ਜੇਲ੍ਹ ''ਚ ਬੰਦ ਗੈਂਗਸਟਰ ਦਿਲਪ੍ਰੀਤ ਬਾਬਾ ਦਾ ਪ੍ਰੋਡਕਸ਼ਨ ਵਾਰੰਟ ਜਾਰੀ

04/17/2022 10:10:55 AM

ਚੰਡੀਗੜ੍ਹ (ਸੁਸ਼ੀਲ ਰਾਜ) : ਸੈਕਟਰ-38 ਸਥਿਤ ਗੁਰਦੁਆਰਾ ਸਾਹਿਬ ਦੇ ਸਾਹਮਣੇ ਸਰਪੰਚ ਸਤਨਾਮ ਸਿੰਘ ਦੇ ਕਤਲ ਅਤੇ ਇੰਸ. ਅਮਨਜੋਤ ਸਿੰਘ ’ਤੇ ਗੋਲ਼ੀਆਂ ਚਲਾਉਣ ਦੇ ਮਾਮਲੇ ਵਿਚ ਗੈਂਗਸਟਰ ਦਿਲਪ੍ਰੀਤ ਸਿੰਘ ਉਰਫ ਬਾਬਾ ਅਦਾਲਤ ਵਿਚ ਪੇਸ਼ ਨਹੀਂ ਹੋਇਆ। ਇਸ ਤੋਂ ਬਾਅਦ ਅਦਾਲਤ ਨੇ ਪ੍ਰੋਡਕਸ਼ਨ ਵਾਰੰਟ ਜਾਰੀ ਕਰ ਦਿੱਤਾ। ਅਦਾਲਤ ਨੇ ਜੇਲ੍ਹ ਸੁਪਰਡੈਂਟ ਨੂੰ ਇਕ ਨੋਟਿਸ ਵੀ ਜਾਰੀ ਕੀਤਾ ਹੈ ਕਿ ਉਹ ਗੈਂਗਸਟਰ ਬਾਬਾ ਨੂੰ ਲਿਆਉਣ ਦਾ ਪ੍ਰਬੰਧ ਕਰੇ।

ਇੰਸ. ਅਮਨਜੋਤ ਨੇ ਅਦਾਲਤ ਵਿਚ ਆਪਣੀ ਗਵਾਹੀ ਦਰਜ ਕਰਵਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬਾਬਾ ਨੇ ਹੀ ਉਨ੍ਹਾਂ ’ਤੇ ਗੋਲ਼ੀਆਂ ਚਲਾਈਆਂ ਸਨ। ਇਹ ਘਟਨਾ ਜ਼ਿਲ੍ਹਾ ਅਦਾਲਤ ਦੇ ਸਾਹਮਣੇ ਸੈਕਟਰ-43 ਆਈ. ਐੱਸ. ਬੀ. ਟੀ. ਦੀ ਪਾਰਕਿੰਗ ਵਿਚ ਹੋਈ ਸੀ। ਬਾਬੇ ਤੋਂ ਇਲਾਵਾ ਕੇਸ ਵਿਚ ਦੋ ਹੋਰ ਮੁਲਜ਼ਮ ਵੱਖ-ਵੱਖ ਜੇਲ੍ਹਾਂ ਵਿਚ ਬੰਦ ਹਨ। ਬਾਬਾ ਨੇ ਆਪਣੇ ਇਨ੍ਹਾਂ ਸਾਥੀਆਂ ਨਾਲ ਮਿਲ ਕੇ ਸਰਪੰਚ ਦਾ ਕਤਲ ਕੀਤਾ ਸੀ। ਇਸ ਮਾਮਲੇ ਵਿਚ ਅਗਲੀ ਸੁਣਵਾਈ 30 ਅਪ੍ਰੈਲ ਨੂੰ ਹੋਵੇਗੀ ।

