ਜਲਾਲਾਬਾਦ ਦੇ ਪਿੰਡਾਂ ’ਚ ਟਿੱਡੀ ਦਲ ਦਾ ਹਮਲਾ, ਕਿਸਾਨਾਂ ਦੇ ਸੁੱਕੇ ਸਾਹ

01/24/2020 6:15:30 PM

ਜਲਾਲਾਬਾਦ, ਮੰਡੀ ਲਾਧੂਕਾ (ਸੇਤੀਆ, ਟੀਨੂੰ, ਸੁਮਿਤ, ਸੰਧੂ, ਰਮੇਸ਼) - ਰਾਜਸਥਾਨ ਮਗਰੋਂ ਹੁਣ ਪੰਜਾਬ ਦੇ ਫਾਜ਼ਿਲਕਾ ਜ਼ਿਲੇ ਅੰਦਰ ਟਿੱਡੀ ਦਲ ਨੇ ਕਹਿਰ ਢਾਹੁਣਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਇਹ ਟਿੱਡੀ ਦਲ ਅਜੇ ਝੁੰਡ ’ਚ ਨਹੀਂ ਪਰ ਟਿੱਡੀ ਦਲ ਦੇ ਇਸ ਹਮਲੇ ਕਾਰਨ ਕਿਸਾਨਾਂ ਦੇ ਸਾਹ ਸੂਤੇ ਹੋਏ ਹਨ। ਜਾਣਕਾਰੀ ਅਨੁਸਾਰ ਜਲਾਲਾਬਾਦ ਦੇ ਪਿੰਡ ਸਿੰਘੇ ਵਾਲਾ, ਮੁਹੰਮਦੇਵਾਲਾ, ਫੱਤੂਵਾਲਾ, ਹਜਾਰਾ ਰਾਮ ਸਿੰਘ ਵਾਲਾ, ਟਾਹਲੀਵਾਲਾ, ਬੱਘੇ ਕੇ ਮੋੜ, ਟਰਿਆ, ਚੱਕ ਖੀਵਾ, ਡਿੱਬੀਪੁਰਾ, ਸੰਤੋਖ ਸਿੰਘ ਵਾਲਾ, ਆਲਮਕੇ ਆਦਿ ਪਿੰਡਾਂ ’ਚ ਟਿੱਡੀ ਦਲ ਨੂੰ ਦੇਖਿਆ ਗਿਆ ਹੈ। ਉਕਤ ਪਿੰਡਾਂ ਦੇ ਕਿਸਾਨ ਧੂੰਆਂ, ਥਾਲੀਆਂ ਅਤੇ ਡੀ. ਜੇ. ਵਜਾ ਕੇ ਦੇਸੀ ਤਰੀਕਿਆਂ ਨਾਲ ਟਿੱਡੀਆਂ ਨੂੰ ਉਡਾਉਣ ਦਾ ਯਤਨ ਕਰ ਰਹੇ ਹਨ। 

