ਰਿਸ਼ਵਤ ਮਾਮਲੇ ''ਚ ਪਾਵਰਕਾਮ ਦੇ ਜੇ. ਈ. ਨੂੰ 4 ਸਾਲ ਦੀ ਕੈਦ

10/28/2017 2:01:20 AM

ਬਠਿੰਡਾ(ਜ. ਬ.)-ਰਿਸ਼ਵਤ ਲੈਣ ਦੇ ਇਕ ਮਾਮਲੇ 'ਚ ਬਠਿੰਡਾ ਅਦਾਲਤ ਨੇ ਪਾਵਰਕਾਮ ਦੇ ਇਕ ਜੇ. ਈ. ਨੂੰ 4 ਸਾਲ ਦੀ ਕੈਦ ਤੇ 20 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜਾਣਕਾਰੀ ਮੁਤਾਬਕ 2014 'ਚ ਪਾਵਰਕਾਮ ਦੇ ਜੇ.ਈ. ਸ਼ਾਮ ਲਾਲ ਨੇ ਭੁੱਚੋ ਮੰਡੀ ਵਿਖੇ ਛਾਪੇਮਾਰੀ ਦੌਰਾਨ ਆੜ੍ਹਤੀਏ ਕ੍ਰਿਸ਼ਨ ਕੁਮਾਰ ਦੀ ਦੁਕਾਨ 'ਤੇ ਬਿਜਲੀ ਚੋਰੀ ਫੜੀ ਸੀ, ਜਿਸ 'ਤੇ ਉਸ ਨੇ ਆੜ੍ਹਤੀਏ ਤੋਂ 20 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ। ਆੜ੍ਹਤੀਏ ਨੇ ਉਸ ਨੂੰ ਪੈਸੇ ਦੇਣ ਖਾਤਰ ਆਪਣੇ ਘਰ ਬੁਲਾ ਲਿਆ। ਜਦੋਂ ਕਿ ਦੂਜੇ ਪਾਸੇ ਵਿਜੀਲੈਂਸ ਤੇ ਪੁਲਸ ਵਿਭਾਗ ਨੂੰ ਵੀ ਸ਼ਿਕਾਇਤ ਕਰ ਦਿੱਤੀ ਗਈ। ਫਿਰ ਜਦੋਂ ਜੇ.ਈ. ਉਸ ਦੇ ਘਰ ਪੈਸੇ ਲੈਣ ਪਹੁੰਚਿਆ ਤਾਂ ਵਿਜੀਲੈਂਸ ਨੇ ਉਸ ਨੂੰ ਰਿਸ਼ਵਤ ਦੇ 18000 ਰੁਪਏ ਸਣੇ ਰੰਗੇਹੱਥੀਂ ਗ੍ਰਿਫ਼ਤਾਰ ਕਰ ਲਿਆ।
ਇਹ ਮਾਮਲਾ ਬਠਿੰਡਾ ਅਦਾਲਤ 'ਚ ਵਿਚਾਰ ਅਧੀਨ ਸੀ, ਜਦਕਿ ਜੇ.ਈ. ਜ਼ਮਾਨਤ 'ਤੇ ਚੱਲ ਰਿਹਾ ਸੀ। ਅੱਜ ਅਦਾਲਤ ਨੇ ਉਕਤ ਨੂੰ 4 ਸਾਲ ਦੀ ਕੈਦ ਅਤੇ 20 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਉਂਦਿਆਂ ਦੋਸ਼ੀ ਨੂੰ ਗ੍ਰਿਫ਼ਤਾਰ ਕਰਵਾਉਣ ਤੋਂ ਬਾਅਦ ਕੇਂਦਰੀ ਜੇਲ ਬਠਿੰਡਾ 'ਚ ਭੇਜ ਦਿੱਤਾ।