ਜਗਬਾਣੀ ਸਾਹਿਤ ਵਿਸ਼ੇਸ਼ : ਰੰਗਮੰਚ ਤੇ ਸਟੇਜ ਦਾ ਅੱਥਰਾ ਘੋੜਾ ‘ਨਿਰਮਲ ਜੌੜਾ’

05/01/2020 5:01:25 PM

ਨਵਦੀਪ ਗਿੱਲ

ਨਿਰਮਲ ਜੌੜਾ ਰੰਗਮੰਚ ਅਤੇ ਸਟੇਜ ਦਾ ਅੱਥਰਾ ਘੋੜਾ ਹੈ। ਇਸ ਅੱਥਰੇਪਣ ਦੇ ਜੋਸ਼ ਨੂੰ ਹੋਸ਼ ਦੇਣ ਵਾਲੀ ਲਗਾਮ ਵੀ ਉਸਦੇ ਅੰਦਰ ਹੈ, ਜੋ ਉਸ ਨੂੰ ਸਲੀਕੇ ਦੇ ਦਾਇਰੇ ਵਿਚ ਰੱਖਦੀ ਹੈ। ਅਸਮਾਨੀ ਉਡਦਾ ਉਹ ਧਰਤੀ 'ਤੇ ਪੈਰ ਰੱਖਣ ਜਾਣਦਾ। ਉਸ ਨੇ ਆਪਣੀ ਕਲਾ ਦਾ ਜੌਹਰ ਅਤੇ ਲਫ਼ਜ਼ਾਂ ਦੀ ਜਾਦੂਗਰੀ ਨਾਲ ਪਿਛਲੇ ਤਿੰਨ ਦਹਾਕਿਆਂ ਤੋਂ ਟੀ.ਵੀ. ਪ੍ਰੋਗਰਾਮਾਂ ਅਤੇ ਸੱਭਿਆਚਾਰ ਮੇਲਿਆਂ ਦੇ ਦਰਸ਼ਕਾਂ ਉਪਰ ਰਾਜ ਕੀਤਾ ਹੈ ਅਤੇ ਕਰ ਰਿਹਾ ਹੈ। ਕਈ ਵਿਦਿਅਕ, ਸਾਹਿਤਕ, ਸੱਭਿਆਚਾਰਕ ਸੰਸਥਾਵਾਂ ਨਾਲ ਜੁੜੇ ਹੋਏ ਨਿਰਮਲ ਜੌੜਾ 'ਤੇ ਹਰ ਕੋਈ ਆਪਣਾ ਹੱਕ ਰੱਖਦਾ ਹੈ। ਇਹ ਹੱਕ ਉਹ ਮਾਣ ਨਾਲ ਸਭ ਨੂੰ ਦਿੰਦਾ ਵੀ ਹੈ। ਉਸ ਨੂੰ ਦੂਰਦਰਸ਼ਨ, ਰੇਡੀਓ, ਟੀ.ਵੀ., ਥੀਏਟਰ, ਸੰਗੀਤ, ਸਾਹਿਤ ਨਾਲ ਜੋੜਕੇ ਦੇਖਿਆ ਜਾਂਦਾ ਹੈ।

ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਵਿਚ ਪੜ੍ਹਦਿਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯੁਵਕ ਮੇਲਿਆਂ ਵਿਚ ਸਟੇਜ ਕਲਾਕਾਰ ਦੇ ਤੌਰ ’ਤੇ ਉਸਨੇ ਧਾਂਕ ਜਮਾਈ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਉਸ ਨੇ ਉਚੇਰੀ ਸਿੱਖਿਆ ਹਾਸਲ ਕੀਤੀ, ਜਿੱਥੇ ਵਿਦਿਆਰਥੀ ਜੀਵਨ ਦੌਰਾਨ ਅੰਤਰ 'ਵਰਸਿਟੀ ਯੁਵਕ ਮੇਲਿਆਂ ਦਾ ਚੈਂਪੀਅਨ ਬਣਿਆ ਫਿਰ ਉਥੇ ਹੀ ਨੌਕਰੀ ਕਰਨ ਲੱਗਿਆ। ਹੁਣ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਯੁਵਕ ਭਲਾਈ ਡਾਇਰੈਕਟਰ ਹੈ, ਜਿਸ ਦੇ ਕਾਰਜਕਾਲ ਦੌਰਾਨ ਪੰਜਾਬ ਯੂਨੀਵਰਸਿਟੀ ਦੇ ਯੁਵਕ ਮੇਲਿਆਂ ਦੀ ਰੂਪ ਰੇਖਾ ਬਦਲ ਗਈ, ਬਦਲਣੀ ਹੀ ਸੀ, ਕਿਉਂਕਿ ਨਿਰਮਲ ਜੌੜਾ ਯੁਵਕ ਮੇਲਿਆ ਦੀ ਪੈਦਾਇਸ਼ ਹੈ। ਗਰਾਊਂਡ ਪੱਧਰ ਦਾ ਕਾਮਾ ਹੋਣ ਕਰਕੇ ਇਨ੍ਹਾਂ ਮੇਲਿਆਂ ਦੀ ਤੰਦ-ਤੰਦ ਤੋਂ ਵਾਕਫ਼ ਹੈ। ਮੈਂ ਉਸਦੀ ਕਾਰਜ਼ਸ਼ੈਲੀ ਦੇਖੀ ਹੈ, ਉਹ ਇਕੋ ਵੇਲੇ ਵਰਕਰ, ਵਿਦਿਆਰਥੀ, ਅਧਿਆਪਕ, ਨਿਰਦੇਸ਼ਕ ਬਣਕੇ ਕੰਮ ਕਰਨ ਵਿਚ ਵਿਸਵਾਸ਼ ਰੱਖਦਾ ਹੈ। ਹੱਥੀਂ ਕੰਮ ਕਰਨ ਦੀ ਪ੍ਰਵਿਰਤੀ ਉਸਦੀ ਹਰ ਮੈਦਾਨ ਫ਼ਤਿਹ ਦਾ ਪ੍ਰਮਾਣ ਹੈ। ਅਸਲ ਵਿਚ ਉਹ ਸਾਡੀ ਨੌਜਵਾਨ ਪੀੜ੍ਹੀ ਦਾ ਰੀਸਯੋਗ ਨਾਇਕ ਹੈ।

ਪੜ੍ਹੋ ਇਹ ਵੀ ਖਬਰ - ਸੰਧੂਆਂ ’ਚੋਂ ਸੰਧੂ ਸ਼ਮਸ਼ੇਰ

ਪੜ੍ਹੋ ਇਹ ਵੀ ਖਬਰ - ਜਗਬਾਣੀ ਸਾਹਿਤ ਵਿਸ਼ੇਸ਼ : ਚੁੱਪ ਦੀ ਬੁੱਕਲ ਰਵਿੰਦਰ ਭੱਠਲ

ਨਿਰਮਲ ਜੌੜਾ ਦਾ ਜੱਦੀ ਪਿੰਡ ਮੋਗਾ ਜ਼ਿਲੇ ਵਿਚ ਪੈਂਦਾ ਹੈ ਬਿਲਾਸਪੁਰ ਪਰ ਉਸ ਦਾ ਜਨਮ ਪੰਜਾਬ ਦੇ ਚਰਚਿਤ ਪਿੰਡ ਕੰਦੂਖੇੜਾ ਵਿਚ ਹੋਇਆ, ਜਿਥੇ ਉਸ ਵੇਲੇ ਉਸ ਦੇ ਪਿਤਾ ਜੀ ਮਾਸਟਰ ਜੀਤ ਸਿੰਘ ਅਧਿਆਪਕ ਸਨ। ਮਾਤਾ ਗੁਰਦੇਵ ਕੌਰ ਦੀ ਕੁੱਖੋਂ ਪੈਦਾ ਹੋਏ ਨਿਰਮਲ ਜੌੜਾ ਨੇ ਸੁਰਤ ਆਪਣੇ ਪਿੰਡ ਬਿਲਾਸਪੁਰ ਹੀ ਸੰਭਾਲੀ। ਉਸ ਦੇ ਦੋ ਛੋਟੇ ਭਰਾ ਹਨ। ਘਰ ਵਿਚ ਵੱਡਾ ਹੋਣ ਕਰ ਕੇ ਘਰ ਦੀ ਜ਼ਿੰਮੇਵਾਰੀ ਨੂੰ ਚੁੱਕਣ ਲਈ ਦਸਵੀਂ ਦੇ ਇਮਤਿਹਾਨ ਉਪਰੰਤ ਹੀ ਨੌਕਰੀ ਕਰਨ ਦਾ ਚਾਹਵਾਨ ਸੀ। ਦਸਵੀਂ ਦੇ ਪੇਪਰ ਦੇਣ ਉਪਰੰਤ ਬੈਂਕ ਵਿਚ ਉਸ ਨੇ ਦੋ-ਤਿੰਨ ਮਹੀਨੇ ਲਈ 'ਦਫ਼ਤਰੀ' ਦੀ ਆਰਜ਼ੀ ਨੌਕਰੀ ਕੀਤੀ। ਦਸਵੀਂ ਦੇ ਨਤੀਜੇ ਵਿਚ ਉਹ ਇਲਾਕੇ ਤੋਂ ਟੌਪਰ ਰਿਹਾ ਤਾਂ ਬੈਂਕ ਦੇ ਕਲਰਕ ਕਰਮ ਸਿੰਘ ਨੇ ਸਲਾਹ ਦਿੱਤੀ ਕਿ ਉਹ ਅੱਗੇ ਪੜ੍ਹੇ ਅਤੇ ਨੌਕਰੀਆਂ ਦਾ ਕੋਈ ਘਾਟਾ ਨਹੀਂ ਰਹੇਗਾ। ਕਰਮ ਸਿੰਘ ਦੇ ਬੋਲ ਸੱਚ ਸਾਬਤ ਹੋਏ। ਕਰਮ ਸਿੰਘ ਵਲੋਂ ਮਿਲੇ ਥਾਪੜੇ ਦਾ ਜ਼ਿਕਰ ਕਰਦਿਆਂ ਬਾਅਦ ਵਿਚ ਉਸ ਨੇ ਮਿਡਲ ਵੀ ਲਿਖਿਆ।