ਇਹ ਵੀ ਪੜ੍ਹੋ: ਕੀ ਗਰਮੀ ਤੋਂ ਮਿਲੇਗੀ ਰਾਹਤ ? ਜਾਣੋ ਅਗਲੇ 4 ਦਿਨ ਕਿਹੋ ਜਿਹਾ ਰਹੇਗਾ ਮੌਸਮ

ਪੇਸ਼ ਹੋਣ ਲਈ ਸੰਮਨ
ਅਦਾਲਤ ਨੇ ਇਸ ਮਾਮਲੇ ਵਿਚ ਦੋ ਗਵਾਹਾਂ ਨੂੰ ਸੰਮਨ ਭੇਜੇ ਹਨ। ਇਸ ਵਿਚ ਐੱਸ. ਪੀ. ਤੇਜਿੰਦਰ ਸਿੰਘ ਅਤੇ ਐੱਮ. ਐੱਮ. ਐੱਚ. ਸੀ. ਨਰੇਸ਼ ਕੁਮਾਰ ਸ਼ਾਮਲ ਹਨ। ਇਨ੍ਹਾਂ ਦੋਵਾਂ ਦੀ 11 ਅਪ੍ਰੈਲ ਨੂੰ ਗਵਾਹੀ ਹੋਣੀ ਸੀ ਪਰ ਕਿਸੇ ਕਾਰਨ ਦੋਵਾਂ ਗਵਾਹਾਂ ਨੇ ਅਦਾਲਤ ਵਿਚ ਨਾ ਆਉਣ ਦੀ ਅਰਜ਼ੀ ਲਾਈ ਸੀ, ਜਿਸ ਨੂੰ ਮਨਜ਼ੂਰ ਕਰ ਲਿਆ ਸੀ। ਹੁਣ ਅਦਾਲਤ ਨੇ ਦੋਵਾਂ ਨੂੰ ਸੰਮਨ ਭੇਜ ਕੇ 30 ਅਪ੍ਰੈਲ ਨੂੰ ਅਦਾਲਤ ਵਿਚ ਪੇਸ਼ ਹੋਣ ਲਈ ਕਿਹਾ ਹੈ ।

ਇਹ ਵੀ ਪੜ੍ਹੋ: ਵੱਡੀ ਖ਼ਬਰ: 1 ਜੁਲਾਈ ਤੋਂ ਮਿਲੇਗੀ 300 ਯੂਨਿਟ ਮੁਫ਼ਤ ਬਿਜਲੀ

ਦੱਸਣਯੋਗ ਹੈ ਕਿ ਗੈਂਗਸਟਰ ਬਾਬਾ ਦੇ ਨਾਲ ਦੋ ਮੁਲਜ਼ਮਾਂ ਮਨਜੀਤ ਸਿੰਘ ਉਰਫ ਬੌਬੀ ਅਤੇ ਹਰਜਿੰਦਰ ਸਿੰਘ ਦੀ ਵੀਡੀਓ ਕਾਨਫਰੰਸਿੰਗ (ਵੀ. ਸੀ. ) ਰਾਹੀਂ ਪੇਸ਼ੀ ਹੋ ਰਹੀ ਹੈ। ਇਨ੍ਹਾਂ ਵਿਚ ਬੌਬੀ ਮੁੰਬਈ ਦੀ ਜੇਲ੍ਹ ਵਿਚ ਬੰਦ ਹੈ ਅਤੇ ਉਸ ’ਤੇ ਕਈ ਧਾਰਾਵਾਂ ਅਧੀਨ ਕੇਸ ਚੱਲ ਰਹੇ ਹਨ। ਬੌਬੀ ਮੁੰਬਈ ਦਾ ਮੋਸਟ ਵਾਟੇਂਡ ਮੁਲਜ਼ਮ ਹੈ। ਇਸ ਲਈ ਉਸ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਚੰਡੀਗਡ਼੍ਹ ਨਹੀਂ ਲਿਆਂਦਾ ਜਾ ਰਿਹਾ।

ਨੋਟ: ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ ? ਕੁਮੈਂਟ ਕਰਕੇ ਦੱਸੋ

Harnek Seechewal

This news is Content Editor Harnek Seechewal