ਵਪਾਰੀ ਮੰਨੇ, ਸਰਕਾਰ ਨੇ 5 ਰੁਪਏ ਯੂਨਿਟ ਬਿਜਲੀ ਦੇਣ ਦੇ ਟੈਰਿਫ ਪਲਾਨ ''ਚ ਬਣਾਇਆ ਬੁੱਧੂ

12/22/2017 5:55:13 AM

ਲੁਧਿਆਣਾ(ਧੀਮਾਨ)-ਪੰਜਾਬ 'ਚ ਇੰਡਸਟਰੀ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦੇ ਸਰਕਾਰੀ ਫੈਸਲੇ 'ਚ ਉਦਯੋਗਪਤੀ ਇਸ ਤਰ੍ਹਾਂ ਉਲਝੇ ਹਨ ਕਿ ਹੁਣ ਆਪ ਇਕ-ਦੂਜੇ ਨੂੰ ਕੋਸਣ ਲੱਗ ਗਏ ਹਨ। ਵਜ੍ਹਾ, ਅਫਸਰਾਂ ਨੇ ਬੀਤੇ ਦਿਨੀਂ ਚੰਡੀਗੜ੍ਹ ਵਿਚ ਵੱਖ-ਵੱਖ ਐਸੋਸੀਏਸ਼ਨਾਂ ਨਾਲ ਜੋ ਮੀਟਿੰਗਾਂ ਕੀਤੀਆਂ ਸਨ, ਉਸ ਵਿਚ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦੀ ਗੱਲ ਨੂੰ ਗੋਲ-ਮੋਲ ਕਰ ਦਿੱਤਾ ਗਿਆ ਸੀ। ਉੱਦਮੀ ਵੀ ਖੁਸ਼ ਹੋ ਕੇ ਸਰਕਾਰ ਦਾ ਧੰਨਵਾਦ ਕਰ ਆਏ ਸਨ ਪਰ ਅੱਜ ਜਦੋਂ 'ਜਗ ਬਾਣੀ' ਨੇ ਅਸਲੀਅਤ ਦਿਖਾਈ ਤਾਂ ਕ੍ਰੈਡਿਟ ਲੈਣ ਦੀ ਹੋੜ ਵਿਚ ਜੁਟੇ ਉੱਦਮੀ ਆਪਣੇ ਆਪ ਨੂੰ ਬਚਾਉਂਦੇ ਹੋਏ ਨਜ਼ਰ ਆਉਣ ਲੱਗੇ। ਉਦਯੋਗਿਕ ਆਗੂਆਂ ਤੋਂ ਜਦੋਂ ਪੁੱਛਿਆ ਗਿਆ ਕਿ ਤੁਹਾਨੂੰ ਸਮਝ ਨਹੀਂ ਆਇਆ ਸੀ ਕਿ ਸਰਕਾਰ ਕਿਸ ਤਰ੍ਹਾਂ ਕੈਲਕੁਲੇਸ਼ਨ ਕਰ ਰਹੀ ਹੈ ਜਾਂ ਤੁਹਾਡੇ 'ਤੇ ਕੋਈ ਦਬਾਅ ਸੀ, ਸਭ ਨੇ ਮੰਨਿਆ ਕਿ ਸਰਕਾਰ ਦਾ ਫੋਕਸ ਭੁੱਖ-ਹੜਤਾਲ ਖਤਮ ਕਰਵਾਉਣਾ ਸੀ, ਜਿਸ ਵਿਚ ਉਹ ਕਾਮਯਾਬ ਹੋ ਗਏ ਅਤੇ ਉੱਦਮੀਆਂ ਨੂੰ ਬੁੱਧੂ ਬਣਾ ਕੇ ਵਾਪਸ ਭੇਜ ਦਿੱਤਾ। 
ਇਸ ਸਬੰਧ ਵਿਚ ਅੱਜ ਵੱਖ-ਵੱਖ ਉਦਯੋਗਿਕ ਐਸੋਸੀਏਸ਼ਨਾਂ ਦੇ ਪ੍ਰਧਾਨ ਯੂ. ਸੀ. ਪੀ. ਐੱਮ. ਏ. ਦੇ ਦਫਤਰ 'ਚ ਇਕੱਠੇ ਹੋਏ ਅਤੇ ਜਦੋਂ ਹਿਸਾਬ ਲਾਇਆ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਕਿਸੇ ਵੀ ਕੀਮਤ 'ਤੇ ਬਿਜਲੀ 8 ਰੁਪਏ ਤੋਂ ਘੱਟ ਨਹੀਂ ਪੈ ਰਹੀ। ਇਸ 'ਤੇ ਸਭ ਦੇ ਹੋਸ਼ ਉੱਡ ਗਏ ਤੇ ਧੰਨਵਾਦ ਕਰਨ ਵਾਲੇ ਆਗੂ ਇਕ-ਦੂਜੇ ਨੂੰ ਕੋਸਣ ਲੱਗ ਪਏ। ਇੰਨਾ ਹੀ ਨਹੀਂ, ਕਿਸੇ ਨੇ ਵੀ 5 ਰੁਪਏ ਦੇ ਮਾਮਲੇ ਨੂੰ ਸਹੀ ਢੰਗ ਨਾਲ ਨਹੀਂ ਦੱਸਿਆ। ਮਤਲਬ ਸਮਝਦਾਰ ਕਾਰੋਬਾਰੀ ਜੋ ਕਰੋੜਾਂ-ਅਰਬਾਂ ਦਾ ਕਾਰੋਬਾਰ ਕਰਦੇ ਹਨ ਤੇ ਵੱਡੀਆਂ-ਵੱਡੀਆਂ ਐਸੋਸੀਏਸ਼ਨਾਂ ਦੇ ਆਗੂ ਹਨ, ਉਹ ਵੀ ਆਪਣੀ ਕਾਬਲੀਅਤ 'ਤੇ ਸਵਾਲੀਆ ਨਿਸ਼ਾਨ ਲਾ ਬੈਠੇ। ਕਈ ਆਗੂਆਂ ਨੇ ਤਾਂ ਬਿਜਲੀ 5 ਰੁਪਏੇ ਪ੍ਰਤੀ ਯੂਨਿਟ ਕਰਵਾਉਣ ਦੇ ਫੈਸਲੇ ਦਾ ਸਿਹਰਾ ਲੈਣ ਲਈ ਆਪਣੇ ਹੀ ਆਦਮੀਆਂ ਨੂੰ ਕਹਿ ਕੇ ਆਪਣੇ ਆਪ ਨੂੰ ਸਨਮਾਨਿਤ ਕਰਵਾਉਣ ਦੀ ਵੀ ਯੋਜਨਾ ਬਣਾ ਲਈ ਸੀ। ਇਸ ਕ੍ਰੈਡਿਟ ਵਾਰ ਨੇ ਹੀ ਸਾਰੀ ਇੰਡਸਟਰੀ ਨੂੰ ਸੰਕਟ ਵਿਚ ਲਿਆ ਖੜ੍ਹਾ ਕਰ ਦਿੱਤਾ ਹੈ।