ਬਰਜਿੰਦਰਾ ਕਾਲਜ ਫਰੀਦਕੋਟ ਵਿਖੇ ਪੜ੍ਹਾਈ ਕਰਦਾ ਉਹ ਕਲਾ, ਸਾਹਿਤ ਨਾਲ ਜੁੜ ਗਿਆ। ਧਰਮ ਕੰਮੇਆਣਾ, ਦਿਲਸ਼ਾਦ ਅਖਤਰ, ਪਾਲੀ ਭੁਪਿੰਦਰ, ਰਾਜ ਬਰਾੜ, ਗੁਰਚਰਨ ਵਿਰਕ, ਤੇਜਵਿੰਦਰ ਬਰਾੜ, ਕੁਮਾਰ ਜਗਦੇਵ ਜਿਹੇ ਵਿਦਿਆਰਥੀ ਇਸੇ ਕਾਲਜ ਦੀ ਪੈਦਾਇਸ਼ ਹਨ। ਨਿਰਮਲ ਉਸ ਵੇਲੇ ਬੀ.ਐੱਸ.ਸੀ. ਦਾ ਵਿਦਿਆਰਥੀ ਸੀ, ਜਦੋਂ ਉਹ ਜਲੌਰ ਸਿੰਘ ਖੀਵਾ ਜਿਹੇ ਅਧਿਆਪਕਾਂ ਦੀ ਪ੍ਰੇਰਨਾ ਨਾਲ ਰੰਗਮੰਚ ਵੱਲ ਖਿੱਚਿਆ ਗਿਆ। ਕਵਿਤਾ ਅਤੇ ਭਾਸ਼ਣ ਮੁਕਾਬਲਿਆਂ 'ਚੋਂ ਹੁੰਦਾ ਹੋਇਆ ਉਹ ਨਾਟਕ ਨਾਲ ਜੁੜ ਗਿਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਐੱਮ.ਐੱਸ.ਸੀ. ਕਰਦਿਆਂ ਉਹ ਪੂਰੀ ਤਰ੍ਹਾਂ ਥੀਏਟਰ ਨੂੰ ਸਮਰਪਿਤ ਹੋ ਗਿਆ।

ਉਸ ਨੇ ਵਿਦਿਆਰਥੀ ਜੀਵਨ ਦੌਰਾਨ ਪਹਿਲਾਂ ਨਾਟਕ ਪੜ੍ਹੇ, ਉਸ ਤੋਂ ਬਾਅਦ ਨਾਟਕ ਖੇਡਣੇ ਸ਼ੁਰੂ ਕੀਤੇ, ਫੇਰ ਨਾਟਕ ਨਿਰਦੇਸ਼ਨ ਕੀਤੇ ਅਤੇ ਫੇਰ ਲਿਖੇ। ਉਸ ਵੇਲੇ ਅੰਤਰ ਯੂਨੀਵਰਸਿਟੀ ਯੁਵਕ ਮੇਲਿਆਂ ਦੇ ਮਨੋਐਕਟਿੰਗ ਮੁਕਾਬਲਿਆਂ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਭਗਵੰਤ ਮਾਨ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਦਿਵਿਆ ਦੱਤਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਗੁਰਪ੍ਰੀਤ ਘੁੱਗੀ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਨਿਰਮਲ ਜੌੜਾ ਦਾ ਬੋਲਬਾਲਾ ਰਿਹਾ ਹੈ।

ਅੱਜ ਇਹ ਸਾਰੇ ਹੀ ਆਪਣੇ ਆਪਣੇ ਖੇਤਰ ਦੇ ਸ਼ਾਹ ਅਸਵਾਰ ਹਨ। ਸਾਇੰਸ ਵਿਸ਼ੇ ਵਿਚ ਗਰੈਜੂਏਸ਼ਨ ਤੇ ਪੋਸਟ ਗਰੈਜੂਏਸ਼ਨ, ਪੰਜਾਬੀ ਵਿਸ਼ੇ ਦੀ ਐੱਮ.ਏ. ਅਤੇ ਕਮਿਊਨੀਕੇਸ਼ਨ ਵਿਚ ਪੀ.ਐੱਚ.ਡੀ. ਕਰਨ ਵਾਲੇ ਨਿਰਮਲ ਜੌੜਾ ਨੇ ਪੜਾਈ ਦੌਰਾਨ ਆਪਣੀਆਂ ਰੰਗਮੰਚੀ ਗਤੀਵਿਧੀਆਂ ਨਾਲ ਪੜ੍ਹਾਈ ਦਾ ਨੁਕਸਾਨ ਨਹੀਂ ਹੋਣ ਦਿੱਤਾ। ਉਸ ਨੇ ਆਪਣੀ ਪੜ੍ਹਾਈ ਅਤੇ ਸ਼ੌਂਕ ਵਿਚਾਲੇ ਹਮੇਸ਼ਾ ਸੰਤੁਲਨ ਬਣਾ ਕੇ ਰੱਖਿਆ। ਉਸ ਨੇ ਪੜ੍ਹਾਈ ਦੀ ਕੀਮਤ ਉਤੇ ਕੋਈ ਸ਼ੌਕ ਨਹੀਂ ਪਾਲਿਆ। ਇਸ ਬਾਰੇ ਉਸ ਦਾ ਖਾਸ ਤਕੀਆ ਕਲਾਮ ਹੈ, ਜੋ ਉਹ ਹਮੇਸ਼ਾ ਵਿਦਿਆਰਥੀਆਂ ਨੂੰ ਆਖਦਾ ਹੈ, ''ਟਾਈ ਲਈ ਸ਼ਰਟ ਪਾਉਣੀ ਲਾਜ਼ਮੀ ਹੈ, ਟਾਈ ਤਾਂ ਹੀ ਜਚੇਗੀ ਜੇ ਸ਼ਰਟ ਪਾਈ ਹੋਵੇਗੀ। ਪੜ੍ਹਾਈ ਲਿਖਾਈ ਸ਼ਰਟ ਹੈ ਤੇ ਹੋਰ ਸ਼ੌਕ ਟਾਈ ਹਨ।''

ਪੜ੍ਹੋ ਇਹ ਵੀ ਖਬਰ -  ਵਾਰਤਕ ਦਾ ਓਲੰਪੀਅਨ ਪ੍ਰਿੰਸੀਪਲ ਸਰਵਣ ਸਿੰਘ

ਪੜ੍ਹੋ ਇਹ ਵੀ ਖਬਰ - ਅਸਗ਼ਰ ਵਜਾਹਤ ਦੀ ਤਨਜ਼ ਸੁਣੋ ਜ਼ਿੰਦਗੀ ਵਿਚ ਕੰਮ ਆਵੇਗੀ

ਨਿਰਮਲ ਜੌੜਾ ਹਾਲੇ ਯੂਨੀਵਰਸਿਟੀ ਦਾ ਵਿਦਿਆਰਥੀ ਹੀ ਸੀ, ਜਦੋਂ ਉਹ ਸਾਹਿਤਕ, ਸੱਭਿਆਚਾਰਕ ਸਟੇਜਾਂ ਦਾ ਸ਼ਿੰਗਾਰ ਬਣ ਗਿਆ। ਜਗਦੇਵ ਸਿੰਘ ਜੱਸੋਵਾਲ ਦੀ ਬਦੌਲਤ ਉਹ ਪ੍ਰੋਫੈਸਰ ਮੋਹਨ ਸਿੰਘ ਮੇਲੇ ਨਾਲ ਜੁੜਿਆ। ਉਸ ਦੀਆਂ ਪੇਸ਼ਕਾਰੀਆਂ ਨੇ ਉਸ ਨੂੰ ਪੰਜਾਬ ਦੇ ਮੇਲਿਆਂ ਦਾ ਮੇਲੀ ਬਣਾ ਦਿੱਤਾ। ਉਸ ਦੀ ਚਰਚਾ ਦੇਸ਼-ਵਿਦੇਸ਼ ਹੋਣ ਲੱਗੀ। ਫਿਰ ਉਸ ਨੂੰ ਜਲੰਧਰ ਦੂਰਦਰਸ਼ਨ ਉਪਰ ਕੰਮ ਕਰਨ ਦਾ ਮੌਕਾ ਮਿਲਿਆ। ਇਕ ਵਾਰ ਮਿਲਿਆ ਮੌਕਾ ਉਸ ਨੇ ਅਜਾਈਂ ਨਾ ਗਵਾਇਆ ਅਤੇ ਉਸ ਤੋਂ ਬਾਅਦ ਜਲੰਧਰ ਦੂਰਦਰਸ਼ਨ ਉਪਰ ਅਜਿਹਾ ਛਾਇਆ ਕਿ ਟੀ.ਵੀ. ਪ੍ਰੋਗਰਾਮ, ਵੱਡੇ ਸਟੇਜ ਸ਼ੋਅ ਉਸ ਦੇ ਸੰਚਾਲਨ ਬਿਨਾਂ ਅਧੂਰੇ ਜਾਪਣ ਲੱਗੇ।

