ਆਪਣੇ ਕਾਰਨਾਮਿਆਂ ਨੂੰ ਲੁਕਾਉਣ ਲਈ ਕੌਂਸਲਰ ਹਾਊਸ ਤੋਂ ਭੱਜ ਰਹੇ ਹਨ ਮੇਅਰ : ਰਾਜਾ

07/20/2017 6:41:37 AM

ਜਲੰਧਰ(ਖੁਰਾਣਾ)—ਨਗਰ ਨਿਗਮ ਵਿਚ ਵਿਰੋਧੀ ਧਿਰ ਕਾਂਗਰਸ ਦੇ ਨੇਤਾ ਜਗਦੀਸ਼ ਰਾਜ ਰਾਜਾ ਨੇ ਕਿਹਾ ਹੈ ਕਿ ਮੇਅਰ ਸੁਨੀਲ ਜੋਤੀ ਕੌਂਸਲਰ ਹਾਊਸ ਦੀ ਮੀਟਿੰਗ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੇ ਬਹਾਨੇ ਬਣਾ ਰਹੇ ਹਨ ਅਤੇ ਆਪਣੇ ਕਾਰਨਾਮਿਆਂ ਨੂੰ ਛੁਪਾਉਣ ਲਈ ਕੌਂਸਲਰ ਹਾਊਸ ਦੀ ਮੀਟਿੰਗ ਤੋਂ ਭੱਜ ਰਹੇ ਹਨ, ਜਦਕਿ ਕਾਂਗਰਸ ਉਨ੍ਹਾਂ ਨੂੰ ਜਵਾਬਦੇਹ ਬਣਾਉਣ ਲਈ ਜਲਦ ਹਾਊਸ ਦੀ ਮੀਟਿੰਗ ਕਰਵਾਉਣ ਲਈ ਵਚਨਬੱਧ ਹੈ। ਰਾਜਾ ਨੇ ਇਕ ਵਿਸ਼ੇਸ਼ ਮੁਲਾਕਾਤ ਵਿਚ ਕਿਹਾ ਕਿ ਮੇਅਰ ਨੇ  ਨਿਗਮ ਅਧਿਕਾਰੀਆਂ ਨਾਲ ਮਿਲ ਕੇ ਆਪਣੇ ਕਾਰਜਕਾਲ ਦੌਰਾਨ ਕਈ ਵੱਡੇ ਪ੍ਰਾਜੈਕਟ ਸਿੰਗਲ ਟੈਂਡਰ ਦੇ ਆਧਾਰ 'ਤੇ ਚਹੇਤੀਆਂ ਕੰਪਨੀਆਂ ਨੂੰ ਅਲਾਟ ਕੀਤੇ, ਜਿਨ੍ਹਾਂ ਦੀ ਪੋਲ ਖੁੱਲ੍ਹਣ ਦਾ ਡਰ ਉਨ੍ਹਾਂ ਨੂੰ ਹਮੇਸ਼ਾ ਸਤਾਉਂਦਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਮੇਅਰ ਦੀ ਕਾਰਜਸ਼ੈਲੀ ਦੇ ਕਾਰਨ ਹੀ ਅੱਜ 4 ਅਕਾਲੀ-ਭਾਜਪਾ ਕੌਂਸਲਰ ਵੀ ਉਨ੍ਹਾਂ ਦੇ ਨਾਲ ਹਨ। ਉਨ੍ਹਾਂ ਦੀ ਆਪਣੀ ਪਾਰਟੀ ਦੇ ਸੀਨੀਅਰ ਡਿਪਟੀ ਮੇਅਰ ਉਨ੍ਹਾਂ 'ਤੇ ਘੁਟਾਲਿਆਂ ਦੇ ਦੋਸ਼ ਪਿਛਲੇ 5 ਸਾਲਾਂ ਤੋਂ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ਮੇਅਰ ਦੀ ਕਾਰਜ ਪ੍ਰਣਾਲੀ ਦਾ ਉਨਾ ਵਿਰੋਧ ਕਾਂਗਰਸ ਨੇ ਨਹੀਂ ਕੀਤਾ, ਜਿੰਨਾ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਕੌਂਸਲਰਾਂ ਨੇ ਕੀਤਾ। ਅਕਾਲੀ-ਭਾਜਪਾ ਹਾਈਕਮਾਨ ਨੇ ਕਈ ਵਾਰ ਮੇਅਰ ਨੂੰ ਚਿਤਾਵਨੀ ਵੀ ਦਿੱਤੀ ਪਰ ਫਿਰ ਵੀ ਉਨ੍ਹਾਂ ਆਪਣੀ ਕਾਰਜਗੁਜ਼ਾਰੀ ਨਹੀਂ ਸੁਧਾਰੀ। ਉਹ ਚੰਗੀ ਸਾਖ ਲੈ ਕੇ ਨਿਗਮ ਤੋਂ ਵਿਦਾ ਨਹੀਂ ਹੋ ਰਹੇ। ਇਸ ਲਈ ਮੇਅਰ ਨੂੰ ਚਾਹੀਦਾ ਹੈ ਕਿ ਕਾਰਜਕਾਲ ਦੇ ਆਖੀਰ ਵਿਚ ਸ਼ਹਿਰ ਦੇ ਵਿਕਾਸ ਨੂੰ ਧਿਆਨ ਵਿਚ ਰੱਖਦੇ ਹੋਏ ਕੌਂਸਲਰ ਹਾਊਸ ਦੀ ਮੀਟਿੰਗ 'ਤੇ ਰਾਜਨੀਤੀ ਨਾ ਕਰਨ। ਉਨ੍ਹਾਂ ਕਿਹਾ ਕਿ ਜੇਕਰ ਮੇਅਰ ਵਿਕਾਸ ਪ੍ਰਤੀ ਸੰਜੀਦਾ ਹੁੰਦੇ ਤਾਂ 30 ਮਾਰਚ ਦੀ ਮੀਟਿੰਗ ਮੁਲਤਵੀ ਹੋਣ ਤੋਂ ਬਾਅਦ ਇਕ ਤੋਂ 2 ਦਿਨਾਂ ਬਾਅਦ ਹੀ ਦੁਬਾਰਾ ਮੀਟਿੰਗ ਬੁਲਾ ਕੇ ਵਿਕਾਸ ਕਾਰਜਾਂ ਨੂੰ ਪਾਸ ਕਰਵਾਉਂਦੇ ਪਰ ਮੇਅਰ ਨੇ ਹਰ ਵਾਰ ਕੌਂਸਲਰ ਹਾਊਸ ਦੀ ਮੀਟਿੰਗ ਬੁਲਾਉਣ ਵਿਚ ਆਨਾਕਾਨੀ ਕੀਤੀ, ਜਿਸ ਤੋਂ ਸਾਫ ਹੈ ਕਿ ਉਨ੍ਹਾਂ ਨੂੰ ਆਪਣੀ ਪਾਰਟੀ ਤੋਂ ਹੀ ਡਰ ਲੱਗ ਰਿਹਾ ਹੈ। ਰਾਜਾ ਨੇ ਕਿਹਾ ਕਿ ਕਾਂਗਰਸ ਸਰਕਾਰ ਸ਼ਹਿਰ ਦੇ ਵਿਕਾਸ ਲਈ ਵਚਨਬੱਧ ਹੈ ਅਤੇ ਜਲਦ ਹੀ ਵਾਰਡਾਂ ਦੀ ਕਾਇਆ ਕਲਪ ਕਰਨ ਲਈ ਮੁਹੱਲਾ ਸੁਸਾਇਟੀਆਂ ਨੂੰ ਵਾਧੂ ਸਫਾਈ ਅਤੇ ਸੀਵਰੇਜ ਕਰਮਚਾਰੀ ਉਪਲੱਬਧ ਕਰਵਾਏ ਜਾਣਗੇ ਤਾਂ ਕਿ ਸਫਾਈ ਵਿਵਸਥਾ ਵਿਚ ਸੁਧਾਰ ਆਵੇ।