ਗਾਰਬੇਜ ਪ੍ਰੋਸੈਸਿੰਗ ਪਲਾਂਟ ਦਾ ਮਾਮਲਾ ਮੁਡ਼ ਐੱਨ. ਜੀ. ਟੀ.  ਕੋਲ  ਲਿਜਾ ਸਕਦਾ ਹੈ ਨਿਗਮ

07/18/2018 7:04:37 AM

ਚੰਡੀਗਡ਼੍ਹ, (ਰਾਏ)- ਚੰਡੀਗਡ਼੍ਹ ਨਗਰ ਨਿਗਮ ਡੱਡੂਮਾਜਰਾ ’ਚ ਜੇ. ਪੀ. ਕੰਪਨੀ ਵਲੋਂ ਸਥਾਪਤ ਗਰੀਨ ਟੇਕ ਗਾਰਬੇਜ ਪ੍ਰੋਸੈਸਿੰਗ ਪਲਾਂਟ ਦਾ ਮਾਮਲਾ ਮੁਡ਼ ਨੈਸ਼ਨਲ ਗਰੀਨ ਟ੍ਰਿਬਿਊਨਲ  (ਐੱਨ. ਜੀ. ਟੀ.) ਕੋਲ ਲਿਜਾ ਸਕਦਾ ਹੈ। ਮੰਗਲਵਾਰ ਨੂੰ ਮੇਅਰ ਨੇ ਚਰਚਾ ਲਈ ਨਿਗਮ ਦੇ ਸਾਰੇ  ਕੌਂਸਲਰਾਂ ਦੀ ਹੰਗਾਮੀ ਬੈਠਕ ਬੁਲਾਈ। ਇਸ ਵਿਚ ਫ਼ੈਸਲਾ ਲਿਆ ਗਿਆ ਕਿ ਗਾਰਬੇਜ ਪਲਾਂਟ ’ਚ ਤਕਨੀਕੀ ਅਤੇ ਵਿਗਿਆਨਕ ਤੱਥਾਂ ਅਤੇ ਅੰਕਡ਼ਿਆਂ ਸਬੰਧ ੀ ਐੱਨ. ਜੀ. ਟੀ. ਵਲੋਂ ਗਠਿਤ ਨਿਗਰਾਨ ਕਮੇਟੀ ਦੀ ਰਿਪੋਰਟ ਮੰਗੀ ਜਾਵੇ, ਤਾਂ ਕਿ ਮਾਮਲੇ ਨੂੰ ਐੱਨ. ਜੀ. ਟੀ. ਨੂੰ ਅੱਗੇ ਵਧਾਉਣ ਲਈ ਪ੍ਰਾਪਤ ਸਬੂਤ ਜਮ੍ਹਾ ਹੋ ਸਕਣ।   ਬੈਠਕ ਵਿਚ ਕੌਂਸਲਰਾਂ ਨੇ ਕਿਹਾ ਕਿ ਇਹ ਪਲਾਂਟ ਸ਼ਹਿਰ ਵਾਸੀਆਂ ਲਈ ਵੱਡੀ ਸਮੱਸਿਆ ਪੈਦਾ ਕਰ ਰਿਹਾ ਹੈ।  ਨਿਗਮ ਤੋਂ ਇਲਾਵਾ ਕਮਿਸ਼ਨਰ ਸੌਰਭ ਮਿਸ਼ਰਾ ਨੇ ਕੌਂਸਲਰਾਂ ਨੂੰ ਦੱਸਿਆ ਕਿ ਪਲਾਂਟ 15-20 ਦਿਨਾਂ ਤੋਂ ਸ਼ਹਿਰ ਦੇ ਪੂਰੇ ਕੂਡ਼ੇ ਨੂੰ ਲੈ ਰਿਹਾ ਹੈ ਪਰ ਸ਼ਰੇਡਰ ਟੁੱਟਣ ਕਾਰਨ ਪਲਾਂਟ  ਪੂਰੇ ਕੂਡ਼ੇ ਦਾ ਨਿਪਟਾਰਾ ਕਰਨ ’ਚ ਸਮਰੱਥ ਨਹੀਂ ਹੈ। ਇਸ ਕਾਰਨ ਪਲਾਂਟ  ’ਚ ਕੂਡ਼ਾ ਜਮ੍ਹਾ ਹੈ। ਮਿਸ਼ਰਾ ਨੇ ਦੱਸਿਆ ਕਿ ਜੇ. ਪੀ. ਕੰਪਨੀ ਵੱਲੋਂ ਰੋਜ਼ਾਨਾ ਆਧਾਰ ’ਤੇ ਆਰ. ਡੀ. ਐੱਫ. ਉਤਪਾਦਨ ਦੀ ਰਿਪੋਰਟ ਮੰਗੀ ਗਈ ਹੈ। 
 ਪਲਾਂਟ ਪੂਰੀ ਤਰ੍ਹਾਂ ਕੂਡ਼ੇ  ਨੂੰ ਨਹੀਂ ਰਿਹਾ ਸੋਧ
