ਸਟ੍ਰੀਟ ਲਾਈਟਾਂ ਬੰਦ ਰਹਿਣ ਨੂੰ ਲੈ ਕੇ ਨਿਗਮ ਨੇ ਰੋਕੀ 75 ਲੱਖ ਦੀ ਅਦਾਇਗੀ

09/24/2017 3:12:43 AM

 ਲੁਧਿਆਣਾ(ਹਿਤੇਸ਼)-ਸਟ੍ਰੀਟ ਲਾਈਟਾਂ ਦੀ ਆਪ੍ਰੇਟਿੰਗ ਅਤੇ ਮੇਨਟੀਨੈਂਸ ਕੀਤੇ ਬਿਨਾਂ ਲੱਖਾਂ ਦਾ ਖਰਚ ਹੋਣ ਬਾਰੇ ਜਗ ਬਾਣੀ ਵਿਚ ਖੁਲਾਸਾ ਹੋਣ ਤੋਂ ਬਾਅਦ ਨਗਰ ਨਿਗਮ ਨੇ ਠੇਕੇਦਾਰਾਂ ਨੂੰ ਕਰੀਬ 75 ਲੱਖ ਦੀ ਅਦਾਇਗੀ ਦੇਣ 'ਤੇ ਰੋਕ ਲਗਾ ਦਿੱਤੀ ਹੈ। ਇਥੇ ਦੱਸਣਾ ਉਚਿਤ ਹੋਵੇਗਾ ਕਿ ਨਿਗਮ ਵੱਲੋਂ ਰੱਖੇ ਗਏ ਠੇਕੇਦਾਰ ਕੰਮ ਕੀਤੇ ਬਿਨਾਂ ਹੀ ਬਿੱਲ ਬਣਾ ਕੇ ਮੌਜ ਕਰ ਰਹੇ ਹਨ, ਜਿਸ ਦੇ ਸਬੂਤ ਵਜੋਂ ਸ਼ਹਿਰ ਦੇ ਜ਼ਿਆਦਾਤਰ ਇਲਾਕਿਆਂ ਵਿਚ ਸਟ੍ਰੀਟ ਲਾਈਟਾਂ ਦੇ ਬੰਦ ਰਹਿਣ ਜਾਂ ਦਿਨ ਸਮੇਂ ਚੱਲਣ ਬਾਰੇ ਸ਼ਿਕਾਇਤਾਂ ਦੀ ਭਰਮਾਰ ਲੱਗੀ ਹੋਈ ਹੈ ਪਰ ਠੇਕੇਦਾਰਾਂ ਦੇ ਨਾਲ ਮਿਲੀਭੁਗਤ ਕਾਰਨ ਨਿਗਮ ਅਫਸਰ ਇਹ ਕਹਿ ਕੇ ਕਾਰਵਾਈ ਨਹੀਂ ਕਰਦੇ ਕਿ ਸਭ ਜ਼ੋਨਾਂ 'ਤੇ ਸ਼ਿਕਾਇਤ ਦਰਜ ਹੋਣ ਦੇ ਤੈਅ ਸਮੇਂ 'ਤੇ ਅੰਦਰ ਸਟ੍ਰੀਟ ਲਾਈਟਾਂ ਚਾਲੂ ਨਾ ਹੋਣ 'ਤੇ ਹੀ ਜੁਰਮਾਨਾ ਲਾਇਆ ਜਾ ਸਕਦਾ ਹੈ ਜਦੋਂਕਿ ਜ਼ਿਆਦਾਤਰ ਸ਼ਿਕਾਇਤਾਂ ਕੌਂਸਲਰਾਂ ਵੱਲੋਂ ਅਫਸਰਾਂ ਜਾਂ ਠੇਕੇਦਾਰਾਂ ਨੂੰ ਫੋਨ 'ਤੇ ਨੋਟ ਕਰਵਾਈਆਂ ਜਾਂਦੀਆਂ ਹਨ ਤੇ ਸਟ੍ਰੀਟ ਲਾਈਟਾਂ ਬੰਦ ਰਹਿਣ ਦੀ ਚੈਕਿੰਗ ਕਰਨ ਦੇ ਲਈ ਲਾਏ ਗਏ ਪੈਟ੍ਰੋਲਰ ਅੱਗੇ ਠੇਕੇਦਾਰਾਂ ਕੋਲ ਹੀ ਪੁਆਇੰਟ ਚਲਾਉਣ ਅਤੇ ਬੰਦ ਕਰਨ ਦਾ ਕੰਮ ਕਰਨ ਵਿਚ ਲੱਗੇ ਹਨ, ਜਿਸ ਦੇ ਬਹਾਨੇ ਹਰ ਮਹੀਨੇ ਇਕ ਵੱਡਾ ਘਪਲਾ ਹੋ ਰਿਹਾ ਹੈ।