ਪਹਿਲੀ ਵਾਰ ਮਿਲੇ ਇਸ ਮੌਕੇ ਬਾਰੇ ਨਿਰਮਲ ਜੌੜਾ ਖ਼ੁਦ ਦੱਸਦਾ ਹੈ ਕਿ 26 ਨਵੰਬਰ 1990 ਦਾ ਦਿਨ ਸੀ, ਉਸ ਦਿਨ ਯੂਨੀਵਰਸਿਟੀ ਵਿਚ ਹੜਤਾਲ ਹੋਣ ਕਾਰਨ ਉਹ ਜਲੰਧਰ ਦੂਰਦਰਸ਼ਨ ਅਮਰਜੀਤ ਗਰੇਵਾਲ ਨੂੰ ਮਿਲਣ ਚਲਾ ਗਿਆ, ਅਚਾਨਕ ਉਸਦਾ ਮੇਲ ਲਖਵਿੰਦਰ ਜੌਹਲ ਨਾਲ ਹੋ ਗਿਆ, ਲਖਵਿੰਦਰ ਜੌਹਲ ਕਲਾ ਦਾ ਕਦਰਦਾਨ ਸੀ। ਉਸ ਨੇ ਚਾਹ ਪਿਆ ਕੇ ਸ਼ਾਬਾਸ਼ ਦਿੱਤੀ ਤੇ ਮਨੋਹਰ ਭਾਰਜ ਹੋਰਾਂ ਨੂੰ ਮਿਲਾਇਆ। ਉਸੇ ਦਿਨ 'ਜਵਾਂ ਤਰੰਗ' ਲਈ ਰਿਕਾਰਡਿੰਗ ਹੋ ਗਈ। 'ਜਵਾਂ ਤਰੰਗ' ਤੋਂ ਸ਼ੁਰੂ ਹੋਇਆ ਨਿਰਮਲ ਜੌੜਾ ਦਾ ਜਲੰਧਰ ਦੂਰਦਰਸ਼ਨ ਨਾਲ ਨਾਤਾ ਬਹੁਤ ਚਰਚਿਤ ਤੇ ਮਕਬੂਲ ਪ੍ਰੋਗਰਾਮ 'ਲਿਸ਼ਕਾਰਾ' ਦੇ ਸੰਚਾਲਨ ਨਾਲ ਸਿਖਰ ਹੋਇਆ। ਇਸ ਤਰ੍ਹਾਂ ਉਹ ਛੋਟੀ ਉਮਰੇ ਸਟੇਜਾਂ ਅਤੇ ਟੀ.ਵੀ. ਦੇ ਖੇਤਰ ਵਿਚ ਬੁਲੰਦੀ ਉਤੇ ਪੁੱਜ ਗਿਆ। ਉਸ ਤੋਂ ਬਾਅਦ ਜੌੜਾ ਨੇ ਪੰਜਾਬ, ਦੇਸ਼ ਅਤੇ ਵਿਦੇਸ਼ ਵਿਚ ਮੇਲਿਆਂ ਦੇ ਨਾਲ-ਨਾਲ ਦੂਰਦਰਸ਼ਨ, ਈ.ਟੀ.ਸੀ., ਪੀ.ਟੀ.ਸੀ. ਦੇ ਅਨੇਕਾਂ ਸ਼ੋਅ ਕੀਤੇ।

ਮਹਿਲਾ ਐਂਕਰਾਂ ਵਿਚ ਆਸ਼ਾ ਸ਼ਰਮਾ ਤੇ ਸਤਿੰਦਰ ਸੱਤੀ ਅਤੇ ਪੁਰਸ਼ ਐਂਕਰਾਂ ਵਿਚ ਨਿਰਮਲ ਜੌੜਾ ਲੰਬੇ ਸਮੇਂ ਤੋਂ ਸੱਭਿਆਚਾਰ ਮੇਲੇ ਦੇ ਸ਼ਾਹ ਅਸਵਾਰ ਚੱਲ ਰਹੇ ਹਨ। ਉਹ ਮੰਨਦਾ ਹੈ ਕਿ ਅੱਜ ਦੇ ਜ਼ਮਾਨੇ ਵਿਚ ਟੀ.ਵੀ. ਪ੍ਰੋਗਰਾਮਾਂ ਲਈ ਐਂਕਰਿੰਗ ਕਰਦਿਆਂ ਸਭ ਤੋਂ ਵੱਡੀ ਚੁਣੌਤੀ ਇਹ ਹੁੰਦੀ ਹੈ ਕਿ ਦਰਸ਼ਕ ਦੇ ਹੱਥ ਰਿਮੋਟ ਹੁੰਦਾ ਹੈ ਅਤੇ ਜ਼ਰਾ ਕੁ ਸਕਿੰਟ ਦੀ ਬੋਰੀਅਤ ਨਾਲ ਦਰਸ਼ਕ ਟੀ.ਵੀ. ਦਾ ਚੈਨਲ ਬਦਲ ਦਿੰਦਾ ਹੈ, ਜਿਸ ਕਾਰਨ ਐਂਕਰ ਨੂੰ ਪੂਰਾ ਸਮਾਂ ਬੰਨ੍ਹ ਕੇ ਅਦਾਕਾਰੀ ਦਿਖਾਉਣੀ ਪੈਂਦੀ ਹੈ। ਸਾਹਿਤਕ ਅਤੇ ਲੋਕ ਰੰਗ ਦੀ ਸ਼ਬਦਾਬਲੀ, ਆਤਮ ਵਿਸ਼ਵਾਸ, ਸੰਚਾਰ ਸ਼ਕਤੀ ਅਤੇ ਹਲੀਮੀ ਉਸ ਦੀ ਕਾਮਯਾਬੀ ਦੇ ਵੱਡੇ ਹਥਿਆਰ ਹਨ। 

ਨਿਰਮਲ ਜੌੜਾ ਦੀ ਜ਼ਿੰਦਗੀ ਦਾ ਖੂਬਸੂਰਤ ਪੱਖ ਅਤੇ ਉਸ ਦੀ ਖੁਸ਼ਕਿਸਮਤੀ ਇਹ ਵੀ ਹੈ ਕਿ ਉਸ ਨੂੰ ਲੰਬਾ ਸਮਾਂ ਪੰਜਾਬੀ ਸੱਭਿਆਚਾਰ ਦੇ ਬਾਬਾ ਬੋਹੜ ਜਗਦੇਵ ਸਿੰਘ ਜੱਸੋਵਾਲ ਦੀ ਸੰਗਤ ਕਰਨ ਦਾ ਮੌਕਾ ਮਿਲਿਆ। ਨਿਰਮਲ ਜੌੜਾ, ਨਿੰਦਰ ਘੁਗਿਆਣਵੀ ਤੇ ਰਵਿੰਦਰ ਗਰੇਵਾਲ ਜੱਸੋਵਾਲ ਦੇ ਸਭ ਤੋਂ ਨੇੜਲੇ ਸ਼ਾਗਿਰਦ ਸਨ ਅਤੇ ਇਨ੍ਹਾਂ ਤਿੰਨਾਂ ਵਿਚੋਂ ਕੋਈ ਨਾ ਕੋਈ ਇਕ ਜਣਾ ਉਸ ਦੀ ਰਹਿੰਦੀ ਉਮਰ ਤੱਕ ਸਾਰਥੀ ਰਿਹਾ। ਜੱਸੋਵਾਲ ਦੀ ਸੰਗਤ ਨੇ ਇਨ੍ਹਾਂ ਤਿੰਨਾਂ ਨੂੰ ਦੁਨੀਆਂ ਦਿਖਾ ਦਿੱਤੀ ਤੇ ਦੁਨੀਆਂ ਵਿਚ ਵਿਚਰਨ ਦਾ ਵੱਲ ਵੀ ਸਿਖਾਤਾ, ਚੁਣੌਤੀਆਂ ਕਬੂਲਣ ਅਤੇ ਟੱਕਰਾਂ ਨਾਲ ਟੱਕਰ ਲੈਣ ਦੇ ਸਮਰੱਥ ਕੀਤਾ। ਉਹ ਸਮਾਂ ਪੰਜਾਬ ਵਿਚ ਮੇਲਿਆ ਦਾ ਸਮਾਂ ਸੀ। ਮੇਲਿਆਂ ਦੌਰਾਨ ਜਦੋਂ ਸਮਾਂ ਸਿਖਰ ਉਤੇ ਲਿਜਾਣਾ ਹੁੰਦਾ ਤਾਂ ਮਾਈਕ ਨਿਰਮਲ ਜੌੜਾ ਦੇ ਹਵਾਲੇ ਕਰ ਦਿੱਤਾ ਜਾਂਦਾ।