 ਮੇਅਰ ਨੇ ਕਿਹਾ ਕਿ ਪਲਾਂਟ ਪੂਰੀ ਤਰ੍ਹਾਂਂ ਕੂਡ਼ੇ  ਨੂੰ ਸੋਧ ਨਹੀਂ ਰਿਹਾ ਹੈ ਤੇ ਡੰਪਿੰਗ ਗਰਾਊਂਡ ’ਚ ਬਹੁਤ ਸਾਰੇ ਕੂਡ਼ੇ ਨੂੰ ਡੰਪ ਕੀਤਾ ਜਾ ਰਿਹਾ ਹੈ, ਜਿਸ ਨਾਲ ਡੰਪਿੰਗ ਗਰਾਊਂਡ ਦੇ ਆਸ-ਪਾਸ ਦੇ ਇਲਾਕਿਆਂ ਦੀ ਹਾਲਤ ਖ਼ਰਾਬ ਹੋ ਰਹੀ ਹੈ। ਬੈਠਕ ’ਚ ਫ਼ੈਸਲਾ ਲਿਆ ਗਿਆ ਕਿ ਜੇ. ਪੀ.  ਕੰਪਨੀ ਨੂੰ ਪਲਾਂਟ ਦੀ ਪੂਰੀ ਸਮਰੱਥਾ ਦੀ ਵਰਤੋਂ ਕਰਨ ਤੇ ਪਲਾਂਟ ਮਸ਼ੀਨਰੀ ਨੂੰ ਅਪਗਰੇਡ ਕਰਨ ਲਈ ਨਿਰਦੇਸ਼ ਦਿੱਤੇ ਜਾਣਗੇ। 
ਸਮਗੋਲੀ ’ਚ ਲੱਗੇ ਕੂਡ਼ਾ ਪਲਾਂਟ ’ਤੇ ਵੀ ਕੀਤਾ ਵਿਚਾਰ 
 ਬੈਠਕ ’ਚ ਫ਼ੈਸਲਾ ਲਿਆ ਗਿਆ ਕਿ ਜੇਕਰ ਮੌਜੂਦਾ ਪਲਾਂਟ ’ਚ ਸੁਧਾਰ ਨਹੀਂ ਹੁੰਦਾ ਹੈ ਤਾਂ ਅੱਧੇ ਸ਼ਹਿਰ ਦੇ ਕੂਡ਼ੇ ਦੇ ਨਿਪਟਾਰੇ ਲਈ ਇਕ ਵਾਧੂ ਪਲਾਂਟ ਸਥਾਪਤ ਕਰਨ ਲਈ ਸੰਭਾਵਨਾਵਾਂ ਦਾ ਪਤਾ ਲਾਇਆ ਜਾਵੇ। ਯਾਦ ਰਹੇ ਕਿ ਸ਼ਹਿਰ ਚ ਵੇਸਟ ਟੂ ਐਨਰਜੀ ਦੀ ਤਕਨੀਕ ਵਾਲਾ ਵਾਧੂ ਪਲਾਂਟ ਲਾਉਣ ਲਈ ਨਿਗਮ ਪਹਿਲਾਂ ਹੀ ਐਕਸਪ੍ਰੈਸ਼ਨ ਆਫ ਇੰਟਰਸਟ ਮੰਗ ਚੁੱਕਾ ਹੈ ਤੇ ਚਾਰ ਕੰਪਨੀਆਂ ਪ੍ਰੈਜ਼ੈਂਟੇਸ਼ਨ ਵੀ ਦੇ ਚੁੱਕੀਆਂ ਹਨ। ਬੈਠਕ ’ਚ ਡੇਰਾਬੱਸੀ ਕੋਲ ਸਮਗੋਲੀ ਵਿਚ ਲੱਗੇ ਕੂਡ਼ਾ ਪਲਾਂਟ ਵਿਚ ਸ਼ਹਿਰ ਦੇ ਕੂਡ਼ੇ ਦੇ ਨਿਪਟਾਰੇ ਲਈ ਸੰਭਾਵਨਾਵਾਂ ’ਤੇ ਵੀ ਵਿਚਾਰ ਕੀਤਾ ਗਿਆ। ਬੈਠਕ ਵਿਚ ਫ਼ੈਸਲਾ ਲਿਆ ਗਿਆ ਕਿ ਸ਼ਹਿਰ ’ਚ ਵਾਧੂ ਲੈਂਡ ਫਿਲਿੰਗ ਸਾਈਟ ਦੀ ਭਾਲ ਕੀਤੀ ਜਾਵੇ। ਇਸ ਲਈ ਪਟਿਆਲਾ ਦੀ ਰਾਵ ਕੋਲ ਮੌਜੂਦਾ 35 ਏਕਡ਼ ਜ਼ਮੀਨ ਐਕਵਾਇਰ ਕਰਨ ਦੀ ਸੰਭਾਵਨਾ ’ਤੇ ਵਿਚਾਰ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ। '