 ਇਸ ਮਾਮਲੇ ਵਿਚ 'ਜਗ ਬਾਣੀ' ਵੱਲੋਂ ਮੁੱਦਾ ਚੁੱਕੇ ਜਾਣ 'ਤੇ ਨੀਂਦ ਤੋਂ ਜਾਗੇ ਅਫਸਰਾਂ ਨੇ ਜਾਂਚ ਦੇ ਹੁਕਮ ਦਿੱਤੇ ਤਾਂ ਹੇਠਲੇ ਸਟਾਫ ਨੇ ਇਕ ਠੇਕੇਦਾਰ ਦੇ ਹੱਕ ਵਿਚ ਬਣੇ ਬਿੱਲ ਦੀ ਬਕਾਇਆ ਖੜ੍ਹੀ ਕਰੀਬ 75 ਲੱਖ ਦੀ ਪੇਮੈਂਟ ਦਾ ਚੈੱਕ ਬਣਿਆ ਹੋਣ ਦੇ ਬਾਵਜੂਦ ਜਾਰੀ ਕਰਨ 'ਤੇ ਰੋਕ ਲਾਉਣ ਦੀ ਸਿਫਾਰਸ਼ ਕਰ ਦਿੱਤੀ, ਜਿਸ ਦੇ ਬਾਵਜੂਦ ਕੰਮ ਵਿਚ ਸੁਧਾਰ ਕਰਨ ਦੀ ਜਗ੍ਹਾ ਠੇਕੇਦਾਰ ਵੱਲੋਂ ਅਦਾਇਗੀ ਜਾਰੀ ਕਰਵਾਉਣ ਲਈ ਆਗੂਆਂ ਦੇ ਦਰਬਾਰ ਵਿਚ ਚੱਕਰ ਲਾਏ ਜਾ ਰਹੇ ਹਨ।
ਪਹਿਲਾਂ ਗਾਇਬ ਹੋ ਚੁੱਕੀ ਹੈ ਪਨੈਲਟੀ ਲਾਉਣ ਦੀ ਫਾਈਲ
ਜਿਸ ਠੇਕੇਦਾਰ ਦੀ ਅਦਾਇਗੀ ਰੋਕੀ ਗਈ ਹੈ, ਉਸ ਦੇ ਖਿਲਾਫ ਸ਼ਿਕਾਇਤਾਂ ਆਉਣ ਦਾ ਕੋਈ ਨਵਾਂ ਕੇਸ ਨਹੀਂ ਹੈ ਬਲਕਿ ਸਟ੍ਰੀਟ ਲਾਈਟਾਂ ਨਾ ਚੱਲਣ ਨੂੰ ਲੈ ਕੇ ਜਨਰਲ ਹਾਊਸ ਦੀ ਮੀਟਿੰਗ ਵਿਚ ਕੌਂਸਲਰਾਂ ਵੱਲੋਂ ਹੰਗਾਮਾ ਕੀਤਾ ਜਾ ਚੁੱਕਾ ਹੈ। ਉਸ ਦੇ ਆਧਾਰ 'ਤੇ ਪਹਿਲਾਂ ਅਦਾਇਗੀ ਰੋਕਣ ਤੋਂ ਇਲਾਵਾ ਬੰਦ ਪੁਆਇੰਟਾਂ ਬਦਲੇ ਲੱਖਾਂ ਦੀ ਪਨੈਲਟੀ ਲਾਉਣ ਦਾ ਕੇਸ ਤਿਆਰ ਕਰ ਕੇ ਉੱਚ ਅਫਸਰਾਂ ਨੂੰ ਭੇਜਿਆ ਗਿਆ ਸੀ ਪਰ ਉਸ 'ਤੇ ਅਮਲ ਤਾਂ ਕੀ ਹੋਣਾ ਸੀ, ਬਾਅਦ ਵਿਚ ਫਾਈਲ ਕਿੱਥੇ ਗਾਇਬ ਹੋ ਗਈ ਇਸ ਦਾ ਕਿਸੇ ਅਫਸਰ ਦੇ ਕੋਲ ਕੋਈ ਜਵਾਬ ਨਹੀਂ ਹੈ।
ਪੁਰਾਣੇ ਖੰਭੇ ਲਾਉਣ ਕਾਰਨ ਹੋਈ ਬਲੈਕ ਲਿਸਟਿੰਗ ਖਿਲਾਫ ਲਿਆ ਹੋਇਆ ਹੈ ਸਟੇਅ
