ਕਿਸਾਨ ਦੇ ਪਰਿਵਾਰ ਨੂੰ 1 ਕਰੋੜ ਤੇ ਨੌਕਰੀ ਦਿਓ ਫਿਰ ਕਰਾਂਗੇ ਸਸਕਾਰ : ਬੀਕੇਯੂ

12/09/2019 11:55:06 AM

ਜੈਤੋ (ਜਿੰਦਲ, ਗੁਰਮੀਤ ਪਾਲ, ਵੀਰਪਾਲ) - ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਕਾਫੀ ਸਮੇਂ ਤੋਂ ਕਿਸਾਨਾਂ 'ਤੇ ਲਾਏ ਜੁਰਮਾਨਿਆਂ ਨੂੰ ਮੁਆਫ ਕਰਾਉਣ, ਪਰਾਲੀ ਸਾੜਣ ਦੇ ਦਰਜ ਕੀਤੇ ਪਰਚੇ ਰੱਦ ਕਰਵਾਉਣ ਅਤੇ ਲਾਲ ਲਕੀਰ ਨੂੰ ਠੀਕ ਕਰਨ ਦੇ ਸਬੰਧ 'ਚ ਸੰਘਰਸ਼ ਕਰ ਰਿਹਾ ਹੈ। ਮੰਗਾਂ ਪੂਰੀਆਂ ਨਾ ਹੋਣ 'ਤੇ ਬੀਤੇ ਦਿਨ ਧਰਨੇ 'ਤੇ ਬੈਠੇ ਕਿਸਾਨ ਜਗਸੀਰ ਸਿੰਘ ਪੁੱਤਰ ਗੁਰਦਿਆਲ ਸਿੰਘ ਨੇ ਜ਼ਹਿਰੀਲੀ ਵਸਤੂ ਖਾ ਕੇ ਖੁਦਕੁਸ਼ੀ ਕਰ ਲਈ ਸੀ, ਜਿਸ ਤੋਂ ਬਾਅਦ ਇਸ ਥਾਂ 'ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰ, ਉਸ ਦੀ ਪਤਨੀ ਗੁਰਮੀਤ ਕੌਰ, ਮੁੰਡਾ ਗੁਰਵਿੰਦਰ ਸਿੰਘ ਤੇ ਹੋਰ ਪਿੰਡ ਵਾਸੀ ਪਹੁੰਚ ਗਏ ਸਨ। ਧਰਨੇ ਦੀ ਅਤੇ ਸੱਥਰ 'ਤੇ ਬੈਠੇ ਲੋਕਾਂ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ਏਕਤਾ ਪੰਜਾਬ ਦੇ ਪ੍ਰਧਾਨ ਜਗਜੀਤ ਸਿੰਘ ਕਰ ਰਹੇ ਸਨ। 

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉੁਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਹੱਕਾਂ ਲਈ ਕਿਸਾਨ ਭਰਾ ਸ਼ਹੀਦ ਹੋਇਆ ਹੈ। ਉਨ੍ਹਾਂ ਨੇ ਮ੍ਰਿਤਕ ਦੇ ਪਰਿਵਾਰ ਮੈਂਬਰਾਂ, ਯੂਨੀਅਨ ਤੇ ਰਿਸ਼ਤੇਦਾਰਾਂ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਫੈਸਲਾ ਲਿਆ ਕਿ ਉਸ ਦੇ ਪਰਿਵਾਰ ਨੂੰ ਸਰਕਾਰ ਵਲੋਂ 1 ਕਰੋੜ ਰੁਪਏ ਅਤੇ ਸਰਕਾਰੀ ਨੌਕਰੀ ਦਿੱਤੀ ਜਾਵੇ। ਇਸ ਤੋਂ ਇਲਾਵਾ ਪਰਿਵਾਰ ਨੂੰ ਸਰਕਾਰ ਵਲੋਂ ਸਾਰੀਆਂ ਮੈਡੀਕਲ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ।

ਪੰਜਾਬ ਪ੍ਰਧਾਨ ਜਗਜੀਤ ਸਿੰਘ ਨੇ ਕਿਹਾ ਕਿ ਜਦੋਂ ਤੱਕ ਉਕਤ ਪਰਿਵਾਰ ਨੂੰ ਸਰਕਾਰ 1 ਕਰੋੜ ਰੁਪਏ, ਸਰਕਾਰੀ ਨੌਕਰੀ ਅਤੇ ਮੈਡੀਕਲ ਸਹੂਲਤਾਂ ਦੇਣ ਸਬੰਧੀ ਐਲਾਨ ਨਹੀਂ ਕਰਦੀ, ਉਦੋਂ ਤੱਕ ਕਿਸਾਨ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ। ਵਰਣਨਯੋਗ ਗੱਲ ਇਹ ਹੈ ਕਿ ਮ੍ਰਿਤਕ ਕਿਸਾਨ ਦੀ ਲਾਸ਼ ਸਿਵਲ ਹਸਪਤਾਲ ਜੈਤੋ ਵਿਖੇ ਮੋਰਚਰੀ 'ਚ ਰੱਖੀ ਹੋਈ ਹੈ। ਇਸ ਥਾਂ 'ਤੇ ਪੂਰੀ ਸਕਿਓਰਿਟੀ ਲੱਗੀ ਹੋਈ ਹੈ ਤੇ ਇਸ ਥਾਂ 'ਤੇ ਕਿਸਾਨ ਦਰੀ ਵਿਛਾ ਕੇ ਬੈਠੇ ਹੋਏ ਹਨ।

rajwinder kaur

This news is Content Editor rajwinder kaur