ਵੈਸੇ ਉਹ ਕਿਸੇ ਵੀ ਸਮਾਗਮ ਵਿਚ ਸ਼ਿਰਕਤ ਕਰ ਰਿਹਾ ਹੋਵੇ ਤਾਂ ਮੇਜ਼ਬਾਨ ਦੀ ਨਜ਼ਰ ਉਸ ਉੁਪਰ ਹੀ ਹੁੰਦੀ ਹੈ ਕਿ ਕਿਹੜੇ ਵੇਲੇ ਜੌੜੇ ਨੂੰ ਕਾਬੂ ਕਰ ਕੇ ਸਟੇਜ ਉਪਰ ਚਾੜ੍ਹਨਾ ਹੈ। ਚਾਹੇ ਕੋਈ ਮੇਲਾ ਹੋਵੇ ਜਾਂ ਵਿਆਹ ਮੰਗਨਾ ਹੋਵੇ। ਮੈਨੂੰ ਯਾਦ ਆ ਸੀਨੀਅਰ ਪੱਤਰਕਾਰ ਦਰਸ਼ਨ ਸਿੰਘ ਮੱਕੜ ਦੇ ਬੇਟੇ ਦੇ ਵਿਆਹ ਸਮਾਗਮ ਦੌਰਾਨ ਗੁਰਭਜਨ ਗਿੱਲ, ਨਿਰਮਲ ਜੌੜਾ ਦੀ ਸੰਗਤ ਨਾਲ ਮੈਨੂੰ ਵੀ ਸ਼ਿਰਕਤ ਕਰਨ ਦਾ ਮੌਕਾ ਮਿਲਿਆ। ਉਸ ਵੇਲੇ ਜਦੋਂ ਕੁਝ ਗਾਇਕ ਵਿਆਹ ਸਮਾਗਮ ਵਿਚ ਪੁੱਜੇ ਤਾਂ ਮੱਕੜ ਸਾਬ ਦੀ ਅੱਖ ਨਿਰਮਲ ਜੌੜਾ ਨੂੰ ਹੀ ਲੱਭ ਰਹੀ ਸੀ। ਸਟੇਜ ਉਪਰ ਚੜ੍ਹ ਕੇ ਉਸ ਨੇ ਅਜਿਹਾ ਸਮਾਂ ਬੰਨਿਆ ਕਿ ਵਿਆਹ ਸਮਾਗਮ ਸੱਭਿਆਚਾਰ ਮੇਲੇ ਵਿੱਚ ਬਦਲ ਗਿਆ। 

ਵੱਖ-ਵੱਖ ਸਾਹਿਤਕ ਵਿਧਾਵਾਂ ਨਾਟਕ, ਨਾਵਲ, ਕਵਿਤਾ, ਕਹਾਣੀ ਦੇ ਨਾਲ ਨਾਚਾਂ, ਸੰਗੀਤ, ਕਿੱਸਿਆਂ ਦੇ ਗੂੜ੍ਹ ਗਿਆਨ ਕਾਰਨ ਜੌੜਾ ਕੋਲ ਕਦੇ ਵੀ ਸ਼ਬਦਾਂ ਦੀ ਕਮੀ ਨਹੀਂ ਰਹੀ। ਲੋਕ ਸਾਹਿਤ ਅਤੇ ਬੋਲੀਆਂ ਵਿਚ ਉਸ ਦੀ ਰੁੱਚੀ ਨੇ ਉਸ ਦੇ ਗਿਆਨ ਭੰਡਾਰ ਵਿੱਚ ਅਥਾਹ ਵਾਧਾ ਕੀਤਾ। ਸ਼ਬਦਾਂ ਦੀ ਅਮੀਰੀ ਕਾਰਨ ਸਟੇਜ ਉਪਰ ਉਹ ਪੂਰੀ ਤਰ•ਾਂ ਛਾ ਜਾਂਦਾ ਹੈ। ਉਸ ਨੂੰ ਮੌਕੇ, ਮਾਹੌਲ ਅਤੇ ਮਹਿਮਾਨ ਅਨੁਸਾਰ ਗੱਲ ਕਰਨ ਦਾ ਵਲ ਹੈ। ਉਸ ਨੂੰ ਵੱਡੇ ਮਹਿਮਾਨ ਜਾਂ ਕਲਾਕਾਰ ਨਾਲ ਟਿੱਚਰ ਕਰਨੀ ਵੀ ਆਉਂਦੀ ਹੈ। ਉਸ ਦੇ ਲਫ਼ਜ਼ਾਂ ਦੀ ਜਾਦੂਗਰੀ ਦਾ ਕੀਲਿਆ ਸਾਹਮਣੇ ਵਾਲਾ ਉਸ ਦੇ ਕਹੇ ਕਿਸੇ ਵਿਅੰਗ ਦਾ ਗੁੱਸਾ ਵੀ ਨਹੀਂ ਕਰਦਾ। ਦੂਰਦਰਸ਼ਨ ਤੋਂ ਸ਼ੁਰੂਆਤ ਨੇ ਉਸ ਨੂੰ ਇਸ ਖੇਤਰ ਵਿੱਚ ਹੋਰ ਵੀ ਪੱਕੇ ਪੈਰੀਂ ਕੀਤਾ। 

ਨਿਰਮਲ ਜੌੜਾ ਵੱਡੇ ਗਾਇਕਾਂ ਦਾ ਮੁਰੀਦ ਰਿਹਾ ਹੈ। ਉਸ ਨੇ ਸੱਭਿਆਚਾਰ ਮੇਲਿਆਂ ਦਾ ਸੰਚਾਲਨ ਕਰਦਿਆਂ ਵੱਡੇ ਗਾਇਕਾਂ ਨੂੰ ਸਾਹਿਤ ਨਾਲ ਵੀ ਜੋੜਿਆ। ਪ੍ਰੋ. ਮੋਹਨ ਸਿੰਘ ਮੇਲਾ ਜਦੋਂ ਕਲਾਈਮੈਕਸ ਉਪਰ ਹੁੰਦਾ ਸੀ ਤਾਂ ਜੱਸੋਵਾਲ ਸਟੇਜ ਸੰਚਾਲਨ ਲਈ ਮਾਈਕ ਨਿਰਮਲ ਜੌੜਾ ਹਵਾਲੇ ਹੀ ਕਰਦਾ ਸੀ। ਸਾਹਿਤ ਤੇ ਸੱਭਿਆਚਾਰ ਦੇ ਸੁਮੇਲ ਵਾਲੇ ਜੌੜਾ ਨੂੰ ਮਾਣ ਪ੍ਰਾਪਤ ਹੈ ਕਿ ਉਸ ਨੇ ਹੁਣ ਤੱਕ ਸੈਂਕੜੇ ਗਾਇਕਾਂ ਨੂੰ ਮੰਚ ਉਪਰ ਪੇਸ਼ ਕੀਤਾ ਹੈ ਜਿਨ੍ਹਾਂ ਵਿਚ ਸੁਰਿੰਦਰ ਕੌਰ, ਯਮਲਾ ਜੱਟ, ਜਗਮੋਹਨ ਕੌਰ, ਕੁਲਦੀਪ ਮਾਣਕ, ਸੁਰਿੰਦਰ ਛਿੰਦਾ, ਆਸ਼ਾ ਸਿੰਘ ਮਸਤਾਨਾ, ਗੁਰਮੀਤ ਬਾਵਾ, ਮੁਹੰਮਦ ਸਦੀਕ-ਰਣਜੀਤ ਕੌਰ, ਗੁਰਦਾਸ ਮਾਨ, ਹੰਸ ਰਾਜ ਹੰਸ, ਹਰਭਜਨ ਮਾਨ, ਸਤਿੰਦਰ ਸਰਤਾਜ ਪ੍ਰਮੁੱਖ ਹਨ। ਉਸ ਨੂੰ ਵੱਡੇ ਕਲਾਕਾਰ ਨੂੰ ਪੇਸ਼ ਕਰਦਿਆਂ ਉਸ ਦਾ ਮਾਣ-ਸਨਮਾਨ ਵੀ ਕਰਨਾ ਆਉਂਦਾ ਹੈ ਅਤੇ ਨਵੀਂ ਉਮਰ ਦੇ ਉਭਰਦੇ ਕਲਾਕਾਰ ਨੂੰ ਸਰੋਤਿਆਂ ਸਾਹਮਣੇ ਪੇਸ਼ ਕਰਦਿਆਂ ਉਸ ਦੀ ਹੱਲਾਸ਼ੇਰੀ ਕਰਨੀ ਵੀ ਆਉਂਦੀ ਹੈ।

