ਨਸ਼ਾ ਛੁਡਾਉਣ ਲਈ ਖੋਲ੍ਹੇ ਓਟ ਕਲੀਨਿਕ ’ਚ ਡਾਕਟਰ ਨਿਯੁਕਤ

08/01/2018 1:31:47 AM

ਲੋਕਾਂ ਤੇ ਸਮਾਜ ਸੇਵੀਅਾਂ ਨੇ ਜਗ ਬਾਣੀ/ਪੰਜਾਬ ਕੇਸਰੀ ਦਾ ਕੀਤਾ ਧੰਨਵਾਦ
ਤਲਵੰਡੀ ਸਾਬੋ(ਮੁਨੀਸ਼)-ਤਲਵੰਡੀ ਸਾਬੋ ਵਿਖੇ ਸਿਹਤ ਵਿਭਾਗ ਵੱਲੋਂ ਨਸ਼ਾ ਛੁਡਾਉਣ ਲਈ ਖੋਲ੍ਹੇ ਗਏ ਓਟ ਕਲੀਨਿਕ ’ਚ ਡਾਕਟਰ ਨਾ ਹੋਣ ਦੀ ਖਬਰ ਨੂੰ ਜਗ ਬਾਣੀ/ਪੰਜਾਬ ਕੇਸਰੀ ਵੱਲੋਂ ਪ੍ਰਮੁੱਖਤਾ ਨਾਲ ਪ੍ਰ੍ਰਕਾਸ਼ਿਤ ਕਰਨ ਤੋਂ ਬਾਅਦ ਸਿਹਤ ਵਿਭਾਗ ਨੇ ਡਾਕਟਰ ਦੀ ਨਿਯੁਕਤੀ ਕਰ ਦਿੱਤੀ ਹੈ। ਦੱਸਣਾ ਬਣਦਾ ਹੈ ਕਿ ‘ਜਗ ਬਾਣੀ’ ਵੱਲੋਂ ਤਲਵੰਡੀ ਸਾਬੋ ਦੇ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ’ਚ ਸਿਹਤ ਵਿਭਾਗ ਵੱਲੋਂ ਨਸ਼ਾ ਛੁਡਾਉਣ ਲਈ ਮਰੀਜ਼ਾਂ ਨੂੰ ਦਵਾਈ ਦੇਣ ਲਈ ਸ਼ੁਰੂ ਕੀਤੇ ਗਏ ਓਟ ਕਲੀਨਿਕ ’ਚ ਕੋਈ ਵੀ ਡਾਕਟਰ ਨਾ ਹੋਣ ਕਰ ਕੇ ਮਰੀਜ਼ਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਜਿਸ ਕਰ ਕੇ ਰੋਜ਼ਾਨਾ ਨਸ਼ਾ ਛੱਡਣ ਲਈ ਆਉਂਦੇ ਲੋਕਾਂ ਨੂੰ ਨਿਰਾਸ਼ ਹੋ ਕੇ ਵਾਪਸ ਜਾਣਾ ਪੈਂਦਾ ਸੀ, ਉਥੇ ਹੀ ਸਰਕਾਰ ਦੇ ਦਾਅਵੇ ਵੀ ਖੋਖਲੇ ਸਾਬਤ ਹੋ ਰਹੇ ਸਨ। ਇਸ ਮਾਮਲੇ ਨੂੰ ਜਗ ਬਾਣੀ/ਪੰਜਾਬ ਕੇਸਰੀ ਨੇ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕਰਨ ਤੋਂ ਬਾਅਦ ਸਿਹਤ ਵਿਭਾਗ ਹਰਕਤ ’ਚ ਆ ਗਿਆ, ਜਿਸ ਤੋਂ ਕੁਝ ਦਿਨਾਂ ਬਾਅਦ ਡਾ. ਰਤਿਸ਼ ਗਰਗ ਦੀ ਨਿਯੁਕਤ ਕਰ ਦਿੱਤੀ ਗਈ। ਡਾ. ਰਤਿਸ਼ ਗਰਗ ਨੇ ਦੱਸਿਆ ਕਿ ਹੁਣ ਓਟ ਕਲੀਨਿਕ ਵਿਚ 200 ਦੇ ਕਰੀਬ ਮਰੀਜ਼ ਰੋਜ਼ਾਨਾ ਦਵਾਈ ਲੈਣ ਆਉਂਦੇ ਹਨ, ਜਿਨ੍ਹਾਂ ਨੂੰ ਦਵਾਈ ਸਰਕਾਰ ਵੱਲੋਂ ਫ੍ਰੀ ਦਿੱਤੀ ਜਾ ਰਹੀ ਹੈ। ਸਮਾਜ ਸੇਵੀ ਅਤੇ ਅਾਜ਼ਾਦ ਕੌਂਸਲਰ ਸਤਿੰਦਰਪਾਲ ਸਿੱਧੂ ਦਾ ਕਹਿਣਾ ਹੈ ਕਿ ਜੇ ਸਰਕਾਰ ਲੋਕਾਂ ਦਾ ਨਸ਼ਾ ਛੁਡਾਉਣਾ ਚਾਹੁੰਦੀ ਹੈ ਤਾਂ ਉਨ੍ਹਾਂ ਦਾ ਫ੍ਰੀ ਇਲਾਜ ਕਰ ਕੇ ਬੇਰੋਜ਼ਗਾਰ ਨੌਜਵਾਨਾਂ ਦੇ ਰੋਜ਼ਗਾਰ ਦਾ ਪ੍ਰਬੰਧ ਕਰੇ। ਉਨ੍ਹਾਂ ਨਾਲ ਹੀ ਜਗ ਬਾਣੀ/ਪੰਜਾਬ ਕੇਸਰੀ  ਦਾ  ਧੰਨਵਾਦ  ਕਰਦਿਅਾਂ  ਕਿਹਾ ਕਿ ਓਟ ਕਲੀਨਿਕ ਦੀ ਮੁਸ਼ਕਲ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕਰਨ ਤੋਂ ਬਾਅਦ ਸਿਹਤ ਵਿਭਾਗ ਨੇ ਡਾਕਟਰ ਦੀ ਨਿਯੁਕਤੀ ਕੀਤੀ ਹੈ।