ਅਧਿਕਾਰੀਅਾਂ ਨੂੰ ਕੂੜੇ ਦੀ ਕੈਪਿੰਗ  ’ਤੇ ਵਿਸ਼ੇਸ਼ ਧਿਅਾਨ ਦੇਣ ਦੇ ਨਿਰਦੇਸ਼
 ਨਿਗਮ ਦਾ ਖਰਚ ਘੱਟ ਕਰਨ ਲਈ ਡੰਪਰ ਪਲੇਸਰਜ਼ ਲਈ ਸ਼ਹਿਰ ਨੂੰ 4 ਜ਼ੋਨਾਂ ’ਚ ਵੰਡਣ ’ਤੇ ਵੀ ਵਿਚਾਰ ਕੀਤਾ ਗਿਆ। ਇਨ੍ਹਾਂ ਦੀ ਵਰਤੋਂ ਨਿਗਮ ਕੂਡ਼ਾ ਪਲਾਂਟ ਵਿਚ ਕੂੜਾ ਭੇਜਣ ਲਈ ਕਰਦਾ ਹੈ।  ਬੈਠਕ ’ਚ ਡੰਪਿੰਗ ਗਰਾਊਂਡ ’ਚ ਕੀਤੇ ਜਾ ਰਹੇ ਈ. ਐੱਮ.  ਸਪਰੇਅ ਦੀ ਰੈਗੂਲਰ ਨਿਗਰਾਨੀ ਤੇ ਲੈਂਡਫਿਲ ਸਾਈਟ ’ਤੇ ਡੰਪ ਕੀਤੇ ਗਏ ਕੂਡ਼ੇ ਦੀ ਕੈਪਿੰਗ ’ਤੇ ਵਿਸ਼ੇਸ਼ ਧਿਆਨ ਦੇਣ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ।    ਬੈਠਕ ’ਚ  ਨਿਗਮ ਦੇ  ਐਡੀਸ਼ਨਲ ਨਿਗਮ ਦੇ ਵਧੀਕ ਕਮਿਸ਼ਨਰ ਸੌਰਭ ਮਿਸ਼ਰਾ, ਉਪ ਮੇਅਰ ਵਿਨੋਦ ਅਗਰਵਾਲ, ਮੁੱਖ ਇੰਜੀਨੀਅਰ ਮਨੋਜ ਬਾਂਸਲ, ਇੰਜੀਨੀਅਰ ਐੱਨ. ਪੀ.  ਸ਼ਰਮਾ ਅਤੇ ਸੰਜੇ ਅਰੋਡ਼ਾ, ਸਿਹਤ ਦੇ ਮੈਡੀਕਲ ਅਧਿਕਾਰੀ ਡਾ. ਪ੍ਰਦੀਪ ਵਾਸੇਸੀ ਵੀ ਮੌਜੂਦ ਸਨ।   ਬੈਠਕ ਵਿਚ ਹਿੱਸਾ ਲੈਣ ਵਾਲੇ ਕਾਊਂਸਲਰਾਂ ਵਿਚ ਅਨਿਲ ਕੁਮਾਰ ਦੂਬੇ, ਹੀਰਾ ਨੇਗੀ, ਦੇਵਿੰਦਰ ਸਿੰਘ ਬਬਲਾ, ਰਵੀ ਕਾਂਤ ਸ਼ਰਮਾ, ਮੇਜਰ ਜਨਰਲ ਐੱਮ. ਐੱਸ. ਕੰਦਲ, ਰਾਜੇਸ਼ ਕਾਲੀਆ, ਸਤੀਸ਼ ਕੈਂਥ, ਸ਼ਕਤੀ ਪ੍ਰਕਾਸ਼ ਦੇਵਸ਼ਲੀ, ਰਾਜਬਾਲਾ ਮਲਿਕ, ਹਰਦੀਪ ਸਿੰਘ, ਸਤ ਪ੍ਰਕਾਸ਼ ਅਗਰਵਾਲ, ਸ਼ਿਪਰਾ ਬਾਂਸਲ, ਚਰੰਜੀਵ ਸਿੰਘ,  ਚੰਦਰਵਤੀ ਸ਼ੁਕਲਾ, ਦਲੀਪ ਸ਼ਰਮਾ, ਜਗਤਾਰ ਸਿੰਘ, ਭਰਤ ਕੁਮਾਰ,  ਮਹੇਸ਼ਇੰਦਰ ਸਿੰਘ ਸਿੱਧੂ, ਰਵਿੰਦਰ ਕੌਰ, ਸ਼ੀਲਾ ਦੇਵੀ,  ਫਮਲਾ, ਕੰਵਰਜੀਤ ਸਿੰਘ ਆਦਿ ਮੌਜੂਦ ਸਨ। ਬੈਠਕ ’ਚ ਜੇ. ਪੀ. ਕੰਪਨੀ ਵਲੋਂ ਐੱਨ. ਕੇ. ਵੋਹਰਾ  ਤੇ ਸੰਜੇ ਸ਼ਰਮਾ ਵੀ ਮੌਜੂਦ ਸਨ।