ਨਿਰਮਲ ਜੌੜਾ ਨਾਲ ਮੇਰੀ ਪਹਿਲੀ ਮੁਲਾਕਾਤ ਬਰਨਾਲਾ ਦੇ ਮਹਾਂਸ਼ਕਤੀ ਕਲਾ ਮੰਦਿਰ ਦੇ ਰਾਸ਼ਟਰੀ ਨਾਟ ਉਤਸਵ ਦੌਰਾਨ ਹੋਈ ਸੀ ਜਿਥੇ ਉਹ ਨਾਟ ਪੇਸ਼ਕਾਰੀਆਂ ਲਈ ਹਰ ਸਾਲ ਆਉਂਦਾ। ਜਲੰਧਰ ਦੂਰਦਰਸ਼ਨ ਉਪਰ ਲਿਸ਼ਕਾਰਾ ਪ੍ਰੋਗਰਾਮ ਦਾ ਸੰਚਾਲਨ ਕਰਦਿਆਂ ਉਹ ਗਾਇਕਾਂ ਨਾਲੋਂ ਵੱਧ ਮਕਬੂਲ ਹੋਇਆ। ਕਿਸੇ ਗੱਲ ਦਾ ਸੁਨੇਹਾ ਦੇਣ ਅਤੇ ਸਰੋਤਿਆਂ ਦੇ ਧੁਰ ਅੰਦਰ ਤੱਕ ਗੱਲ ਪਹੁੰਚਾਣ ਲਈ ਨਾਟਕ ਨੂੰ ਉਹ ਸਭ ਤੋਂ ਵੱਧ ਅਸਰਦਾਰ ਸਾਧਨ ਮੰਨਦਾ ਹੈ। ਉਸਦੇ ਨਾਟਕ ਪੜ੍ਹਦਿਆਂ ਮਹਿਸੂਸ ਹੁੰਦਾ ਹੈ ਕਿ ਉਹ ਨਾਟਕਕਾਰ ਅਜਮੇਰ ਔਲਖ ਦਾ ਪ੍ਰਭਾਵ ਕਬੂਲਦਾ ਹੈ। ਨਿਰਮਲ ਜੌੜਾ ਦੀਆਂ ਛੇ ਨਾਟਕ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਉਸਦੇ ਪ੍ਰਮੁੱਖ ਨਾਟਕ 'ਮਾਤਾ ਗੁਜਰੀ' (ਕਾਵਿ ਨਾਟਕ), 'ਸਵਾਮੀ', 'ਮੈਂ ਪੰਜਾਬ ਬੋਲਦਾ ਹਾ—' (ਕਾਵਿ), 'ਵਾਪਸੀ', 'ਮੈਂ ਕਿਹਾ ਸੀ' ਅਤੇ 'ਸੌਦਾਗਰ' ਸਮਾਜ ਦੇ ਵੱਖ-ਵੱਖ ਸਰੋਕਾਰਾਂ ਦੀ ਗੱਲ ਕਰਦੇ ਹਨ। ਇਸ ਤੋਂ ਇਲਾਵਾ ਪੰਜ ਕਿਤਾਬਾਂ 'ਪੰਜਾਬੀ ਸੱਭਿਆਚਾਰ ਦਾ ਵਰਤਮਾਨ ਤੇ ਭਵਿੱਖ', 'ਗਿਆਨ ਵਿਗਿਆਨ ਚੇਤਨਾ', 'ਥਰੀਕਿਆ ਵਾਲਾ ਦੇਵ', 'ਆਤਮਤਾ', 'ਗਿਆਨ ਵਿਗਿਆਨ ਪ੍ਰਕਾਸ਼' ਤੇ 'ਪਾਲੀ ਭੁਪਿੰਦਰ ਦਾ ਨਾਟ ਪ੍ਰਵਚਨ' ਸੰਪਾਦਤ ਕੀਤੀਆਂ ਹਨ। ਉਸ ਨੇ ਗੀਤ/ਕਹਾਣੀਆਂ ਵੀ ਲਿਖੀਆਂ। ਸਮੇਂ-ਸਮੇਂ 'ਤੇ ਅਖਬਾਰਾਂ ਵਿੱਚ ਤਾਂ ਉਸ ਦੇ ਮਿਡਲ ਆਰਟੀਕਲ ਅਕਸਰ ਹੀ ਛਪਦੇ ਰਹਿੰਦੇ ਹਨ।

ਨਿਰਮਲ ਜੌੜਾ ਦੇ ਨਾਟਕਾਂ ਦੇ ਵਿਸ਼ੇ ਬਹੁਤ ਕ੍ਰਾਂਤੀਕਾਰੀ ਹੁੰਦੇ ਹਨ ਜਿਹੜੇ ਸਮਾਜਿਕ ਅਲਾਮਤਾਂ ਉਪਰ ਤਿੱਖਾ ਵਿਅੰਗ ਕਸਦੇ ਹਨ। ਸਮਕਾਲੀ ਸਥਿਤੀਆਂ ਨੂੰ ਨਾਟਕ ਰਾਹੀਂ ਪੇਸ਼ ਕਰਨਾ ਉਸ ਦਾ ਬਾਖੂਬੀ ਗੁਣ ਹੈ। ਨੌਜਵਾਨਾਂ ਦੇ ਗ਼ੈਰ-ਕਾਨੂੰਨੀ ਪਰਵਾਸ, ਡੇਰਾਵਾਦ, ਭ੍ਰਿਸ਼ਟਾਚਾਰ ਤੋਂ ਲੈ ਕੇ ਨਸ਼ਿਆਂ ਦੇ ਕੋਹੜ ਉਪਰ ਉਸ ਨੇ ਨਾਟਕਾਂ ਨੇ ਕਰਾਰੀ ਚੋਟ ਕੀਤੀ ਹੈ। ਨਿਰਮਲ ਜੌੜਾ ਦੀ ਸੋਚ ਤੰਦਰੁਸਤ ਹੈ ਅਤੇ ਉਹ ਅਮੀਰ ਵਿਰਸੇ ਉਪਰ ਉਹ ਮਾਣ ਵੀ ਕਰਦਾ ਹੈ। ਆਪਣੇ ਨਾਟਕਾਂ ਰਾਹੀਂ ਨਵੀਂ ਪੀੜ੍ਹੀ ਨੂੰ ਅਮੀਰ ਵਿਰਾਸਤ ਨਾਲ ਜੋੜਨ ਦਾ ਵੀ ਉਪਰਾਲਾ ਕਰਦਾ ਹੈ। ਪੰਜਾਬ ਦਾ ਗੌਰਵਮਈ ਵਿਰਸਾ ਅਤੇ ਸ਼ਹਾਦਤਾਂ ਨਾਲ ਭਰਿਆ ਸਿੱਖ ਇਤਿਹਾਸ ਵੀ ਉਸ ਦੇ ਨਾਟਕਾਂ ਦਾ ਵਿਸ਼ਾ ਰਿਹਾ ਹੈ।

'ਮਾਤਾ ਗੁਜਰੀ' ਨਾਟਕ ਨਿਰਮਲ ਜੌੜਾ ਨੇ ਕੈਨੇਡਾ ਦੌਰੇ ਦੌਰਾਨ ਲਿਖਿਆ। ਦਸੰਬਰ 2007 ਦਾ ਸਮਾਂ ਸੀ ਜਦੋਂ ਕੁਲ ਆਲਮ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਿਜਦਾ ਕਰਦਾ ਹੈ। ਸ਼ਹੀਦੀ ਸਾਕੇ ਸਮੇਂ ਦੌਰਾਨ ਇਕਬਾਲ ਮਾਹਲ ਦੇ ਕਹਿਣ ਉਤੇ ਨਿਰਮਲ ਜੌੜਾ ਨੇ ਕਾਵਿ ਨਾਟਕ 'ਮਾਤਾ ਗੁਜਰੀ' ਲਿਖਿਆ ਜਿਸ ਦਾ ਮੰਚਨ ਦੇਵ ਮਾਂਗਟ ਤੇ ਸੁੱਖੀ ਨਿੱਝਰ ਨੇ ਗੁਰੂਕੁਲ ਅਕੈਡਮੀ ਟਰਾਂਟੋ ਵਲੋਂ ਕਰਵਾਇਆ ਗਿਆ। ਇਸ ਨਾਟਕ ਦੇ ਪੁਲਾੜ ਵਿੱਚ ਇਕ ਕਥਾਵਾਚਕ ਬੱਚਿਆਂ ਨੂੰ ਸ਼ਹੀਦੀ ਸਾਕਾ ਸੁਣਾਉਂਦਾ ਹੈ। ਡੇਰਾਵਾਦ ਖਿਲਾਫ ਲਿਖਿਆ ਨਾਟਕ 'ਸਵਾਮੀ' ਬਹੁਚਰਚਿਤ ਰਿਹਾ। ਇਕੇਰਾਂ ਬਰਨਾਲਾ ਵਿਖੇ ਪ੍ਰੋਫੈਸਰ ਮੋਹਨ ਸਿੰਘ ਮੇਲੇ ਦੌਰਾਨ ਜਦੋਂ 'ਸਵਾਮੀ' ਨਾਟਕ ਖੇਡਿਆ ਜਾ ਰਿਹਾ ਸੀ ਤਾਂ ਉਥੇ ਡੇਰਾ ਪ੍ਰੇਮੀਆਂ ਨੇ ਨਾਟਕ ਦੇ ਮੰਚਨ ਨੂੰ ਬੰਦ ਕਰਵਾਉਣ ਲਈ ਰੌਲਾ ਵੀ ਪਾਇਆ।

