ਜਗਮੇਲ ਦੀ ਮੌਤ ਪੰਜਾਬ 'ਚ ਦਲਿਤਾਂ 'ਤੇ ਅੱਤਿਆਚਾਰ ਦੀ ਇਕ ਹੋਰ ਮਿਸਾਲ : ਸੁਖਬੀਰ

11/17/2019 12:34:27 AM

ਚੰਡੀਗੜ੍ਹ,(ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅੱਜ ਕਾਂਗਰਸੀ ਹਕੂਮਤ ਦੌਰਾਨ ਇਕ ਦਲਿਤ ਨੌਜਵਾਨ 'ਤੇ ਕੀਤੇ ਜਾਬਰਾਨਾ ਅੱਤਿਆਚਾਰਾਂ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਨੇ 37 ਸਾਲਾ ਦਲਿਤ ਮਜ਼ਦੂਰ ਦੀ ਮੌਤ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ, ਜਿਸ ਦੀ ਬੁਰੀ ਤਰ੍ਹਾਂ ਕੁੱਟਣ ਅਤੇ ਪਿਸ਼ਾਬ ਪੀਣ ਲਈ ਮਜਬੂਰ ਕਰਨ ਵਰਗੇ ਅਣਮਨੁੱਖੀ ਅਤਿਆਚਾਰਾਂ ਤੋਂ ਬਾਅਦ ਅੱਜ ਮੌਤ ਹੋ ਗਈ ਹੈ। ਇਹ ਟਿੱਪਣੀ ਕਰਦਿਆਂ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੀ ਅਗਵਾਈ ਅਧੀਨ ਪੰਜਾਬ ਅੰਦਰ ਜੰਗਲ ਰਾਜ ਦਾ ਬੋਲਬਾਲਾ ਹੈ, ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਦਲਿਤਾਂ 'ਤੇ ਅੱਤਿਆਚਾਰਾਂ ਦੀਆਂ ਘਟਨਾਵਾਂ ਵਾਰ-ਵਾਰ ਵਾਪਰ ਰਹੀਆਂ ਹਨ ਅਤੇ ਸੰਗਰੂਰ ਵਾਸੀ ਜਗਮੇਲ ਦੇ ਤਾਜ਼ਾ ਮਾਮਲੇ ਨੇ ਹਰ ਸੰਵੇਦਨਸ਼ੀਲ ਪੰਜਾਬੀ ਦੇ ਜ਼ਮੀਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਜਗਮੇਲ ਨੂੰ ਇਕ ਖੰਭੇ ਨਾਲ ਬੰਨ੍ਹਣ ਮਗਰੋਂ ਕੁੱਝ ਲੋਕਾਂ ਨੇ ਉਸ 'ਤੇ ਅਣਮਨੁੱਖੀ ਅੱਤਿਆਚਾਰ ਕੀਤਾ ਸੀ। ਉਨ੍ਹਾਂ ਉਸ ਦੀ ਲੱਤਾਂ ਉੱਤੇ ਤੇਜ਼ਾਬ ਪਾ ਦਿੱਤਾ ਅਤੇ ਜਦੋਂ ਉਸ ਨੇ ਪਾਣੀ ਮੰਗਿਆ ਤਾਂ ਉਸ ਨੂੰ ਜਬਰਦਸਤੀ ਪਿਸ਼ਾਬ ਪਿਲਾਇਆ ਗਿਆ।
ਇਹ ਟਿੱਪਣੀ ਕਰਦਿਆਂ ਕਿ ਸੂਬੇ ਅੰਦਰ ਪ੍ਰਸ਼ਾਸਨ ਨਾਂ ਦੀ ਕੋਈ ਸ਼ੈਅ ਨਹੀਂ ਹੈ, ਸੁਖਬੀਰ ਬਾਦਲ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਜਦੋਂ ਸਮਾਜ ਦੇ ਸਾਰੇ ਵਰਗਾਂ ਦਾ ਜਿਊਣਾ ਮੁਸ਼ਕਿਲ ਹੋਇਆ ਪਿਆ ਹੈ ਤਾਂ ਅਜਿਹੇ ਸਮੇਂ ਮੁੱਖ ਮੰਤਰੀ 14 ਦਿਨਾਂ ਲਈ ਛੁੱਟੀਆਂ ਮਨਾਉਣ ਯੂਰਪ ਚਲਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਲੋਕਾਂ ਪ੍ਰਤੀ ਇੰਨੀ ਲਾਪਰਵਾਹੀ ਹੈਰਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਜਗਮੇਲ ਦੇ ਹਮਲਾਵਰਾਂ ਖ਼ਿਲਾਫ ਕੋਈ ਵੀ ਕਾਰਵਾਈ ਕਰਨ 'ਚ ਨਾਕਾਮ ਰਹੀ ਹੈ ਅਤੇ ਨਾ ਹੀ ਇਹ ਜਗਮੇਲ ਦਾ ਸਹੀ ਢੰਗ ਨਾਲ ਇਲਾਜ ਕਰਵਾ ਸਕੀ ਹੈ। ਜਗਮੇਲ ਦਾ ਇਲਾਜ ਕਰਵਾਉਣ ਵਿਚ ਕੀਤੀ ਦੇਰੀ ਇਕ ਅਪਰਾਧਿਕ ਲਾਪਰਵਾਹੀ ਦੇ ਸਮਾਨ ਹੈ, ਜਿਸ ਲਈ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।