ਰਾਜਾ ਦੇ ਚਾਹ ਦੇ ਘੁੱਟ ''ਚ ਲੁਕੀ ਰਹੀ ਵਾਰਨਿੰਗ

02/08/2018 6:41:10 AM

ਜਲੰਧਰ(ਖੁਰਾਣਾ)—ਮੇਅਰ ਜਗਦੀਸ਼ ਰਾਜ ਰਾਜਾ ਨੇ ਅੱਜ ਅਹੁਦਾ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਨਗਰ ਨਿਗਮ ਦੇ ਸੀਨੀਅਰ ਅਧਿਕਾਰੀਆਂ ਨਾਲ ਇਕ ਬੈਠਕ ਕੀਤੀ ਪਰ ਬੈਠਕ ਦੀ ਖਾਸ ਗੱਲ ਇਹ ਰਹੀ ਕਿ ਰਾਜਾ ਦੇ ਚਾਹ ਦੇ ਘੁੱਟ ਵਿਚ ਨਿਗਮ ਅਧਿਕਾਰੀਆਂ ਨੂੰ ਇਕ ਤਰ੍ਹਾਂ ਦੀ ਵਾਰਨਿੰਗ ਮਿਲ ਗਈ ਕਿ ਉਹ ਆਪਣੇ ਕੰਮਕਾਜ ਦੇ ਤੌਰ ਤਰੀਕਿਆਂ ਵਿਚ ਬਦਲਾਅ ਲਿਆਉਣ ਤੇ ਸ਼ਹਿਰ ਦੇ ਵਿਕਾਸ ਵਿਚ ਜੁਟ ਜਾਣ। ਬੈਠਕ ਵਿਚ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ ਤੇ ਡਿਪਟੀ ਮੇਅਰ ਹਰਸਿਮਰਨਜੀਤ ਬੰਟੀ ਤੋਂ ਇਲਾਵਾ ਨਿਗਮ ਕਮਿਸ਼ਨਰ ਡਾ. ਬਸੰਤ ਗਰਗ, ਜੁਆਇੰਟ ਕਮਿਸ਼ਨਰ ਡਾ. ਸ਼ਿਖਾ ਭਗਤ ਆਦਿ ਵੀ ਮੌਜੂਦ ਸਨ। ਮੇਅਰ ਜਗਦੀਸ਼ ਰਾਜਾ ਨੇ ਕਿਹਾ ਕਿ ਪਹਿਲੀ ਬੈਠਕ ਦੌਰਾਨ ਉਨ੍ਹਾਂ ਨਿਗਮ ਅਧਿਕਾਰੀਆਂ ਨੂੰ ਕੁਝ ਨਹੀਂ ਕਿਹਾ ਤੇ ਜਾਣ-ਪਛਾਣ ਲਈ ਚਾਹ ਪੀਤੀ ਪਰ ਬੈਠਕ ਵਿਚ ਇੰਨਾ ਜ਼ਰੂਰ ਕਿਹਾ ਗਿਆ ਕਿ ਸਾਰੇ ਅਧਿਕਾਰੀ ਰਾਜਾ ਨੂੰ ਜਾਣਦੇ ਹਨ ਤੇ ਰਾਜਾ ਸਾਰੇ ਅਧਿਕਾਰੀਆਂ ਨੂੰ ਇਸ ਲਈ ਅਧਿਕਾਰੀ ਕਿਸੇ ਤਰ੍ਹਾਂ ਦੀ ਸ਼ਿਕਾਇਤ ਦਾ ਮੌਕਾ ਨਾ ਦੇਣ।
ਗੰਦੇ ਪਾਣੀ ਨਾਲ ਹੋਈ ਮੌਤ ਤੋਂ ਦੁਖੀ ਦਿਸੇ ਮੇਅਰ
ਬੈਠਕ ਵਿਚ ਮੇਅਰ ਜਗਦੀਸ਼ ਰਾਜਾ ਨੇ ਅਧਿਕਾਰੀਆਂ ਨਾਲ ਸ਼ਹਿਰ ਦੇ ਕਈ ਮੁੱਦਿਆਂ ਬਾਰੇ ਰਸਮੀ ਗੱਲਬਾਤ ਕੀਤੀ ਪਰ ਪਿਛਲੇ ਦਿਨੀਂ ਗੰਦੇ ਪਾਣੀ ਦੀ ਸਪਲਾਈ ਕਾਰਨ ਭਗਤ ਨਗਰ ਵਿਚ ਹੋਈ ਇਕ ਵਿਅਕਤੀ ਦੀ ਮੌਤ ਤੋਂ ਮੇਅਰ ਕਾਫੀ ਦੁਖੀ ਦਿਸੇ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਗੰਦੇ ਪਾਣੀ ਦੀ ਸਪਲਾਈ ਬਰਦਾਸ਼ਤ ਤੋਂ ਬਾਹਰ ਹੈ ਤੇ ਇਸ ਸਮੱਸਿਆ 'ਤੇ ਜਲਦੀ ਕਾਬੂ ਪਾਉਣਾ ਪਵੇਗਾ ਤਾਂ ਜੋ ਲੋਕਾਂ ਨੂੰ ਪੀਣ ਲਈ ਸਾਫ ਪਾਣੀ ਮਿਲ ਸਕੇ। ਉਨ੍ਹਾਂ ਬੈਠਕ ਦੌਰਾਨ ਹਾਜ਼ਰ ਸਾਰੇ ਅਧਿਕਾਰੀਆਂ ਨੂੰ ਸ਼ਹਿਰ ਨੂੰ ਅੱਗੇ ਵਧਾਉਣ ਵਿਚ ਸਹਿਯੋਗ ਦੇਣ ਦੀ ਅਪੀਲ ਕੀਤੀ।