ਜਲੰਧਰ ਕੁੰਜ ਦੇ ਸੀਵਰ ਦਾ ਮਾਮਲਾ ਰਿੰਕੂ ਸਾਹਮਣੇ ਉਠਾਇਆ

03/06/2018 7:11:55 AM

ਜਲੰਧਰ, (ਖੁਰਾਣਾ)— ਕਪੂਰਥਲਾ ਰੋਡ 'ਤੇ ਪੈਂਦੀ ਵੱਡੀ ਰਿਹਾਇਸ਼ੀ ਕਾਲੋਨੀ ਜਲੰਧਰ ਕੁੰਜ ਦੇ ਸੀਵਰੇਜ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਾ ਹੋਣ ਦਾ ਮਾਮਲਾ ਅੱਜ ਸੋਸਾਇਟੀ ਵਲੋਂ ਵਿਧਾਇਕ ਸੁਸ਼ੀਲ ਰਿੰਕੂ ਸਾਹਮਣੇ ਉਠਾਇਆ ਗਿਆ। ਜਲੰਧਰ ਕੁੰਜ ਸੋਸਾਇਟੀ ਦੇ ਪ੍ਰਧਾਨ ਨਵਿੰਦਰ ਸ਼ਰਮਾ, ਚੇਅਰਮੈਨ ਨਰਿੰਦਰ ਸਿੰਘ ਸਤਲੁਜ, ਸੈਕਟਰੀ ਸੰਦੀਪ ਖੁਰਾਣਾ, ਉਪ ਪ੍ਰਧਾਨ ਗੁਰਮੁੱਖ ਸਿੰਘ ਤੇ ਸਾਬਕਾ ਕੌਂਸਲਰ ਮਨੋਹਰ ਲਾਲ ਆਦਿ ਨੇ ਵਿਧਾਇਕ ਰਿੰਕੂ ਅਤੇ ਕੌਂਸਲਰ ਲਖਬੀਰ ਬਾਜਵਾ ਨੂੰ ਦੱਸਿਆ ਕਿ ਕਾਲੋਨੀ ਨਿਵਾਸੀ ਸੀਵਰੇਜ ਸਮੱਸਿਆ ਨੂੰ ਲੈ ਕੇ ਕਾਫੀ ਪ੍ਰੇਸ਼ਾਨ ਹਨ, ਜਿਸ ਦਾ ਜਲਦ ਹੱਲ ਕੱਢਿਆ ਜਾਵੇਗਾ। ਇਸ ਗੱਲਬਾਤ ਦੌਰਾਨ ਵਰਿਆਣਾ ਡੰਪ ਦਾ ਮੁੱਦਾ ਵੀ ਉਠਿਆ ਅਤੇ ਕਾਲੋਨੀ ਨਿਵਾਸੀਆਂ ਨੇ ਸਾਫ ਸ਼ਬਦਾਂ ਵਿਚ ਰਿੰਕੂ ਨੂੰ ਕਿਹਾ ਕਿ ਜੇਕਰ ਵਿਧਾਇਕ ਪਰਗਟ ਸਿੰਘ ਆਪਣੇ ਖੇਤਰ ਦੇ ਜਮਸ਼ੇਰ ਪਿੰਡ ਵਿਚ ਕੂੜੇ ਦਾ ਪਲਾਂਟ ਨਹੀਂ ਲੱਗਣ ਦੇ ਰਿਹਾ ਤਾਂ ਨਿਗਮ ਵੈਸਟ ਖੇਤਰ ਵਿਚ ਅਜਿਹਾ ਪਲਾਂਟ ਕਿਉਂ ਲਗਾਉਣ ਜਾ ਰਿਹਾ ਹੈ। ਸੋਸਾਇਟੀ ਦੇ ਅਹੁਦੇਦਾਰਾਂ ਨੇ ਕਿਹਾ ਕਿ ਵਰਿਆਣਾ ਡੰਪ ਨੂੰ ਸ਼ਿਫਟ ਕਰਨ ਦੀ ਬਜਾਏ ਇਸ ਨੂੰ ਹੋਰ ਵੱਡਾ ਕਰਨਾ ਇਸ ਖੇਤਰ ਲਈ ਸਰਾਪ ਹੈ, ਜਿਸ ਲਈ ਹਰ ਸੰਭਵ ਕਦਮ ਚੁੱਕਿਆ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਜਲੰਧਰ ਕੁੰਜ ਅਤੇ ਆਸ-ਪਾਸ ਕਾਲੋਨੀਆਂ ਦੇ ਨਿਵਾਸੀਆਂ ਦੀ ਮੰਗ 'ਤੇ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਦੇ ਖਾਸਮ-ਖਾਸ ਕੌਂਸਲਰ ਲਖਬੀਰ ਸਿੰਘ ਬਾਜਵਾ ਨੇ ਕੌਂਸਲਰ ਹਾਊਸ ਦੀ ਬੈਠਕ ਵਿਚ ਵਰਿਆਣਾ ਡੰਪ ਵਿਰੁੱਧ ਬਿਗੁਲ ਵਜਾ ਕੇ ਸੰਘਰਸ਼ ਦੀ ਸ਼ੁਰੂਆਤ ਕੀਤੀ ਹੈ।