ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਮੰਡੀਆਂ ''ਚ ਭਿੱਜੀ ਕਣਕ

05/03/2018 6:49:50 AM

ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)-ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਦੇਸ਼ ਦਾ ਅੰਨਦਾਤਾ ਅੱਜ ਮੰਡੀਆਂ 'ਚ ਰੁਲਣ ਲਈ ਮਜਬੂਰ ਹੋ ਰਿਹਾ ਹੈ। ਮੰਡੀਆਂ ਨੂੰ ਸ਼ੁਰੂ ਹੋਏ ਕਰੀਬ ਇਕ ਮਹੀਨੇ ਦਾ ਸਮਾਂ ਹੋ ਚੁੱਕਾ ਹੈ ਪਰ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਕੋਈ ਵੀ ਸਹੂਲਤ ਉਪਲੱਬਧ ਨਹੀਂ ਕਰਵਾਈ ਗਈ। ਮੌਸਮ ਵਿਭਾਗ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਸੰਦੇਸ਼ ਮੋਬਾਇਲ 'ਤੇ ਭੇਜ ਕੇ ਸੁਚੇਤ ਕੀਤਾ ਜਾਂਦਾ ਹੈ ਕਿ ਆਉਣ ਵਾਲੇ ਦਿਨਾਂ 'ਚ ਮੀਂਹ ਪੈਣ ਦੀ ਸੰਭਾਵਨਾ ਹੈ ਪਰ ਇਹ ਸੰਦੇਸ਼ ਜ਼ਿਲਾ ਪ੍ਰਸ਼ਾਸਨ ਤੱਕ ਕਿਉਂ ਨਹੀਂ ਪਹੁੰਚਦਾ, ਇਹ ਇਕ ਪਹੇਲੀ ਬਣੀ ਹੋਈ ਹੈ। ਅੱਜ ਥੋੜ੍ਹਾ ਜਿਹਾ ਮੀਂਹ ਪੈਣ ਕਾਰਨ ਮਾਰਕੀਟ ਕਮੇਟੀ ਬਰਨਾਲਾ ਦੇ ਅਧਿਕਾਰੀਆਂ ਦੀ ਪੋਲ ਖੁੱਲ੍ਹ ਗਈ ਹੈ। 'ਜਗ ਬਾਣੀ' ਦੀ ਟੀਮ ਨੇ ਮੰਡੀ ਦਾ ਦੌਰਾ ਕੀਤਾ ਤਾਂ ਮੰਡੀ ਦੀਆਂ ਸੜਕਾਂ ਨੇ ਤਲਾਬ ਦਾ ਰੂਪ ਧਾਰਨ ਕਰ ਰੱਖਿਆ ਸੀ। ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਤੇ ਬਿਨਾਂ ਤਰਪਾਲਾਂ ਦੇ ਕਣਕ ਦੀਆਂ ਬੋਰੀਆਂ  ਮੰਡੀ 'ਚ ਖੜ੍ਹੇ ਮੀਂਹ ਦੇ ਪਾਣੀ 'ਚ ਭਿੱਜ ਰਹੀਆਂ ਸਨ।  ਕਿਸਾਨਾਂ ਕੀਤੀ ਨਾਅਰੇਬਾਜ਼ੀ : ਪ੍ਰਸ਼ਾਸਨ ਤੇ ਮਾਰਕੀਟ ਕਮੇਟੀ ਬਰਨਾਲਾ ਵਿਰੁੱਧ ਰੋਸ ਵਜੋਂ ਨਾਅਰੇਬਾਜ਼ੀ ਕਰਦਿਆਂ ਜਗਰੂਪ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਖੁੱਡੀ ਕਲਾਂ, ਹਰਭੋਲ ਸਿੰਘ ਪੁੱਤਰ ਆਸਾ ਸਿੰਘ ਵਾਸੀ ਖੁੱਡੀ ਕਲਾਂ, ਅਮਨ ਸਿੰਘ ਪੁੱਤਰ ਜੀਤ ਸਿੰਘ ਵਾਸੀ ਬਰਨਾਲਾ ਨੇ ਦੱਸਿਆ ਕਿ ਮਾਰਕੀਟ ਕਮੇਟੀ ਵੱਲੋਂ ਕਿਸਾਨਾਂ ਤੇ ਮਜ਼ਦੂਰਾਂ ਲਈ ਨਹਾਉਣ ਲਈ ਤੇ ਪਖਾਨਿਆਂ ਦਾ ਕੋਈ ਪ੍ਰਬੰਧ ਨਹੀਂ ਹੈ। ਜੋ ਇਨ੍ਹਾਂ ਵੱਲੋਂ ਅਧੂਰੇ ਪ੍ਰਬੰਧ ਕੀਤੇ ਗਏ ਹਨ, ਉਨ੍ਹਾਂ ਅੰਦਰ ਇੰਨੀ ਗੰਦਗੀ ਫੈਲੀ ਹੋਈ ਹੈ ਜੇਕਰ ਇਕ ਵਾਰ ਕੋਈ ਵਿਅਕਤੀ ਅੰਦਰ ਦਾਖਲ ਹੋ ਕੇ ਬਾਹਰ ਨਿਕਲ ਆਵੇ ਤਾਂ ਉਹ ਕਿਸੇ ਨਾ ਕਿਸੇ ਬੀਮਾਰੀ ਦੀ ਲਪੇਟ 'ਚ ਆ ਸਕਦਾ ਹੈ। ਦਾਣਾ ਮੰਡੀ 'ਚ ਤਰਪਾਲਾਂ ਦਾ ਵੀ ਪੁਖਤਾ ਪ੍ਰਬੰਧ ਨਹੀਂ ਹੈ। 
ਮੰਡੀ ਦੇ ਮਜ਼ਦੂਰਾਂ ਨੇ ਵੀ ਰੋਇਆ ਆਪਣਾ ਰੋਣਾ
ਨਾਂ ਨਾ ਛਾਪਣ ਦੀ ਸੂਰਤ 'ਚ ਮੰਡੀ ਦੇ ਮਜ਼ਦੂਰਾਂ ਨੇ ਕਿਹਾ ਕਿ ਸੁੱਕਾ ਮਾਲ ਪਹਿਲਾਂ ਵੀ ਨਹੀਂ ਚੁੱÎਕਿਆ ਅਤੇ ਹੁਣ ਗਿੱਲਾ ਹੋਣ ਦੇ ਬਾਅਦ ਅਸੀਂ 15 ਦਿਨਾਂ ਲਈ ਹੋਰ ਬੱਝ ਗਏ ਹਾਂ ਕਿਉਂਕਿ ਹੁਣ ਗਿੱਲੇ ਮਾਲ ਨੂੰ ਸੁਕਾ ਕੇ ਸਾਨੂੰ ਫਿਰ ਤੋਂ ਹੋਰ ਮਿਹਨਤ ਕਰਨੀ ਪਵੇਗੀ। ਇੰਨੀ ਰਾਖੀ ਕਰਨ ਲਈ ਸਾਨੂੰ ਦਿਨ-ਰਾਤ ਪਹਿਰਾ ਦੇਣਾ ਪਵੇਗਾ ਜੋ ਮਾਲ ਚੋਰੀ ਹੋ ਜਾਂਦਾ ਹੈ ਤਾਂ ਉਸ ਦੀ ਪੜਤਾਲ ਵੀ ਨਹੀਂ ਹੁੰਦੀ।