DSGMC ਵਲੋਂ ਟਾਇਟਲਰ ਦੇ 5 ਵੀਡੀਓ ਕਲਿੱਪ ਜਾਰੀ

02/21/2019 1:27:01 AM

ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੁੱਧਵਾਰ ਕਾਂਗਰਸ ਆਗੂ ਜਗਦੀਸ਼ ਟਾਇਟਲਰ ਦਾ ਸਟਿੰਗ ਆਪਰੇਸ਼ਨ ਜਾਰੀ ਕਰਦੇ ਹੋਏ ਟਾਈਟਲਰ ਵਲੋਂ 1984 'ਚ ਕਥਿਤ ਤੌਰ 'ਤੇ 100 ਸਿੱਖਾਂ ਦਾ ਕਤਲ ਕਬੂਲ ਕਰਨ ਦਾ ਵੀਡੀਓ ਪੇਸ਼ ਕੀਤਾ। ਕਮੇਟੀ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਰਾਸ਼ਟਰੀ ਬੁਲਾਰੇ ਮਨਜੀਤ ਸਿੰਘ ਕੇ ਜੀ ਨੇ ਬੁੱਧਵਾਰ ਕਾਂਸੀਟਿਊਸ਼ਨ ਕਲੱਬ 'ਚ ਮੀਡੀਆ ਸਾਹਮਣੇ 5 ਵੀਡੀਓ ਕਲਿੱਪ ਜਾਰੀ ਕੀਤੇ, ਜੋ ਕਿ ਇਕ ਲਿਫਾਫੇ 'ਚ ਜੀ. ਕੇ. ਨੂੰ ਮਿਲੇ ਸਨ।
ਜੀ. ਕੇ. ਨੇ ਦੱਸਿਆ ਕਿ 3 ਫਰਵਰੀ 2018 ਨੂੰ ਦੁਪਹਿਰ ਸਮੇਂ ਉਨ੍ਹਾਂ ਘਰ ਗ੍ਰੇਟਰ ਕੈਲਾਸ਼ ਦੇ ਬਾਹਰ ਉਨ੍ਹਾਂ ਦੇ ਸੁਰੱਖਿਆ ਕਰਮੀ ਨੂੰ ਇਕ ਸਫੇਦ ਲਿਫਾਫਾ ਕੋਈ ਅਣਪਛਾਤਾ ਵਿਅਕਤੀ ਫੜਾ ਗਿਆ ਸੀ। ਲਿਫਾਫੇ 'ਤੇ ਉਨ੍ਹਾਂ ਦੇ ਨਾਮ ਦੇ ਨਾਲ ਇਸ ਨੂੰ ਗੁਪਤ ਦੱਸਦੇ ਹੋਏ ਉਨ੍ਹਾਂ ਨੂੰ ਖੁਦ ਖੋਲਣ ਦੀ ਹਿਦਾਇਤ ਲਿਖੀ ਹੋਈ ਸੀ। ਜਦ 3 ਵਜੇ ਦੇ ਕਰੀਬ ਉਹ ਘਰ ਪਹੁੰਚੇ ਤਾਂ ਉਨ੍ਹਾਂ ਦੇ ਗਾਰਡ ਨੇ ਉਨ੍ਹਾਂ ਨੂੰ ਲਿਫਾਫਾ ਸੌਂਪਿਆ। ਲਿਫਾਫਾ ਖੋਲਣ 'ਤੇ ਉਸ 'ਚੋਂ ਕੁੱਝ ਕਾਗਜ਼ਾਤ ਅਤੇ ਇਕ ਪੈਨ ਡਰਾਈਵ ਬਰਾਮਦ ਹੋਈਆਂ ਹਨ। ਕਾਗਜ਼ਾਤਾਂ ਨੂੰ ਪੜਨ 'ਤੇ ਸਮਝ ਆਇਆ ਕਿ ਇਸ 'ਚ 8 ਦਸੰਬਰ 2011 ਦੀਆਂ 5 ਵੀਡੀਓ ਦੀ ਸਕ੍ਰਿਪਟ ਲਿਖੀ ਹੋਈ ਸੀ। 
ਉਨ੍ਹਾਂ ਨੇ ਤੁਰੰਤ ਇਸ ਲਿਫਾਫੇ ਨੂੰ ਗੁਰਦੁਆਰ ਰਕਾਬਗੰਜ ਸਾਹਿਬ ਸਥਿਤ ਆਪਣੇ ਦਫਤਰ 'ਚ ਆਪਣੇ ਨਿਜੀ ਸਹਾਇਕ ਬਿਕਰਮ ਸਿੰਘ ਕੋਲ ਭੇਜਿਆ ਤਾਂ ਜੋ ਅਗਲੀ ਕਾਰਵਾਈ ਲਈ ਕਮੇਟੀ ਦਾ ਮੀਡੀਆ ਅਤੇ ਕਾਨੂੰਨੀ ਵਿਭਾਗ ਇਸ ਮਾਮਲੇ 'ਚ ਕੁੱਝ ਰਾਏ ਦੇ ਸਕੇ। ਇਸ ਤੋਂ ਬਾਅਦ ਮੀਡੀਆ ਵਿਭਾਗ ਪ੍ਰਮੁੱਖ ਪਰਮਿੰਦਰ ਪਾਲ ਸਿੰਘ ਨੇ ਜਦ ਪੈਨ ਡਰਾਈਵ ਨੂੰ ਚਲਾ ਕੇ ਦੇਖਿਆ ਤਾਂ ਉਸ 'ਚ ਟਾਈਟਲਰ ਦੇ ਹੋਏ ਕਿਸੇ ਸਟਿੰਗ ਆਪਰੇਸ਼ਲ ਦੀਆਂ 5 ਵੀਡੀਓ ਸੀ।  ਜੀ. ਕੇ. ਨੇ ਕਿਹਾ ਕਿ ਵੀਡੀਓ ਨੰਬਰ 3 'ਚ ਟਾਈਟਲਰ ਨੇ ਖੁਦ ਕਿਹਾ ਹੈ ਕਿ ਉਸ ਨੇ 100 ਸਰਦਾਰਾਂ ਦਾ ਕਤਲ ਕੀਤਾ ਹੈ ਪਰ ਕੁੱਝ ਨਹੀਂ ਹੋਇਆ ਤੇ ਜਾਂਚ ਚੱਲ ਰਹੀ ਹੈ। ਇਹ ਟਾਈਟਲਰ ਦਾ ਇਕਬਾਲਿਆ ਜੁਰਮ ਹੈ। ਉਨ੍ਹਾਂ ਕਿਹਾ ਕਿ ਜੇਕਰ ਜਾਂਚ ਏਜੰਸੀਆਂ ਨੇ 24 ਘੰਟੇ ਅੰਦਰ ਟਾਈਟਲਰ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਉਹ ਪੁਲਸ ਦੇ ਮੁੱਖ ਦਫਤਰ ਦਾ ਘੇਰਾਅ ਕਰਨ ਲਈ ਮਜ਼ਬੂਰ ਹੋਣਗੇ। ਅਕਾਲੀ ਦਲ ਇਸ ਮਸਮਲੇ 'ਤੇ ਹੁਣ ਚੁੱਪ ਨਹੀਂ ਬੈਠੇਗੇ ਜ਼ਰੂਰਤ ਪੈਣ 'ਤੇ ਅਕਾਲੀ ਸਾਂਸਦ ਇਸ ਮਸਲੇ ਨੂੰ ਸੰਸਦ 'ਚ ਵੀ ਚੁੱਕਣਗੇ।