'ਮੈਂ ਪੰਜਾਬ ਬੋਲਦਾ ਹਾ—' ਪੰਜਾਬ ਦੇ ਗੌਰਵਮਈ ਇਤਿਹਾਸ ਨੂੰ ਬਿਆਨ ਕਰਦਾ ਹੈ ਜਿਸ ਦਾ ਪਹਿਲੀ ਵਾਰ ਟਰਾਂਟੋ ਦੀ ਗੁਰੂਕੁੱਲ ਅਕੈਡਮੀ ਵੱਲੋਂ ਕੈਨੇਡਾ ਦੀ ਧਰਤੀ 'ਤੇ ਮੰਚਨ ਕੀਤਾ ਗਿਆ। ਇਸ ਵਿੱਚ ਆਰੀਅਨ ਲੋਕਾਂ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਬੰਦਗੀ ਅਤੇ ਕਿਸਾਨੀ ਖੁਦਕਸ਼ੀਆਂ ਤੱਕ ਦੀ ਤਰਾਸਦੀ ਪੇਸ਼ ਕੀਤੀ ਗਈ ਹੈ। ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਨੂੰ ਚੋਟ ਕਰਦੇ ਨਾਟਕ 'ਬੋਝ' ਵਿਚ ਇਕ ਸੇਵਾ ਮੁਕਤ ਸੀਨੀਅਰ ਪੁਲਸ ਅਧਿਕਾਰੀ ਦਾ ਕਿਰਦਾਰ ਹੈ ਜਿਹੜਾ ਨਾ ਤਾਂ ਚੈਨ ਨਾਲ ਸੌ ਸਕਦਾ ਹੈ ਅਤੇ ਨਾ ਹੀ ਜੀਅ। ਉਸ ਦੀ ਆਪਣੀ ਅੰਤਰ ਆਤਮਾ ਨਾਲ ਟਕਰਾਅ ਹੁੰਦਾ ਹੈ। ਨਾਟਕ 'ਸੌਦਾਗਰ' ਨਸ਼ਿਆਂ ਦੇ ਵਪਾਰੀਆਂ ਉਤੇ ਵਿਅੰਗ ਕਸਦਾ ਹੈ।

ਨਾਟਕ 'ਵਾਪਸੀ' ਦੀ ਕਹਾਣੀ ਬਹੁਤ ਡਰਾਮੇ ਵਾਲੀ ਹੈ। ਉਸ ਦਾ ਇਹ ਨਾਟਕ ਨੌਜਵਾਨਾਂ ਦੀ ਪਰਵਾਸ ਜਾਣ ਦੀ ਤਰਾਸਦੀ ਉਪਰ ਆਧਾਰਿਤ ਸੀ। ਗੱਲ 2004 ਦੀ ਹੈ, ਜਦੋਂ ਨਿਰਮਲ ਜੌੜਾ ਇੰਗਲੈਂਡ ਦੌਰੇ ਉਪਰ ਗਿਆ ਸੀ। ਉਥੇ ਤਾਰਾ ਸਿੰਘ ਆਲਮ ਨਾਲ ਬੱਸ ਰਾਹੀਂ ਲੰਡਨ ਤੋਂ ਬਰਮਿੰਘਮ ਜਾਂਦਿਆਂ 3-4 ਪੰਜਾਬੀ ਮੁੰਡੇ ਮਿਲੇ ਜਿਹੜੇ ਟੀ.ਵੀ. ਉਪਰ ਉਸ ਨੂੰ ਅਕਸਰ ਦੇਖਦੇ ਰਹਿੰਦੇ ਸਨ। ਉਸ ਸਮੇਂ ਤੱਕ ਉਹ ਟੀ.ਵੀ. ਪ੍ਰੋਗਰਾਮਾਂ ਦੇ ਸੰਚਾਲਨ ਅਤੇ ਪੰਜਾਬ ਦੇ ਸਿਰਕੱਢ ਮੇਲਿਆਂ ਦੀ ਐਂਕਰਿੰਗ ਕਰਨ ਕਰਕੇ ਸ਼ੋਹਰਤ ਦੀ ਬੁਲੰਦੀ ਉਪਰ ਸੀ। ਇਹ ਉਹ ਮੁੰਡੇ ਸਨ ਜਿਨ੍ਹਾਂ ਨੇ ਗ਼ੈਰ-ਕਾਨੂੰਨੀ ਤਰੀਕੇ ਨਾਲ ਪਰਵਾਸ ਕੀਤਾ ਸੀ ਅਤੇ ਇੰਗਲੈਂਡ ਵਿਚ ਲੁੱਕ-ਛਿਪ ਕੇ ਰਹਿ ਰਹੇ ਸਨ। ਉਨ੍ਹਾਂ ਵਿਚੋਂ ਇਕ ਮੁੰਡੇ ਦਰਸ਼ਨ ਨੇ ਪੂਰੀ ਕਹਾਣੀ ਸੁਣਾਈ ਕਿ ਕਿਵੇਂ ਪੰਜਾਬ ਵਿੱਚੋਂ ਮੁੰਡੇ ਅਮਰੀਕਾ-ਕੈਨੈਡਾ, ਯੂਰੋਪ ਦੇ ਮੁਲਕਾਂ ਵਿੱਚ ਜਾਣ ਲਈ ਜੁਗਾੜ ਲਾਉਂਦੇ ਹਨ ਜਿਨ੍ਹਾਂ ਵਿਚੋਂ ਥੋੜੇ ਜਿਹੇ ਮੰਜ਼ਿਲ ਉਪਰ ਪਹੁੰਚ ਜਾਂਦੇ ਹਨ ਅਤੇ ਬਹੁਤੇ ਰਾਹਾਂ ਵਿੱਚ ਹੀ ਫੜੇ ਜਾਂਦੇ ਹਨ। 

ਨਿਰਮਲ ਜੌੜਾ ਨੇ ਪੰਜਾਬੀ ਦੀ ਨੌਜਵਾਨੀ ਨੂੰ ਵਾਪਸੀ ਦਾ ਤਾਅਨਾ ਮਾਰਦਿਆਂ ਆਪਣਾ ਪਲੇਠਾ ਨਾਟਕ 'ਵਾਪਸੀ' ਲਿਖਿਆ। ਨਿਰਮਲ ਜੌੜਾ ਇਸ ਨਾਟਕ ਨੂੰ ਆਪਣੀ ਵੀ ਰੰਗਮੰਚ ਵੱਲ ਵਾਪਸੀ ਦੱਸਦਾ ਹੈ, ਕਿਉਂਕਿ ਉਹ ਵਿਦਿਆਰਥੀ ਜੀਵਨ ਤੋਂ ਰੰਗਮੰਚ ਨਾਲ ਜੁੜਿਆ ਹੋਇਆ ਸੀ ਪਰ ਸਟੇਜ ਪ੍ਰੋਗਰਾਮਾਂ ਦੇ ਸੰਚਾਲਨ ਸ਼ੋਹਰਤ ਕਾਰਨ ਆਪਣੇ ਆਪ ਨੂੰ ਥਿਏਟਰ ਨਾਲੋਂ ਟੁੱਟਿਆ ਹੋਇਆ ਮਹਿਸੂਸ ਕਰ ਰਿਹਾ ਸੀ। ਉਹ ਦੱਸਦਾ ਹੈ ਕਿ ਟੀ.ਵੀ. ਪ੍ਰੋਗਰਾਮਾਂ ਰਾਹੀਂ ਮਿਲਦੀ ਪ੍ਰਸੰਸਾ ਅਤੇ ਪ੍ਰਸਿੱਧੀ ਨੇ ਉਸ ਨੂੰ ਰੰਗਮੰਚ ਤੋਂ ਦੂਰ ਰੱਖਿਆ। ਨਿਰਮਲ ਜੌੜਾ ਦੀ ਵੀ ਇਸ 'ਵਾਪਸੀ' ਨਾਟਕ ਨਾਲ ਰੰਗਮੰਚ ਵੱਲ ਵਾਪਸੀ ਹੋਈ। ਕਵਿਤਾ ਨਾਲ ਜੁੜਿਆ ਹੋਣ ਕਰਕੇ ਨਿਰਮਲ ਜੌੜਾ ਦੇ ਨਾਟਕਾਂ ਵਿਚ ਕਾਵਿ ਅੰਸ਼ ਭਾਰੂ ਹੈ। ਨਾਟਕਾਂ ਵਿਚਲੇ ਗੀਤ ਅਤੇ ਕਾਵਿਕ ਲਾਈਨਾਂ ਵੀ ਕਮਾਲ ਦੀਆਂ ਹੁੰਦੀਆਂ ਹਨ। ਵਾਪਸੀ ਨਾਟਕ ਦੇ ਆਰੰਭ ਵਿਚ ਉਸਦੀ ਕਵਿਤਾ ਉਤਸ਼ਾਹੀ ਹੈ:-

ਛੱਡ ਖਹਿੜਾ ਹੱਥ ਲਕੀਰਾਂ ਦਾ
ਤੂੰ ਆਸ਼ਕ ਬਣ ਤਦਬੀਰਾਂ ਦਾ
ਹਿੰਮਤ ਦਾ ਨਗਮਾ ਗਾ ਮਿੱਤਰਾ।
ਸੌ ਸੂਰਜ ਚੜ੍ਹ-ਚੜ੍ਹ ਲਿਸ਼ਕਣਗੇ
ਚੰਦ ਚਮਕੂ ਤਾਰੇ ਡਲ੍ਹਕਣਗੇ
ਮੱਥੇ ਨੂੰ ਅਰਸ਼ ਬਣਾ ਮਿੱਤਰਾ।