ਕਿਸਾਨਾਂ ਦਾ ਕਹਿਣਾ ਹੈ ਕਿ ਜਿਵੇਂ ਉਨ੍ਹਾਂ ਨੂੰ ਖੇਤਾਂ ’ਚ ਟਿੱਡੀ ਦਲ ਬਾਰੇ ਪਤਾ ਲੱਗਾ ਤਾਂ ਉਹ ਖੇਤਾਂ ’ਚ ਪਹੁੰਚ ਗਏ। ਉਨ੍ਹਾਂ ਨੇ ਜੋ ਤਰੀਕੇ ਸੁਣੇ ਸਨ, ਉਨ੍ਹਾਂ ਨਾਲ ਟਿੱਡੀਆਂ ਨੂੰ ਉਡਾਉਣਾ ਸ਼ੁਰੂ ਕਰ ਦਿੱਤਾ। ਕਿਸਾਨਾਂ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਟਿੱਡੀ ਦਲ ਬਾਰੇ ਸੁਣਿਆ ਜਾ ਰਿਹਾ ਸੀ ਅਤੇ ਉਨ੍ਹਾਂ ਨੂੰ ਡਰ ਸਤਾ ਰਿਹਾ ਸੀ ਕਿ ਕਿਧਰੇ ਉਨ੍ਹਾਂ ਦੇ ਖੇਤਾਂ ’ਚ ਟਿੱਡੀ ਦਲ ਹਮਲਾ ਨਾ ਕਰ ਦੇਵੇ। ਹੁਣ ਜਦ ਉਨ੍ਹਾਂ ਦੇ ਖੇਤਾਂ ’ਚ ਟਿੱਡੀਆਂ ਆਉਣੀਆਂ ਸ਼ੁਰੂ ਹੋ ਚੁੱਕੀਆਂ ਹਨ ਤਾਂ ਇਹ ਉਨ੍ਹਾਂ ਲਈ ਮੁਸ਼ਕਲਾਂ ਦੀ ਘੜੀ ਹੈ। ਖੇਤੀਬਾੜੀ ਵਿਭਾਗ ਨੂੰ ਜਲਦ ਇਸ ਦਾ ਕੋਈ ਉਪਰਾਲਾ ਕਰਨਾ ਚਾਹੀਦਾ ਹੈ ਤਾਂ ਜੋ ਕਿਸਾਨਾਂ ਦਾ ਨੁਕਸਾਨ ਹੋਣੋਂ ਬਚ ਸਕੇ। ਖੇਤੀਬਾੜੀ ਮਾਹਿਰ ਸਰਵਣ ਕੁਮਾਰ ਦਾ ਕਹਿਣਾ ਹੈ ਕਿ ਜਲਾਲਾਬਾਦ ਹਲਕੇ ਦੇ ਪਿੰਡਾਂ ਵਿਚ ਟਿੱਡੀਆਂ ਦੇ ਹਮਲੇ ਦੀ ਸੂਚਨਾ ਮਿਲੀ ਹੈ ਪਰ ਇਹ ਵੀ ਪਤਾ ਲੱਗਾ ਕਿ ਇਹ ਟਿੱਡੀ ਦਲ ਝੁੰਡ ’ਚ ਨਹੀਂ। ਇਨ੍ਹਾਂ ਦੀ ਗਿਣਤੀ 1 ਫੀਸਦੀ ਦੇ ਕਰੀਬ ਹੈ।

ਉਨ੍ਹਾਂ ਦੱਸਿਆ ਕਿ ਟਿੱਡੀ ਦਲ ’ਤੇ ਕਾਬੂ ਪਾਉਣ ਲਈ ਰਾਜਸਥਾਨ ’ਚ ਤਾਕਤਵਰ ਸਪਰੇਆਂ ਕੀਤੀਆਂ ਗਈਆਂ ਹਨ, ਉਥੇ ਟਿੱਡੀ ਦਲ ਦਾ ਕਾਫੀ ਖਾਤਮਾ ਕਰ ਦਿੱਤਾ ਗਿਆ ਹੈ ਪਰ ਕੁਝ ਬੇਹੋਸ਼ੀ ਦੀ ਹਾਲਤ ’ਚ ਟਿੱਡੀਆਂ ਇਧਰ ਆ ਰਹੀਆਂ ਹਨ। ਖੇਤੀਬਾੜੀ ਅਧਿਕਾਰੀ ਹਰਪ੍ਰੀਤ ਕੌਰ ਨੇ ਕਿਹਾ ਕਿ ਹਲਕੇ ’ਚ ਟਿੱਡੀ ਦਲ ਦੇ ਆਉਣ ਦੀ ਸੂਚਨਾ ਵਿਭਾਗ ਕੋਲ ਹੈ। ਉਨ੍ਹਾਂ ਦੱਸਿਆ ਕਿ ਛੋਟੀ ਗਿਣਤੀ ’ਚ ਟਿੱਡੀ ਦਲ ਪਿੰਡਾਂ ’ਚ ਆਇਆ ਹੈ। ਉਹ ਕਿਸਾਨਾਂ ਨੂੰ ਅਪੀਲ ਕਰਦੇ ਹਨ ਕਿ ਉਹ ਤੇਜ਼ ਆਵਾਜ਼ ਕਰ ਕੇ ਜਾਂ ਥਾਲੀ ਖੜਕਾ ਕੇ ਟਿੱਡੀਆਂ ਨੂੰ ਭਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵਲੋਂ ਉਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਹਨ ਅਤੇ ਜੇਕਰ ਕੋਈ ਝੁੰਡ ’ਚ ਹਮਲਾ ਹੁੰਦਾ ਹੈ ਤਾਂ ਵਿਭਾਗ ਉਸ ’ਤੇ ਕਾਰਵਾਈ ਕਰੇਗਾ।

rajwinder kaur

This news is Content Editor rajwinder kaur