ਨਿਗਮ ਵੱਲੋਂ ਜਿਸ ਠੇਕੇਦਾਰ ਦੀ ਅਦਾਇਗੀ ਰੋਕੀ ਗਈ ਹੈ, ਉਸ ਵੱਲੋਂ ਪਹਿਲਾਂ ਫੋਕਲ ਪੁਆਇੰਟ ਇਲਾਕੇ ਵਿਚ ਪੁਰਾਣੇ ਖੰਭੇ ਲਾਉਣ ਦਾ ਕੇਸ ਵੀ ਕਾਫੀ ਚਰਚਾ ਵਿਚ ਰਿਹਾ ਸੀ, ਜਿਸ ਦੇ ਖਿਲਾਫ ਸਟ੍ਰੀਟ ਲਾਈਟਾਂ ਦੀ ਮੇਨਟੀਨੈਂਸ ਦਾ ਕੰਮ ਠੀਕ ਤਰ੍ਹਾਂ ਨਾ ਕਰਨ ਦਾ ਪਹਿਲੂ ਜੋੜ ਕੇ ਬਲੈਕ ਲਿਸਟ ਕਰਨ ਦਾ ਪ੍ਰਸਤਾਵ ਐੱਫ. ਐਂਡ ਸੀ. ਸੀ. ਵਿਚ ਪਾਸ ਕਰ ਦਿੱਤਾ ਗਿਆ, ਜਿਸ ਦੇ ਤਹਿਤ ਉਕਤ ਠੇਕੇਦਾਰ 'ਤੇ ਨਵੇਂ ਟੈਂਡਰ ਲੈਣ 'ਤੇ ਰੋਕ ਲਾ ਦਿੱਤੀ ਗਈ ਪਰ ਉਸ ਨੇ ਨਿਗਮ ਦੀ ਕਾਰਵਾਈ ਦੇ ਖਿਲਾਫ ਅਦਾਲਤ ਤੋਂ ਸਟੇਅ ਲੈ ਲਿਆ।
ਠੇਕਾ ਰੱਦ ਕਰਨ ਲਈ ਨੋਟਿਸ ਦੇਣ ਦੇ ਨਾਲ ਹੋ ਰਹੀ ਬੰਦ ਪੁਆਇੰਟਾਂ ਦੀ ਗਣਨਾ
ਨਿਗਮ ਨੇ ਠੇਕੇਦਾਰ ਖਿਲਾਫ ਇਸ ਵਾਰ ਸਖਤ ਕਾਰਵਾਈ ਦੇ ਤਹਿਤ ਠੇਕਾ ਰੱਦ ਕਰਨ ਦੀ ਕਾਰਵਾਈ ਦਾ ਫੈਸਲਾ ਕੀਤਾ ਹੈ, ਜਿਸ ਲਈ ਪੂਰੇ ਏਰੀਆ ਵਿਚ ਬੰਦ ਪਈਆਂ ਸਟ੍ਰੀਟ ਲਾਈਟਾਂ ਦੇ ਪੁਆਇੰਟਾਂ ਦੀ ਗਣਨਾ ਕਰਨ ਲਈ ਸਟਾਫ ਲਾਇਆ ਗਿਆ ਹੈ। ਇਸ ਤੋਂ ਪਹਿਲਾਂ ਠੇਕਾ ਰੱਦ ਕਰਨ ਦੀ ਪ੍ਰਕਿਰਿਆ ਦੇ ਤਹਿਤ ਜ਼ਰੂਰੀ ਤਿੰਨ ਨੋਟਿਸ ਵੀ ਦਿੱਤੇ ਜਾ ਚੁੱਕੇ ਹਨ।
ਘਟੀਆ ਮਟੀਰੀਅਲ ਲਾਉਣ ਦੇ ਨਾਮ 'ਤੇ ਵੀ ਹੋ ਰਿਹਾ ਘਪਲਾ
ਸਟ੍ਰੀਟ ਲਾਈਟ ਮੇਨਟੀਟੈਂਸ ਦੇ ਨਾਮ 'ਦੇ ਇਕ ਵੱਡਾ ਘਪਲਾ ਘਟੀਆ ਮਟੀਰੀਅਲ ਲਾਉਣ ਦੇ ਨਾਮ 'ਤੇ ਵੀ ਹੋ ਰਿਹਾ ਹੈ ਕਿਉਂਕਿ ਸਟ੍ਰੀਟ ਲਾਈਟਾਂ ਦੀ ਰਿਪੇਅਰ ਦੌਰਾਨ ਲਾਏ ਜਾਣ ਵਾਲੇ ਮਟੀਰੀਅਲ ਦੀ ਸਪੈਸੀਫਿਕੇਸ਼ਨ ਤੈਅ ਕੀਤੀ ਹੋਈ ਹੈ ਪਰ ਇੱਥੇ ਕਿਤੇ ਕੋਈ ਚੈਕਿੰਗ ਨਹੀਂ ਹੋ ਰਹੀ ਕਿ ਕਿਹੜਾ ਮਟੀਰੀਅਲ ਲੱਗ ਰਿਹਾ ਹੈ, ਜਿਸ ਦਾ ਫਾਇਦਾ ਲੈ ਕੇ ਕਾਫੀ ਹਲਕੀ ਕੁਆਲਟੀ ਦਾ ਮਟੀਰੀਅਲ ਲਾਉਂਦੇ ਹਨ ਜੋ ਸਟ੍ਰੀਟ ਲਾਈਟਾਂ ਦੇ ਜਲਦੀ ਖਰਾਬ ਹੋਣ ਦੀ ਇਕ ਵੱਡੀ ਵਜ੍ਹਾ ਹੈ।