ਰੰਗਮੰਚ ਦਾ ਵਿਦਿਆਰਥੀ ਹੋਣ ਕਾਰਨ ਉਸ ਦੇ ਮਿਡਲ ਅਤੇ ਹੋਰ ਲੇਖ ਵੀ ਲਘੂ ਨਾਟਕ ਵਾਂਗ ਜਾਪਦੇ ਹਨ। ਜੱਸੋਵਾਲ ਨਾਲ ਜੁੜੀਆਂ ਅਨੇਕਾਂ ਘਟਨਾਵਾਂ ਉਸ ਦੇ ਮਿਡਲਾਂ ਰਾਹੀਂ ਪੜ੍ਹਨ ਨੂੰ ਮਿਲਦੀਆਂ ਹਨ। 'ਜੱਸੋਵਾਲ ਦੀ ਸਕਾਰਪੀਓ' ਲੇਖ ਜੱਸੋਵਾਲ ਦੀ ਜੀਵਨ ਸ਼ੈਲੀ ਦਾ ਝਲਕਾਰਾ ਪਾਉਂਦਾ ਹੈ। ਲੇਖ ਜੱਸੋਵਾਲ ਦੀ ਜ਼ਿੰਦਗੀ ਦਾ ਪੂਰਾ ਨਿਚੋੜ ਪੇਸ਼ ਕਰਦਾ ਹੈ ਕਿਵੇਂ ਉਹ ਖੁਦ ਆਪਣੀ ਮਾੜੀ ਸਿਹਤ ਦੇ ਹੁੰਦੇ ਹੋਏ ਵੀ ਕੋਈ ਮੇਲਾ/ਵਿਆਹ ਨਹੀਂ ਛੱਡਦਾ ਅਤੇ ਕਿਵੇਂ ਉਹ ਆਪਣੇ ਕੰਡਮ ਹੋਈ ਸਕਾਰਪੀਓ ਕਾਰ ਨੂੰ ਧੱਕੇ ਨਾਲ ਤੋਰੀ ਫਿਰਦਾ ਹੈ। ਅੰਤ ਦੋਵਾਂ ਨੂੰ ਹੀ 'ਓਵਰਹਾਲਿੰਗ' ਦੀ ਲੋੜ ਪੈਂਦੀ ਹੈ। ਜੌੜਾ ਮਿਡਲ ਲੇਖ 'ਟੱਲੀ' ਵਿਚ ਆਪਣੇ ਵਿਦਿਆਰਥੀ ਜੀਵਨ ਦੀਆਂ ਸ਼ਰਾਰਤਾਂ ਅਤੇ ਸ਼ਰਾਬ ਪੀਣ ਦੇ ਦੇਸੀ ਜੁਗਾੜ ਦੀ ਝਾਤ ਪਾਉਂਦਾ ਹੈ। 'ਬਿਲਾਸਪੁਰੋਂ ਪਟਿਆਲਾ' ਮਿਡਲ ਰਾਹੀਂ ਆਪਣੇ ਪਿੰਡ ਬਿਲਾਸਪੁਰੋਂ ਪਟਿਆਲੇ ਵਾਇਆ ਬਰਨਾਲਾ ਬੱਸ ਦੇ ਸਫਰ ਦਾ ਜ਼ਿਕਰ ਉਸ ਦੇ ਬਹੁਭਾਂਤੀ ਤੇ ਬਹੁਪਰਤੀ ਸੁਭਾਅ ਨੂੰ ਦਰਸਾਉਂਦਾ ਸੀ।

ਨਿਰਮਲ ਜੌੜਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਯੁਵਕ ਭਲਾਈ ਡਾਇਰੈਕਟਰ ਦੇ ਕਾਰਜਕਾਲ ਨੂੰ ਬਹੁਤ ਸੰਤੁਸ਼ਟੀ ਵਾਲਾ ਮੰਨਦਾ ਹੈ। ਉਹ ਆਪਣੀ ਜ਼ਿੰਦਾ-ਦਿਲੀ ਪਿੱਛੇ ਸਭ ਤੋਂ ਵੱਡਾ ਕਾਰਨ ਨੌਜਵਾਨ ਵਿਦਿਆਰਥੀਆਂ ਦੀ ਸੰਗਤ ਵਿੱਚ ਰਹਿਣ ਨੂੰ ਮੰਨਦਾ ਹੈ। ਸੱਭਿਆਚਾਰ ਨਾਲ ਜੁੜਿਆ ਹੋਣ ਕਰਕੇ ਉਸ ਦੀ ਯੁਵਕ ਭਲਾਈ ਵਿਭਾਗ ਦੀ ਸਦਾਰਤ ਨੂੰ ਹੋਰ ਦਿੱਖ ਮਿਲੀ ਹੈ। ਸਿੱਖਿਆਰਥੀ ਰੁੱਚੀ ਵਾਲਾ ਜੌੜਾ ਆਪਣੇ ਅੱਗੇ ਵਧਣ ਦੇ ਸੁਭਾਅ ਬਾਰੇ ਦੱਸਦਾ ਹੈ, ''ਅੰਦਰਲੀ ਅੱਗ ਮੈਨੂੰ ਟਿਕਣ ਨਹੀਂ ਦਿੰਦੀ।'' ਯੁਵਕ ਮੇਲਿਆਂ ਨੂੰ ਤਾਜ਼ਗੀ, ਵੰਨ-ਸੁਵੰਨਤਾ ਬਖਸ਼ਣ ਵਾਲੇ ਨਿਰਮਲ ਜੌੜਾ ਨੇ ਵਿਰਾਸਤੀ ਮੇਲੇ ਦੀ ਵੀ ਸ਼ੁਰੂਆਤ ਕੀਤੀ ਜਿੱਥੇ ਅਲੋਪ ਹੋ ਰਹੀਆਂ ਲੋਕ ਕਲਾਵਾਂ ਦੇ ਮੁਕਾਬਲੇ ਸ਼ੁਰੂ ਕੀਤੇ। ਯੂਨੀਵਰਸਿਟੀ ਦੀ ਸਿੰਡੀਕੇਟ ਮੀਟਿੰਗ ਵਿੱਚ ਉਸ ਦੀ ਵਿਰਾਸਤੀ ਵੰਨਗੀਆਂ ਨੂੰ ਯੁਵਕ ਮੇਲਿਆਂ ਵਿੱਚ ਸ਼ਾਮਲ ਕਰਨ ਦੀ ਪੇਸ਼ਕਸ਼ ਉਪਰ ਇਹ ਤੰਜ਼ ਕਸਿਆ ਗਿਆ, ''ਦੁਨੀਆਂ ਚੰਦ ਉਤੇ ਪਹੁੰਚ ਗਈ, ਅੱਜ-ਕੱਲ ਕੰਪਿਊਟਰ ਦਾ ਜ਼ਮਾਨਾ ਹੈ ਤਾਂ ਤੁਸੀਂ ਪੁਰਾਣੇ ਸਮੇਂ ਵੱਲ ਲਿਜਾਣ ਨੂੰ ਕਹਿ ਰਹੇ ਹੋ।'' 

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਯੁਵਕ ਮੇਲਿਆਂ ਵਿੱਚ ਵਿਰਾਸਤੀ ਵੰਨਗੀਆਂ ਨੂੰ ਜੋੜਨਾ ਉਸ ਲਈ ਵੱਡੀ ਚੁਣੌਤੀ ਸੀ ਜਿਸ ਨੂੰ ਉਸ ਨੇ ਆਪਣੇ ਜਾਨੂੰਨ ਅਤੇ ਦਲੀਲਾਂ ਨਾਲ ਸਿਰੇ ਚਾੜ੍ਹਿਆ। ਉਹ ਆਪਣੀਆਂ ਦਲੀਲਾਂ ਨਾਲ ਸ਼ਹਿਰੀ ਵਿਦਿਆਰਥੀਆਂ ਨੂੰ ਵੀ ਪੇਂਡੂ ਲੋਕ ਕਲਾਵਾਂ ਨਾਲ ਜੋੜਨ ਦਾ ਯਤਨ ਕਰਦਾ ਹੈ। ਉਸ ਦੀ ਦਲੀਲ ਹੈ ਕਿ ਜਦੋਂ ਕੋਈ ਕੁੜੀ ਗੁੱਤ ਗੁੰਦਦੀ ਹੈ ਜਾਂ ਕੋਈ ਬੰਦਾ ਟੋਕਰਾ ਬੁਣਦਾ ਹੈ ਤਾਂ ਉਹ ਪਰਿਵਾਰ ਨੂੰ ਇਕਮੁੱਠ ਕਰਨ ਦੀ ਕਲਾ ਸਿੱਖ ਰਿਹਾ ਹੁੰਦਾ ਹੈ। ਇਸੇ ਤਰ੍ਹਾਂ ਰੋੜਿਆਂ ਨੂੰ ਖੇਡਦੀ ਕੁੜੀ ਇਹ ਵਲ ਸਿੱਖ ਰਹੀ ਹੁੰਦੀ ਹੈ ਕਿ ਵਿਆਹ ਤੋਂ ਬਾਅਦ ਸਹੁਰੇ ਘਰ ਜਾ ਕੇ ਕਿਵੇਂ ਸਾਰੇ ਰਿਸ਼ਤਿਆਂ ਦਾ ਸੰਤੁਲਨ ਬਣਾਉਣਾ ਹੈ। ਉਸ ਦੀਆਂ ਇਹ ਦਲੀਲਾਂ ਨੇ ਯੁਵਕ ਮੇਲਿਆਂ ਨੂੰ ਵਿਰਾਸਤੀ ਦਿੱਖ ਪ੍ਰਦਾਨ ਕਰਵਾ ਦਿੱਤੀ।

