PNB ਬੈਂਕ 'ਚ ਪੈਸਿਆਂ ਵਾਲਾ ਬੈਗ ਲੈ ਕੇ ਰਫੂ ਚੱਕਰ ਹੋਇਆ ਵਿਅਕਤੀ, CCTV 'ਚ ਕੈਦ

07/25/2019 4:11:49 PM

ਜੈਤੋ (ਵਿਪਨ, ਜਿੰਦਲ) - ਜੈਤੋ ਦੇ ਪੰਜਾਬ ਨੈਸ਼ਨਲ ਬੈਂਕ 'ਚੋਂ ਅਣਪਛਾਤੇ ਵਿਅਕਤੀ ਵਲੋਂ ਫੌਜੀ ਦਾ ਪੈਸਿਆਂ ਵਾਲਾ ਬੈਗ ਲੈ ਕੇ ਰਫੂ ਚੱਕਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਇਕ ਲੱਖ ਰੁਪਏ ਸਨ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦਿਆਂ ਫੌਜੀ ਕੁਲਦੀਪ ਸਿੰਘ ਪੁੱਤਰ ਸੂਬਾ ਸਿੰਘ ਨੇ ਦੱਸਿਆ ਕਿ ਉਹ ਬੈਂਕ 'ਚੋਂ ਇਕ ਲੱਖ 20 ਹਜ਼ਾਰ ਰੁਪਏ ਕੱਢਵਾਉਣ ਲਈ ਆਇਆ ਸੀ। ਪੈਸੇ ਕੱਢਵਾਉਣ ਤੋਂ ਬਾਅਦ ਉਸ ਨੇ 20 ਹਜ਼ਾਰ ਰੁਪਏ ਆਪਣੀ ਜੇਬ 'ਚ ਪਾ ਲਏ ਅਤੇ ਇਕ ਲੱਖ ਰੁਪਏ ਲਿਫਾਫੇ 'ਚ ਪਾ ਕੇ ਮੇਜ 'ਤੇ ਰੱਖ ਦਿੱਤੇ ਅਤੇ ਕਿਸੇ ਗਰੀਬ ਔਰਤ ਦਾ ਫਾਰਮ ਭਰਨ ਲੱਗ ਪਿਆ।

ਇਸ ਮੌਕੇ ਦਾ ਫਾਇਦਾ ਚੁੱਕਦੇ ਹੋਏ ਇਕ ਅਣਪਛਾਤਾ ਵਿਅਕਤੀ ਉੱਥੇ ਆਇਆ ਅਤੇ ਇਕ ਲੱਖ ਰੁਪਏ ਵਾਲਾ ਲਿਫਾਫਾ ਲੈ ਕੇ ਰਫੂ ਚੱਕਰ ਹੋ ਗਿਆ, ਜਿਸ ਦੀ ਸਾਰੀ ਘਟਨਾ ਬੈਂਕ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੇ ਜੈਤੋ ਦੇ ਐੱਸ. ਐੱਚ. ਓ. ਨੇ ਫੁਟੇਜ਼ ਦੇ ਆਧਾਰ 'ਤੇ ਬੈਗ ਚੁੱਕ ਕੇ ਲਿਜਾਣ ਵਾਲੇ ਵਿਅਕਤੀ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਕੈਮਰਿਆਂ ਦੇ ਆਧਾਰ 'ਤੇ ਬੈਗ ਚੁੱਕ ਕੇ ਲਿਜਾਣ ਵਾਲਾ ਵਿਅਕਤੀ ਬਿਸ਼ਨੰਦੀ ਰੋਡ ਵੱਲ (ਬੈਗ ਆਪਣੀ ਕੱਛ 'ਚ ਲੈ ਕੇ) ਪੈਦਲ ਗਿਆ ਸੀ। ਵਰਣਨਯੋਗ ਇਹ ਹੈ ਕਿ ਇਸ ਬੈਂਕ 'ਚ ਕਾਫ਼ੀ ਸਮੇਂ ਤੋਂ ਕੋਈ ਵੀ ਸੁਰੱਖਿਆ ਗਾਰਡ ਨਹੀਂ ਹੈ ਅਤੇ ਪਿਛਲੇ ਦੋ ਦਿਨਾਂ ਤੋਂ ਬੈਂਕ ਮੈਨੇਜਰ ਕਮਲਜੀਤ ਸਿੰਘ ਵੀ ਛੁੱਟੀ 'ਤੇ ਸਨ। ਮੌਜੂਦਾ ਮੈਨੇਜਰ ਦੀ ਡਿਊਟੀ ਮੈਡਮ ਮਨੀਸ਼ਾ ਨਿਭਾਅ ਰਹੇ ਸਨ।

rajwinder kaur

This news is Content Editor rajwinder kaur