ਹਵਾਲਾਤੀ ਦੀ ਮਾਂ ਕੋਲੋਂ ਰਿਸ਼ਵਤ ਮੰਗਣ ਦੇ ਦੋਸ਼ ''ਚ ਜੇਲ ਵਾਰਡਨ ਨੂੰ 7 ਸਾਲ ਦੀ ਸਜ਼ਾ

07/13/2019 10:37:25 AM

ਪਟਿਆਲਾ (ਬਲਜਿੰਦਰ)—ਜੇਲ ਵਿਚ ਬੰਦ ਹਵਾਲਾਤੀ ਹਰਚਰਨਵੀਰ ਸਿੰਘ ਦੀ ਕੁੱਟ-ਮਾਰ ਨਾ ਕਰਨ ਬਦਲੇ ਉਸ ਦੀ ਮਾਂ ਨਾਲ ਅਸ਼ਲੀਲ ਹਰਕਤਾਂ ਅਤੇ ਰਿਸ਼ਵਤ ਮੰਗਣ ਦੇ ਦੋਸ਼ 'ਚ ਗ੍ਰਿਫਤਾਰ ਕੇਂਦਰੀ ਜੇਲ ਪਟਿਆਲਾ ਦੇ ਸਿਪਾਹੀ ਮਨਜੀਤ ਸਿੰਘ (ਵਾਰਡਨ) ਨੂੰ ਅਦਾਲਤ ਨੇ 7 ਸਾਲ ਦੀ ਸਜ਼ਾ ਅਤੇ 1 ਲੱਖ 40 ਹਜ਼ਾਰ ਰੁਪਏ ਜੁਰਮਾਨਾ ਭਰਨ ਦਾ ਹੁਕਮ ਸੁਣਾਇਆ ਹੈ।

ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਵਿਜੀਲੈਂਸ ਜਸਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਹਵਾਲਾਤੀ ਹਰਚਰਨਵੀਰ ਸਿੰਘ ਨੂੰ ਉਸ ਦੀ ਪਤਨੀ ਨਾਲ ਘਰੇਲੂ ਲੜਾਈ-ਝਗੜਾ ਹੋਣ ਕਾਰਨ ਕੰਡੀਸ਼ਨਲ ਵਾਰੰਟ ਰਾਹੀਂ 11 ਅਪ੍ਰੈਲ 2016 ਨੂੰ 30 ਦਿਨਾਂ ਲਈ ਕੇਂਦਰੀ ਜੇਲ 'ਚ ਭੇਜਿਆ ਗਿਆ ਸੀ। ਇਸ ਦੌਰਾਨ ਦੋਸ਼ੀ ਵਾਰਡਨ ਮਨਜੀਤ ਸਿੰਘ ਨੇ ਹਰਚਰਨਵੀਰ ਸਿੰਘ ਦੀ ਮਾਤਾ ਕੋਲੋਂ ਉਸ ਦੇ ਬੇਟੇ ਦੀ ਜੇਲ ਵਿਚ ਸਾਂਭ-ਸੰਭਾਲ ਅਤੇ ਕੁੱਟ-ਮਾਰ ਨਾ ਕਰਨ ਬਦਲੇ 10 ਹਜ਼ਾਰ ਰੁਪਏ ਦੀ ਮੰਗ ਕੀਤੀ। ਦੋਸ਼ੀ ਸਿਪਾਹੀ ਮਨਜੀਤ ਸਿੰਘ (ਵਾਰਡਨ) ਵੱਲੋਂ ਉਕਤ ਔਰਤ ਨਾਲ ਸਰੀਰਕ ਸ਼ੋਸਣ ਕਰਨ ਦੇ ਮੰਤਵ ਨਾਲ ਅਸ਼ਲੀਲ ਹਰਕਤਾਂ ਵੀ ਕੀਤੀਆਂ ਗਈਆਂ।
ਐੱਸ. ਐੱਸ. ਪੀ. ਨੇ ਦੱਸਿਆ ਕਿ ਮਨਜੀਤ ਸਿੰਘ ਨੂੰ ਡੀ. ਐੱਸ. ਪੀ. ਵਿਜੀਲੈਂਸ ਬਿਊਰੋ ਪਟਿਆਲਾ ਵੱਲੋਂ 10 ਹਜ਼ਾਰ ਰੁਪਏ ਰਿਸ਼ਵਤ ਹਾਸਲ ਕਰਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ। ਮੁਕੱਦਮਾ ਨੰਬਰ 4 ਮਿਤੀ 2 ਮਈ 2016 ਅਧੀਨ ਧਾਰਾ 7, 13 (1) (ਡੀ), 13 (2) 1988 ਪੀ. ਸੀ. ਐਕਟ ਅਤੇ 452, 354, 506, 509 ਆਈ. ਪੀ. ਸੀ. ਥਾਣਾ ਵਿਜੀਲੈਂਸ ਬਿਊਰੋ ਪਟਿਆਲਾ ਰੇਂਜ ਵਿਖੇ ਦਰਜ ਕੀਤਾ ਗਿਆ ਸੀ। ਉਕਤ ਮੁਕੱਦਮੇ 'ਚ ਅਦਾਲਤ ਨੇ 11 ਜੁਲਾਈ 2019 ਨੂੰ ਦੋਸ਼ੀ ਸਿਪਾਹੀ ਮਨਜੀਤ ਸਿੰਘ (ਵਾਰਡਨ) ਕੇਂਦਰੀ ਜੇਲ ਪਟਿਆਲਾ ਨੂੰ 7 ਸਾਲ ਦੀ ਕੈਦ (ਸਜ਼ਾ) ਅਤੇ 1 ਲੱਖ 40 ਹਜ਼ਾਰ ਰੁਪਏ ਜੁਰਮਾਨਾ ਭਰਨ ਦਾ ਹੁਕਮ ਸੁਣਾਇਆ ਹੈ।

Shyna

This news is Content Editor Shyna