਸ਼ਿਕਾਰ ਹੋਏ ਵਿਅਕਤੀ ਨੇ ਦੋਸ਼ੀਆਂ ਦੇ ਚੰਗੁਲ 'ਚੋਂ ਨਿਕਲ ਕੇ ਸਾਰੀ ਕਹਾਣੀ ਦੱਸੀ, ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ।

ਜ਼ਖਮੀ ਕੱਪੜਾ ਵਪਾਰੀ ਦੇਸ ਰਾਜ ਪੁੱਤਰ ਗਣੇਸ਼ਾ ਰਾਮ ਨੇ ਦੱਸਿਆ ਕਿ ਉਹ ਕੱਪੜੇ ਦਾ ਦੁਕਾਨਦਾਰ ਹੈ ਤੇ ਬਸਤੀ ਭੁੰਮਣ ਸ਼ਾਹ ਨਿਵਾਸੀ ਘਾਂਗਾ ਕਲਾਂ ਪਤੀ ਪਤਨੀ ਗੁਰਮੀਤ ਸਿੰਘ ਅਤੇ ਵੀਰਪਾਰ ਕੌਰ ਨੇ ਦੁਕਾਨ 'ਤੇ ਲੱਗੇ ਲੜਕੇ ਨੂੰ ਰਿਸ਼ਤੇ ਲਈ ਆਪਣੇ ਘਰ ਬੁਲਾਇਆ। ਰਾਤ ਕਰੀਬ 9 ਵਜੇ ਦੇਸ ਰਾਜ ਜਦੋਂ ਕਥਿਤ ਦੋਸ਼ੀਆਂ ਦੇ ਘਰ ਪੁੱਜਾ ਤਾਂ ਉਥੇ ਮੌਜੂਦ ਗੁਰਮੀਤ ਸਿੰਘ, ਵੀਰਪਾਲ ਕੌਰ, ਜਗਸੀਰ ਸਿੰਘ ਪੁੱਤਰ ਮਹਿੰਦਰ ਸਿੰਘ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਦੇ ਕੱਪੜੇ ਉਤਾਰ ਕੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਕਥਿਤ ਦੋਸ਼ੀਆਂ ਨੇ ਉਸ ਕੋਲੋਂ ਤਿੰਨ ਮੁੰਦਰੀਆਂ, ਇਕ ਚਾਂਦੀ ਦਾ ਕੜਾ, 50 ਹਜ਼ਾਰ ਰੁਪਏ, ਦੁਕਾਨ ਦੀ ਪ੍ਰਚੂਨ ਨਗਦੀ 5700, ਦੋ ਛੋਟੇ ਮੋਬਾਇਲ ਤੇ ਇਕ ਵੀਵੋ ਦਾ ਮੋਬਾਇਲ ਖੋਹ ਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਖਾਲੀ ਦੋ ਅਸਟਾਮਾ 'ਤੇ ਉਸ ਦੇ ਸਾਇਨ ਕਰਵਾ ਲਏ ਤੇ ਕਾਰ 'ਚ ਨਸ਼ੇ ਦੀਆਂ ਗੋਲੀਆਂ ਰੱਖ ਕੇ ਉਸ ਤੋਂ 2 ਕਰੋੜ ਦੀ ਫਿਰੋਤੀ ਮੰਗੀ। ਫਿਰੋਤੀ ਨਾ ਦੇਣ 'ਤੇ ਉਨ੍ਹਾਂ ਨੇ ਜਦੋਂ ਉਸ ਨੂੰ ਪੰਜੇਕੇ ਵਾਲੇ ਵਪਾਰੀ ਵਾਂਗ ਮਾਰ ਦੇਣ ਦੀ ਧਮਕੀ ਦਿੱਤੀ ਤਾਂ ਉਸ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਜਿਸ ਨੂੰ ਸੁਣ ਕੇ ਪਿੰਡ ਵਾਸੀ ਇਕੱਠ ਹੋ ਗਏ।  


ਪੁਲਸ ਨੂੰ ਜਾਣਕਾਰੀ ਮਿਲਣ ਤੋਂ ਪੀ.ਸੀ.ਆਰ. ਦੇ ਕਰਮਚਾਰੀ ਅਤੇ ਹੋਲਦਾਰ ਮੌਕੇ 'ਤੇ ਪਹੁੰਚ ਗਏ, ਜਿਨ੍ਹਾਂ ਦੇ ਸਖਤੀ ਨਾਲ ਕਾਰਵਾਈ ਕਰਦੇ ਹੋਏ ਕਥਿਤ ਦੋਸ਼ੀਆਂ ਕੋਲੋਂ 2 ਛੋਟੇ ਮੋਬਾਇਲ, ਤਿੰਨ ਸੋਨੇ ਦੀਆਂ ਮੁੰਦਰੀਆਂ ਅਤੇ ਇਕ ਅਸਟਾਮ ਜਗਸੀਰ ਸਿੰਘ ਦੀ ਜੇਬ 'ਚੋਂ ਬਰਾਮਦ ਕੀਤਾ। ਇਸ ਤੋਂ ਬਾਅਦ ਪੁਲਸ ਨੇ ਉਕਤ ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ।

rajwinder kaur

This news is Content Editor rajwinder kaur