ਹੁਸ਼ਿਆਰਪੁਰ: ਵਿਆਹ ਦੀ ਜਾਗੋ ਦੌਰਾਨ ਚੱਲੀ ਗੋਲੀ, ਲੜਕੀ ਦੀ ਮੌਤ (ਵੀਡੀਓ)

02/11/2018 5:54:56 PM

ਹੁਸ਼ਿਆਰਪੁਰ (ਮਿਸ਼ਰਾ/ਅਮਰਿੰਦਰ)— ਵਿਆਹ ਸਮਾਰੋਹ ਦੇ ਇਕ ਪ੍ਰੋਗਰਾਮ ਦੌਰਾਨ ਗੋਲੀ ਲੱਗਣ ਨਾਲ ਲੜਕੀ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਹੁਸ਼ਿਆਰਪੁਰ ਦੇ ਮੁਹੱਲਾ ਛੱਤਾ ਬਾਜ਼ਾਰ 'ਚ ਬੀਤੀ ਰਾਤ 11 ਵਜੇ ਦੇ ਕਰੀਬ ਇਕ ਲੜਕੀ ਦੇ ਵਿਆਹ ਸਮਾਰੋਹ ਦੇ ਚਲਦਿਆਂ ਜਾਗੋ ਕੱਢੀ ਜਾ ਰਹੀ ਸੀ ਕਿ ਇਸ ਦੌਰਾਨ ਗੁਆਂਢ 'ਚ ਰਹਿਣ ਵਾਲੀ ਲੜਕੀ ਸਾਕਸ਼ੀ ਅਰੋੜਾ (20) ਐੱਮ. ਬੀ. ਏ. ਦੀ ਵਿਦਿਆਰਥਣ ਆਪਣੇ ਘਰ ਦੀ ਛੱਤ 'ਤੇ ਖੜ੍ਹੀ ਹੋ ਕੇ ਜਾਗੋ ਦੇਖ ਰਹੀ ਸੀ। ਕੱਢੀ ਗਈ ਜਾਗੋ ਦੇ ਸਮਾਰੋਹ ਦੌਰਾਨ ਲਾੜੀ ਦੇ ਪਿਤਾ ਅਸ਼ੋਕ ਸ਼ੋਕੀ ਨੇ ਗੋਲੀ ਚਲਾ ਦਿੱਤੀ, ਜੋ ਛੱਤ 'ਤੇ ਖੜ੍ਹੀ ਸਾਕਸ਼ੀ ਦੇ ਜਾ ਲੱਗੀ, ਜਿਸ ਨਾਲ ਉਸ ਦੀ ਮੌਤ ਹੋ ਗਈ। ਗੋਲੀ ਲੱਗਣ ਤੋਂ ਬਾਅਦ ਸਾਕਸ਼ੀ ਅਰੋੜਾ ਨੂੰ 2 ਨੌਜਵਾਨ ਤੁਰੰਤ ਐਕਟਿਵਾ 'ਤੇ ਸਵਾਰ ਹੋ ਇਕ ਨਿੱਜੀ ਹਸਪਤਾਲ 'ਚ ਲੈ ਕੇ ਪਹੁੰਚੇ। ਡਿਊਟੀ 'ਤੇ ਤਾਇਨਾਤ ਮੈਡੀਕਲ ਸਟਾਫ ਨੇ ਜਦ ਕਿਹਾ ਕਿ ਲੜਕੀ ਦੀ ਤਾਂ ਮੌਤ ਹੋ ਚੁੱਕੀ ਹੈ ਤਾਂ ਦੋਵੇਂ ਹੀ ਲੜਕੇ ਮੌਕੇ ਤੋਂ ਗਾਇਬ ਹੋ ਗਏ। ਘਟਨਾ ਦਾ ਪਤਾ ਚੱਲਦੇ ਹੀ ਡੀ. ਐੱਸ. ਪੀ. ਸਿਟੀ ਸੁਖਵਿੰਦਰ ਸਿੰਘ ਨੇ ਪੁਲਸ ਫੋਰਸ ਦੇ ਨਾਲ ਮੌਕੇ 'ਤੇ ਪਹੁੰਚ ਕੇ ਅਸ਼ੋਕ ਸ਼ੋਕੀ ਨੂੰ ਗ੍ਰਿਫਤਾਰ ਕਰ ਲਿਆ ਸੀ, ਜਦਕਿ ਉਸ ਦਾ ਦੋਸਤ ਫਰਾਰ ਦੱਸਿਆ ਜਾ ਰਿਹਾ ਹੈ। ਸਿਟੀ ਪੁਲਸ ਨੇ ਦੋਸ਼ੀਆਂ ਦੇ ਖਿਲਾਫ ਧਾਰਾ 302 ਅਤੇ ਆਰਮਜ ਐਕਟ ਦੇ ਅਧੀਨ ਕੇਸ ਦਰਜ ਕੀਤਾ ਹੈ।

