ਮਨਪ੍ਰੀਤ ਵਲੋਂ ਕਿਸਾਨਾਂ ਨੂੰ ਇਕ ਡੰਗ ਦੀ ਰੋਟੀ ਛੱਡਣ ਲਈ ਕਹਿਣਾ ਮੰਦਭਾਗਾ : ਵਲਟੋਹਾ

09/24/2017 6:56:17 AM

ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਨੇ ਅੱਜ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਕਿਸਾਨਾਂ ਨੂੰ ਆਪਣੀ ਇਕ ਡੰਗ ਦੀ ਰੋਟੀ ਛੱਡਣ ਦੀ ਦਿੱਤੀ ਸਲਾਹ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਕਿਹਾ ਕਿ ਵਿੱਤ ਮੰਤਰੀ ਦੇ ਸਿਰ ਕਿਸਾਨਾਂ ਦੀ ਭਲਾਈ ਲਈ ਕੰਮ ਕਰਨ ਦੀ ਜ਼ਿੰਮੇਵਾਰੀ ਹੈ ਪਰ ਉਹ ਉਨ੍ਹਾਂ ਨੂੰ ਭੁੱਖੇ ਸੌਣ ਵਾਸਤੇ ਆਖ ਰਹੇ ਹਨ ਜੋ ਬੇਹੱਦ ਮੰਦਭਾਗਾ ਹੈ। ਇਥੇ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਜਿਸ ਵਿੱਤ ਮੰਤਰੀ 'ਤੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਤਰੱਕੀ ਤੇ ਖੁਸ਼ਹਾਲੀ ਲਈ ਕੰਮ ਕਰਨ ਤੇ ਉਨ੍ਹਾਂ ਨੂੰ ਆਰਥਿਕ ਸੰਕਟ ਵਿਚੋਂ ਕੱਢਣ ਦੀ ਜ਼ਿੰਮੇਵਾਰੀ ਹੋਵੇ, ਉਹ ਇਨ੍ਹਾਂ ਨੂੰ ਆਪਣੀ ਰੋਟੀ ਛੱਡਣ ਵਾਸਤੇ ਆਖ ਰਿਹਾ ਹੈ।
ਵਲਟੋਹਾ ਨੇ ਕਿਹਾ ਕਿ ਇਹ ਵਿੱਤ ਮੰਤਰੀ ਨੂੰ ਸ਼ੋਭਦਾ ਨਹੀਂ ਕਿਉਂਕਿ ਮਨਪ੍ਰੀਤ ਸਿੰਘ ਬਾਦਲ ਹੀ ਕਾਂਗਰਸ ਪਾਰਟੀ ਦਾ ਚੋਣ ਮਨੋਰਥ ਪੱਤਰ ਤਿਆਰ ਕਰਨ ਵਾਸਤੇ ਮੁੱਖ ਭੂਮਿਕਾ ਵਿਚ ਸਨ, ਜਿਸ ਵਿਚ ਕਿਸਾਨਾਂ ਨੂੰ ਵੱਡੇ-ਵੱਡੇ ਸੁਪਨੇ ਵਿਖਾਏ ਗਏ ਪਰ ਸਰਕਾਰ ਇਨ੍ਹਾਂ ਨੂੰ ਬੁਨਿਆਦੀ ਰਾਹਤ ਦੇਣ ਵਿਚ ਵੀ ਬੁਰੀ ਤਰ੍ਹਾਂ ਅਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਹੋਰ ਵੀ ਸਾਜ਼ਿਸ਼ ਭਰਿਆ ਹੈ ਕਿਉਂਕਿ ਵਿੱਤ ਮੰਤਰੀ ਖੁਦ ਤਾਂ ਆਪਣੇ ਖਾਣੇ ਵਿਚ ਮਾਸਾਹਾਰੀ ਭੋਜਨ ਹੀ ਪਸੰਦ ਕਰਦੇ ਹਨ ਜਦਕਿ ਕਿਸਾਨਾਂ ਨੂੰ ਰੋਟੀ ਵੀ ਛੱਡਣ ਵਾਸਤੇ ਕਹਿ ਰਹੇ ਹਨ।
ਵਲਟੋਹਾ ਨੇ ਕਿਹਾ ਕਿ ਕਾਂਗਰਸ ਪਾਰਟੀ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਬੇਹਤਰੀ ਵਾਸਤੇ ਕੰਮ ਕਰਨ ਦੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ ਤੇ ਆਪਣੀ ਸੰਵਿਧਾਨਕ ਜ਼ਿੰਮੇਵਾਰੀ ਵਿਚ ਅਸਫਲਤਾ ਲਈ ਬਹਾਨੇ ਲੱਭ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਲਈ ਕਰਜ਼ਾ ਮੁਆਫੀ ਤਾਂ ਇਕ ਪਾਸੇ ਰਹੀ ਵਿੱਤ ਮੰਤਰੀ ਤਾਂ ਮੁਲਾਜ਼ਮਾਂ ਨੂੰ ਤਨਖਾਹਾਂ ਵੀ ਨਹੀਂ ਦੇ ਸਕੇ ਤੇ ਜਿਹੜੇ ਸਮਾਜ ਦੇ ਕਮਜ਼ੋਰ ਵਰਗਾਂ ਵਾਸਤੇ ਅਕਾਲੀ ਦਲ ਤੇ ਭਾਜਪਾ ਸਰਕਾਰ ਵੱਲੋਂ ਆਟਾ-ਦਾਲ ਸਕੀਮ, ਸ਼ਗਨ ਸਕੀਮ ਤੇ ਹੋਰ ਸਮਾਜ ਭਲਾਈ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਸਨ, ਉਨ੍ਹਾਂ ਵਰਗਾਂ ਨੂੰ ਵੀ ਇਹ ਸਹੂਲਤਾਂ ਦੇਣ ਵਿਚ ਅਸਫਲ ਰਹੇ ਹਨ।