ਜਗਮੀਤ ਬਰਾੜ ਦੀ ਕਿਸੇ ਪਲ ਵੀ ਹੋ ਸਕਦੀ ਹੈ ਘਰ ਵਾਪਸੀ

02/10/2018 6:27:53 AM

ਲੁਧਿਆਣਾ(ਮੁੱਲਾਂਪੁਰੀ)-ਤੇਜ਼-ਤਰਾਰ ਸਿਆਸੀ ਹਲਕਿਆਂ 'ਚ ਜਾਣੇ ਜਾਂਦੇ ਸਾਬਕਾ ਐੱਮ. ਪੀ. ਜਗਮੀਤ ਸਿੰਘ ਬਰਾੜ ਨੇ 2016 'ਚ ਕਾਂਗਰਸ ਪ੍ਰਧਾਨ 'ਕੈਪਟਨ ਅਮਰਿੰਦਰ ਸਿੰਘ ਵਿੱਦ ਕੌਫੀ' ਦੇ ਮੁਕਾਬਲੇ 'ਤੇ ਲੁਧਿਆਣਾ ਆ ਕੇ 'ਪੰਜਾਬੀ ਬਨਾਮ ਲੱਸੀ' ਨਾਅਰਾ ਦੇ ਕੇ ਇਕ ਨਵੀਂ ਚਰਚਾ ਛੇੜੀ ਸੀ। ਉਸ ਤੋਂ ਬਾਅਦ ਜਗਮੀਤ ਸਿੰਘ ਬਰਾੜ ਕਾਂਗਰਸ ਪਾਰਟੀ ਤੋਂ ਵੱਖ ਹੋ ਗਏ ਸਨ ਅਤੇ ਕਾਫੀ ਸਮਾਂ ਉਹ ਘਰ ਵੀ ਬੈਠੇ ਰਹੇ ਪਰ ਪਿੱਛੇ ਜਿਹੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਕੁਮਾਰੀ ਮਮਤਾ ਬੈਨਰਜੀ ਨੇ ਉਨ੍ਹਾਂ ਨੂੰ ਤ੍ਰਿਣਮੂਲ ਕਾਂਗਰਸ ਪੰਜਾਬ ਦਾ ਪ੍ਰਧਾਨ ਬਣਾ ਕੇ ਸਿਆਸੀ ਆਕਸੀਜਨ ਦੇਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਵੀ ਵਿਅਰਥ ਗਈ ਅਤੇ ਆਖਿਰ ਅਸਤੀਫਾ ਦੇ ਦਿੱਤਾ। ਅੱਜ ਕੱਲ ਬਰਾੜ ਪੰਜਾਬ 'ਚ ਆਪਣੇ ਸੰਗੀ-ਸਾਥੀਆਂ ਤੇ ਸਿਆਸੀ ਆਗੂਆਂ ਨਾਲ ਵਿਚਾਰ-ਵਟਾਂਦਰਾ ਕਰ ਕੇ ਮੁੜ ਕਾਂਗਰਸ 'ਚ ਸ਼ਾਮਲ ਹੋਣ ਦੀ ਤਿਆਰੀ 'ਚ ਦੱਸੇ ਜਾ ਰਹੇ ਹਨ। ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਕਾਂਗਰਸ ਦੇ ਰਾਹੁਲ ਗਾਂਧੀ ਦੇ ਪ੍ਰਧਾਨ ਬਣਨ ਤੋਂ ਬਾਅਦ ਸ. ਬਰਾੜ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਦੇ ਵੱਡੇ ਆਗੂ ਦੀ ਆਸ ਜਤਾਈ। ਸੂਤਰਾਂ ਨੇ ਦੱਸਿਆ ਕਿ ਸ. ਬਰਾੜ ਦੀ ਘਰ ਵਾਪਸੀ ਵਿਚ ਦਿੱਲੀ ਦੇ ਦੋ ਵੱਡੇ ਨੇਤਾ ਵੀ ਰੁਚੀ ਦਿਖਾ ਰਹੇ ਹਨ, ਜਿਸ ਤੋਂ ਇਹ ਲਗਭਗ ਤੈਅ ਲੱਗ ਰਿਹਾ ਹੈ ਕਿ ਸ. ਬਰਾੜ ਦੀ ਘਰ ਵਾਪਸੀ ਕਿਸੇ ਪਲ ਵੀ ਹੋ ਸਕਦੀ ਹੈ ਪਰ ਬਰਾੜ ਦੇ ਸਮਰਥਕਾਂ ਦਾ ਇਹ ਕਹਿਣਾ ਹੈ ਕਿ ਘਰ ਵਾਪਸੀ ਦੇ ਨਾਲ-ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪ. ਅਮਰਿੰਦਰ ਸਿੰਘ ਨਾਲ ਵੀ ਦੋਸਤਾਨਾ ਸਬੰਧ ਅਤੇ ਸਾਰੇ ਸਿਆਸੀ ਝਗੜੇ-ਝਮੇਲਿਆਂ ਨੂੰ ਤਿਲਾਂਜਲੀ ਦੇ ਕੇ ਫਿਰ ਦਿੱਲੀ ਵੱਲ ਕੂਚ ਕੀਤਾ ਜਾਵੇ। ਅੱਜ ਜਦੋਂ ਸ. ਬਰਾੜ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਦੇ ਮੋਬਾਇਲ ਫੋਨ 'ਤੇ ਕਈ ਵਾਰ ਘੰਟੀ ਵੱਜੀ ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।