ਪੁਰਾਤਨ ਜੇਲ ਬੱਸੀ ਪਠਾਣਾ ਨੂੰ ''ਗੁਰੂ ਤੇਗ ਬਹਾਦਰ ਜੀ'' ਦੀ ਯਾਦ ਵਜੋਂ ਸੰਭਾਲੇ ਸਰਕਾਰ

06/14/2019 10:25:57 AM

ਮੋਹਾਲੀ (ਨਿਆਮੀਆਂ) : ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਪੁਰਾਤਨ ਜੇਲ ਬੱਸੀ ਪਠਾਣਾ (ਜ਼ਿਲਾ ਫਤਿਹਗੜ੍ਹ ਸਾਹਿਬ) ਦੇ ਇਤਿਹਾਸਕ ਪਿਛੋਕੜ ਦੀ ਲੋਅ 'ਚ ਇਸ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਜੋਂ ਸੰਭਾਲਿਆ ਜਾਵੇ ਅਤੇ ਇਸ ਅਸਥਾਨ ਨੂੰ 'ਗੁਰਦੁਆਰਾ ਸਾਹਿਬ ਨੌਵੀਂ ਪਾਤਸ਼ਾਹੀ' 'ਚ ਤਬਦੀਲ ਕੀਤਾ ਜਾਵੇ।
ਉਨ੍ਹਾਂ ਲਿਖਿਆ ਕਿ ਇਸ ਸਬੰਧੀ ਉਨ੍ਹਾਂ ਨੇ 17 ਨਵੰਬਰ, 2017 ਨੂੰ ਸਾਥੀਆਂ ਸਮੇਤ ਇਸ ਪੁਰਾਤਨ ਜੇਲ ਦਾ ਦੌਰਾ ਕਰ ਕੇ ਇਸ ਦੀ ਹਾਲਤ ਦਾ ਬਾਕਾਇਦਾ ਮੁਆਇਨਾ ਕੀਤਾ ਸੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੁਰੰਤ ਬੱਸੀ ਪਠਾਣਾ ਦੀ ਪੁਰਾਤਨ ਜੇਲ ਦਾ ਕਬਜ਼ਾ ਪ੍ਰਾਪਤ ਕਰਨ ਲਈ ਅਪੀਲ ਕੀਤੀ ਸੀ। ਉਨ੍ਹਾਂ ਲਿਖਿਆ ਕਿ ਦਸੰਬਰ 2017 'ਚ ਪੰਜਾਬ ਸਰਕਾਰ ਦੇ ਹਵਾਲੇ ਨਾਲ ਖਬਰਾਂ ਆਈਆਂ ਸਨ ਕਿ ਕੈਪਟਨ ਅਮਰਿੰਦਰ ਸਿੰਘ ਨੇ ਸੈਰ-ਸਪਾਟਾ ਵਿਭਾਗ ਅਤੇ ਸੱਭਿਆਚਾਰਕ ਮਾਮਲਿਆਂ ਦੇ ਸਕੱਤਰ ਨੂੰ ਹਦਾਇਤ ਕੀਤੀ ਹੈ ਕਿ ਬੱਸੀ ਪਠਾਣਾ ਦੀ ਪੁਰਾਤਨ ਜੇਲ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਯਾਦ 'ਚ ਇਕ ਸਮਾਰਕ ਵਜੋਂ ਵਿਕਸਤ ਕਰਨ ਲਈ ਪ੍ਰਾਜੈਕਟਰਿਪੋਰਟ ਤਿਆਰ ਕਰ ਕੇ ਉਨ੍ਹਾਂ ਨੂੰ ਪੇਸ਼ ਕੀਤੀ ਜਾਵੇ। ਡੇਢ ਸਾਲ ਬੀਤ ਜਾਣ ਤੋਂ ਬਾਅਦ ਵੀ ਇਸ ਸਾਰੇ ਮਾਮਲੇ ਵਿਚ, ਸੰਜੀਦਗੀ ਨਾਲ ਹਾਲੇ ਇਕ ਪੂਣੀ ਵੀ ਨਹੀਂ ਕੱਤੀ ਗਈ।
ਉਨ੍ਹਾਂ ਪੱਤਰ 'ਚ ਲਿਖਿਆ ਕਿ ਬੀਤੀ 4 ਜੂਨ ਨੂੰ ਪੰਜਾਬ ਦੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਪਟਿਆਲੇ ਵਿਖੇ ਇਹ ਐਲਾਨ ਕੀਤਾ ਗਿਆ ਹੈ ਕਿ ਬੱਸੀ ਪਠਾਣਾ ਦੀ ਪੁਰਾਤਨ ਜੇਲ ਦੀ ਮੁਰੰਮਤ ਕਰਵਾ ਕੇ ਉਸ ਨੂੰ ਦੁਬਾਰਾ ਨਵੇਂ ਸਿਰਿਓਂ ਫਤਿਹਗੜ੍ਹ ਸਾਹਿਬ ਦੀ ਜ਼ਿਲਾ ਜੇਲ ਵਜੋਂ ਵਰਤੋਂ ਵਿਚ ਲਿਆਂਦਾ ਜਾਵੇਗਾ ਪਰ ਇਤਿਹਾਸਕ ਤੱਥਾਂ ਦੀ ਦ੍ਰਿਸ਼ਟੀ ਵਿਚ ਇਸ ਜਗ੍ਹਾ 'ਤੇ ਹੁਣ ਗੁਰੂ ਸਾਹਿਬਾਨ ਦੀ ਯਾਦ ਵਿਚ ਇਤਿਹਾਸਕ ਗੁਰਦੁਆਰਾ ਸਾਹਿਬ ਨੌਵੀਂ ਪਾਤਸ਼ਾਹੀ ਦੀ ਤਾਮੀਰ ਕਰਨ ਤੋਂ ਬਿਨਾਂ ਹੋਰ ਕੁੱਝ ਨਹੀਂ ਹੋਣਾ ਚਾਹੀਦਾ।
ਉਨ੍ਹਾਂ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਉਹ ਬੱਸੀ ਪਠਾਣਾਂ ਦੀ ਪੁਰਾਤਨ ਜੇਲ ਦੀ ਜ਼ਮੀਨ ਦੀ ਨਿਸ਼ਾਨਦੇਹੀ ਕਰ ਕੇ ਇਸ ਦੀ ਪੁਰਾਤਨ ਇਮਾਰਤ ਦਾ ਕਬਜ਼ਾ ਤੁਰੰਤ ਪੁਰਾਤੱਤਵ ਵਿਭਾਗ ਦੇ ਹਵਾਲੇ ਕਰ ਕੇ ਇਸ ਦੀ ਪੁਰਾਣੀ ਦਿੱਖ ਨੂੰ ਬਰਕਰਾਰ ਰੱਖਣ ਲਈ ਮੁਰੰਮਤ ਦਾ ਕੰਮ ਤੁਰੰਤ ਸ਼ੁਰੂ ਕਰਵਾਉਣ ਅਤੇ ਇਸ ਸਾਰੇ ਕਾਰਜ ਲਈ ਲੋੜੀਂਦੀ ਰਕਮ ਪੁਰਾਤੱਤਵ ਵਿਭਾਗ ਨੂੰ ਫੌਰੀ ਤੌਰ 'ਤੇ ਜਾਰੀ ਕੀਤੀ ਜਾਵੇ ਅਤੇ ਇੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਵਿਚ ਇਤਿਹਾਸਕ ਗੁਰਦੁਆਰੇ ਦੀ ਉਸਾਰੀ ਕਰਵਾਈ ਜਾਵੇ।

Babita

This news is Content Editor Babita