ਨਿਰਮਲ ਜੌੜਾ ਦੇ ਦੋਸਤਾਂ ਦਾ ਘੇਰਾ ਬਹੁਤ ਵੱਡਾ ਹੈ। ਜੱਸੋਵਾਲ ਦੀ ਸ਼ਾਗਿਰਦੀ ਕਰਦਿਆਂ ਇਹ ਹੋਰ ਵੀ ਮੋਕਲਾ ਹੋਇਆ। ਉਸ ਦੇ ਦੋਸਤੀ ਘੇਰੇ ਵਿੱਚ ਕਲਾਕਾਰ, ਸਾਹਿਤਕਾਰ, ਰਾਜਸੀ ਆਗੂ, ਕਾਲਜਾਂ, ਯੂਨੀਵਰਸਿਟੀਆਂ ਦੇ ਪ੍ਰੋਫੈਸਰ ਸਭ ਸ਼ਾਮਲ ਹਨ। ਉਹ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨਾਲ ਜੁੜੇ ਲੋਕਾਂ ਦੀ ਸੰਗਤ ਨੂੰ ਦਿਲੋਂ ਮਾਣਦਾ ਹੈ। ਇਕ ਵਾਰ ਜਿਸ ਨਾਲ ਉਹ ਜੁੜ ਜਾਵੇ ਤਾਂ ਤਾਉਮਰ ਲਈ ਉਸ ਨਾਲ ਜੁੜ ਜਾਂਦਾ ਹੈ। ਪ੍ਰੋ. ਮੋਹਨ ਸਿੰਘ ਫਾਊਡੇਸ਼ਨ, ਪੰਜਾਬ ਕਲਾ ਭਵਨ, ਪੰਜਾਬੀ ਸੰਗੀਤ ਨਾਟਕ ਅਕਾਦਮੀ, ਸੱਭਿਆਚਾਰਕ ਸੱਥ, ਧੀਆਂ ਦੀ ਲੋਹੜੀ, ਪੰਜਾਬੀ ਸਾਹਿਤ ਅਕਾਡਮੀ, ਮਹਾਂਸ਼ਕਤੀ ਕਲਾ ਮੰਦਿਰ ਬਰਨਾਲਾ ਆਦਿ ਸੰਸਥਾਵਾਂ ਨਾਲ ਜੁੜਿਆ ਹੋਇਆ ਨਿਰਮਲ ਜੌੜਾ ਵੀ ਜੱਸੋਵਾਲ ਵਾਂਗ ਇਕ ਥਾਂ ਟਿਕ ਨਹੀਂ ਬੈਠਦਾ। ਸਵੇਰੇ ਲੁਧਿਆਣੇ, ਦੁਪਹਿਰੇ ਚੰਡੀਗੜ੍ਹ, ਸ਼ਾਮ ਨੂੰ ਬਰਨਾਲੇ ਤੇ ਰਾਤ ਨੂੰ ਫਰੀਦਕੋਟ ਹੁੰਦਾ ਹੈ। ਕਈ ਵਾਰ ਤਾਂ ਉਸ ਦਾ ਪਤਾ ਨਹੀਂ ਲੱਗਦਾ ਕਿ ਕੈਨੇਡਾ ਜਾਂ ਆਸਟਰੇਲੀਆ ਦਾ ਦੌਰਾ ਵੀ ਅੱਖ ਝਪਕਦਿਆਂ ਲਾ ਆਉਂਦਾ ਹੈ। ਹੱਥਲੀ ਪੁਸਤਕ ਵਿੱਚ ਜੌੜੇ ਦੇ ਲੇਖ ਲਿਖਦਿਆਂ ਦੌਰਾਨ ਉਹ ਇਕ ਵਾਰ ਪੰਜਾਬ ਤੋਂ ਬਾਹਰ ਅੰਡੇਮਾਨ ਨਿਕੋਬਾਰ ਅਤੇ ਇਕ ਵਾਰ ਸੱਤ ਸਮੁੰਦਰ ਪਾਰ ਕੈਨੇਡਾ ਦਾ ਵੀ ਟੂਰ ਲਾ ਆਇਆ। ਕੈਨੇਡਾ ਤਾਂ ਉਹ ਗਿਆ ਵੀ ਪੰਜ ਦਿਨਾਂ ਲਈ ਸੀ। ਉਸ ਦੀ ਮੰਗ ਹੀ ਬਹੁਤ ਹੈ। ਕੋਈ ਵੀ ਸੱਭਿਆਚਾਰਕ ਮੁਕਾਬਲਾ ਜਾਂ ਮੇਲਾ ਉਸ ਬਿਨਾਂ ਸੱਚਮੁੱਚ ਅਧੂਰਾ ਹੈ।

ਯੁਵਕ ਮੇਲਿਆਂ ਦੌਰਾਨ ਉਹ ਭੰਬੀਰੀ ਵਾਂਗੂ ਘੁੰਮਦਾ ਹੈ। ਉਸਦੀ ਤੰਦਰੁਸਤ ਫੁਰਤੀ ਕਮਾਲ ਦੀ ਆ। ਇਕੋ ਦਿਨ ਚੰਡੀਗੜ੍ਹ ਤੋਂ ਮੁਕਤਸਰ, ਖੰਨਾ ਤੋਂ ਬਲਾਚੌਰ, ਮਾਛੀਵਾੜਾ-ਦੋਰਾਹਾ ਤੋਂ ਮੋਗਾ ਅਤੇ ਲੁਧਿਆਣੇ ਤੋਂ ਹੁਸ਼ਿਆਰਪੁਰ ਵਿਖੇ ਚੱਲਦੇ ਵੱਖ-ਵੱਖ ਖੇਤਰੀ ਯੁਵਕ ਮੇਲਿਆਂ ਵਿੱਚ ਉਹ ਝੱਟ ਹਾਜ਼ਰ ਹੋ ਜਾਂਦਾ। ਕਿਧਰੇ ਕੋਈ ਜੱਜਮੈਂਟ ਦਾ ਰੌਲਾ ਪੈ ਜਾਵੇ ਜਾਂ ਫੇਰ ਕਿਤੇ ਕਿਸੇ ਹਿੱਸੇਦਾਰ ਉਪਰ ਇਤਰਾਜ਼ ਹੋ ਜਾਵੇ, ਨਿਰਮਲ ਜੌੜਾ ਤੁਰੰਤ ਉਸ ਨੂੰ ਹੱਲ ਕਰਨ ਲਈ ਮੌਕੇ ਉਪਰ ਪਹੁੰਚ ਜਾਂਦਾ। ਮੁੱਖ ਮਹਿਮਾਨ, ਜੱਜ ਜਾਂ ਫੇਰ ਕੋਈ ਜ਼ਿੰਮੇਵਾਰ ਵਿਅਕਤੀ ਆਖਰੀ ਮੌਕੇ ਪਹੁੰਚਣ ਤੋਂ ਜੁਆਬ ਦੇ ਦਿੰਦਾ ਤਾਂ ਝੱਟ ਉਸ ਕੋਲ 'ਪਲਾਨ ਬੀ' ਤਿਆਰ ਹੁੰਦਾ ਅਤੇ ਬਦਲਵਾਂ ਪ੍ਰਬੰਧ ਤੁਰੰਤ ਕਰ ਦਿੰਦਾ। 

ਹਰ ਛੋਟੇ ਤੋਂ ਛੋਟੇ ਨੁਕਤੇ ਵਿੱਚ ਉਹ ਨਿੱਜੀ ਦਿਲਚਸਪੀ ਲੈਂਦਾ। ਇਥੋਂ ਤੱਕ ਕਿ ਆਪਣਾ ਰਸੂਖ਼ ਵਰਤ ਕੇ ਉਹ ਵੱਡੇ ਕਲਾਕਾਰਾਂ ਨੂੰ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਲਈ ਯੁਵਕ ਮੇਲੇ ਵਿਚ 'ਸਰਪਾਈਜ਼ ਗਿਫਟ' ਵਜੋਂ ਲੈ ਜਾਂਦਾ। ਸਾਲ 2017 ਦੇ ਯੁਵਕ ਮੇਲਿਆਂ ਦੌਰਾਨ ਇੰਝ ਹੀ ਉਹ ਪ੍ਰਸਿੱਧ ਗਾਇਕ ਅਤੇ ਫਿਲਮ ਅਦਾਕਾਰ ਹਰਭਜਨ ਮਾਨ ਨੂੰ ਏ.ਐੱਸ.ਕਾਲਜ ਖੰਨਾ ਲੈ ਗਿਆ ਜਿੱਥੇ ਹਰਭਜਨ ਮਾਨ ਦੀ ਗਾਇਕੀ ਮਾਣਨ ਵਾਲੇ ਵਿਦਿਆਰਥੀਆਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ। ਜੱਸੋਵਾਲ ਵਾਂਗ ਉਹ ਫਿਰਨ-ਤੁਰਨ ਵਾਲੇ ਨਿਰਮਲ ਦੀ ਘਰਵਾਲੀ ਜ਼ਰੂਰ ਬੋਲੀ ਪਾਉਂਦੀ ਹੋਊ 'ਪੱਚੀਆਂ ਪਿੰਡਾਂ ਦਾ ਮੇਰਾ ਢੋਲ ਪਟਵਾਰੀ'।

rajwinder kaur

This news is Content Editor rajwinder kaur