ਕੀ ਹੈ ਮਾਮਲਾ?
ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਛੱਤਾ ਬਾਜ਼ਾਰ ²ਸ਼ੀਤਲਾ ਮੰਦਰ ਵਾਸੀ ਅਸ਼ੋਕ ਖੋਸਲਾ ਸ਼ੋਕੀ ਦੀ ਲੜਕੀ ਆਰਤੀ ਦਾ 11 ਫਰਵਰੀ ਨੂੰ ਵਿਆਹ ਸੀ। ਇਸੇ ਨੂੰ ਲੈ ਕੇ 10 ਫਰਵਰੀ ਨੂੰ ਜਾਗੋ ਅਤੇ ਡੀ. ਜੇ. ਪਾਰਟੀ ਰੱਖੀ ਗਈ ਸੀ। ਜਾਗੋ ਜਦ ਮੁਹੱਲੇ ਦੀਆਂ ਵੱਖ-ਵੱਖ ਗਲੀਆਂ 'ਚ ਘੁੰਮ ਕੇ ਘਰ ਨਜ਼ਦੀਕ ਪਹੁੰਚੀ ਤਾਂ ਇਸੇ ਦੌਰਾਨ ਡੀ. ਜੇ. ਸ਼ੁਰੂ ਹੋ ਗਿਆ। ਇਸ ਦੌਰਾਨ ਲਾੜੀ ਦੇ ਪਿਤਾ ਅਸ਼ੋਕ ਸ਼ੋਕੀ ਸਮੇਤ ਕੁਝ ਲੋਕਾਂ ਨੇ ਰਿਵਾਲਵਰ ਅਤੇ ਦੋਨਾਲੀ ਕੱਢੀ ਅਤੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਅਤੇ ਗੋਲੀ ਗੁਆਂਢ 'ਚ ਰਹਿੰਦੀ ਆਪਣੇ ਘਰ ਦੀ ਛੱਤ 'ਤੇ ਖੜ੍ਹੀ ਸਾਕਸ਼ੀ ਦੇ ਸਿਰ 'ਚ ਜਾ ਲੱਗੀ ਅਤੇ ਉਸ ਦੀ ਮੌਤ ਹੋ ਗਈ। ਸਾਕਸ਼ੀ ਦੀ ਮੌਤ ਦੀ ਖਬਰ ਫੈਲਦੇ ਹੀ ਵਿਆਹ ਦੀਆਂ ਖੁਸ਼ੀਆਂ ਚੀਖ-ਚਿਹਾੜੇ 'ਚ ਬਦਲ ਗਈਆਂ।

ਕੀ ਕਹਿੰਦੇ ਹਨ ਮ੍ਰਿਤਕਾ ਸਾਕਸ਼ੀ ਦੇ ਪਰਿਵਾਰ ਵਾਲੇ
ਸਾਕਸ਼ੀ ਦੇ ਪਿਤਾ ਚਰਨਜੀਤ ਅਰੋੜਾ ਨੇ ਪੁਲਸ ਨੂੰ ਦੱਸਿਆ ਕਿ ਪ੍ਰਸ਼ਾਸਨ ਦੀ ਇਜਾਜ਼ਤ ਲਏ ਬਿਨਾਂ ਦੇਰ ਰਾਤ ਡੀ. ਜੇ. ਦੇ ਰੋਲੇ 'ਚ ਅਸ਼ੋਕ ਅਤੇ ਉਸ ਦੇ ਸਾਥੀ ਦੋਨਾਲੀ ਅਤੇ ਪਿਸਤੌਲ ਚਲਾ ਰਹੇ ਸੀ, ਜਿਸ ਦੀ ਗੋਲੀ ਨਾਲ ਮੇਰੀ ਬੇਟੀ ਸਾਕਸ਼ੀ ਦੀ ਮੌਤ ਹੋ ਗਈ। ਸਾਕਸ਼ੀ ਜਲੰਧਰ ਦੇ ਏ. ਪੀ. ਜੇ. ਕਾਲਜ 'ਚ ਐੱਮ. ਬੀ. ਏ ਦੀ ਹੋਣਹਾਰ ਵਿਦਿਆਰਥਣ ਸੀ ਅਤੇ ਸੋਮਵਾਰ ਤੋਂ ਪ੍ਰੀਖਿਆ ਸ਼ੁਰੂ ਹੋਣ ਵਾਲੀ ਸੀ। ਉਨ੍ਹਾਂ ਨੇ ਪੁਲਸ ਤੋਂ ਮੰਗ ਕੀਤੀ ਕਿ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਪੋਸਟਮਾਰਟਮ ਰਿਪੋਰਟ 'ਚ ਗੋਲੀ ਦੋਨਾਲੀ ਬੰਦੂਕ ਦੀ
ਐਤਵਾਰ ਬਾਅਦ ਦੁਪਹਿਰ ਸਿਵਲ ਹਸਪਤਾਲ 'ਚ ਡਾ. ਜਸਵਿੰਦਰ ਸਿੰਘ, ਡਾ. ਖੁਸ਼ਵੀਰ ਸਿੰਘ ਅਤੇ ਫਾਰਮਸਿਸਟ ਅਮ੍ਰਿਤਾ ਦੀ ਦੇਖ ਰੇਖ 'ਚ ਲਾਸ਼ ਦਾ ਪੋਸਟਮਾਰਟਮ ਹੋਣ ਉਪਰੰਤ ਲਾਸ਼ ਨੂੰ ਪਰਿਵਾਰ ਹਵਾਲੇ ਕਰ ਦਿੱਤਾ ਗਿਆ। ਪੋਸਟਮਾਰਟਮ ਰਿਪੋਰਟ ਅਨੁਸਾਰ ਸਾਕਸ਼ੀ ਦੇ ਸਿਰ 'ਚ ਲੱਗੀ ਗੋਲੀ ਪਿਸਤੌਲ ਦੀ ਨਹੀਂ ਸਗੋਂ ਦੋਨਾਲੀ ਬੰਦੂਕ ਦੀ ਹੈ। ਐਕਸਰੇ ਰਿਪੋਰਟ 'ਚ ਵੀ ਗੋਲੀ ਦੋਨਾਲੀ ਬੰਦੂਕ ਦੀ ਦੱਸੀ ਜਾ ਰਹੀ ਹੈ।