ਪੰਜਾਬ ਦੇ ਮੁੱਖ ਮੰਤਰੀ ਨੇ ਇਜ਼ਰਾਇਲੀ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ

10/23/2018 9:46:00 PM

ਯੇਰੂਸ਼ਲਮ/ਚੰਡੀਗੜ੍ਹ— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਇਥੇ ਇਜ਼ਰਾਇਲੀ ਰਾਸ਼ਟਰਪਤੀ ਰੁਵੇਨ ਰਿਵਲਿਨ ਨਾਲ ਮੁਲਾਕਾਤ ਕੀਤੀ ਤੇ ਤਕਨੀਕੀ ਸਹਿਯੋਗ, ਜਲ ਪ੍ਰਬੰਧਨ, ਖੇਤੀਬਾੜੀ ਤੇ ਗ੍ਰਹਿ ਸੁਰੱਖਿਆ ਤਕਨੀਕ ਜਿਹੇ ਮੁੱਦਿਆਂ 'ਤੇ ਚਰਚਾ ਕੀਤੀ।

ਇਸ ਸਬੰਧ 'ਚ ਪ੍ਰੈੱਸ 'ਚ ਜਾਰੀ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਗੱਲਬਾਤ ਦੌਰਾਨ ਰਾਸ਼ਟਰਪਤੀ ਨੇ ਇਕ ਰੇਗਿਸਤਾਨ ਨੂੰ ਖੇਤੀਬਾੜੀ ਦੇਸ਼ 'ਚ ਤਬਦੀਲ ਕਰਨ ਸਬੰਧੀ ਵਿਵੇਕਪੂਰਨ ਜਲ ਪ੍ਰਬੰਧਨ 'ਤੇ ਇਜ਼ਰਾਇਲੀ ਦਾ ਅਨੁਭਵ ਸਾਂਝਾ ਕੀਤਾ। ਉਥੇ ਮੁੱਖ ਮੰਤਰੀ ਨੇ ਬਿਹਤਰ ਪਾਣੀ ਦੇ ਪ੍ਰਬੰਧਨ ਤੇ ਰਾਖਵੇਂਕਰਨ ਰਾਹੀਂ ਪੰਜਾਬ 'ਚ ਡਿੱਗਦੇ ਪਾਣੀ ਦੇ ਪੱਧਰ ਨੂੰ ਰੋਕਣ ਲਈ ਤੁਰੰਤ ਕਦਮ ਚੁੱਕੇ ਜਾਣ ਦੀ ਲੋੜ ਜਤਾਈ।

ਰਾਸ਼ਟਰਪਤੀ ਨੇ ਇਹ ਵੀ ਜ਼ਿਕਰ ਕੀਤਾ ਕਿ ਭਾਰਤ ਦੀ ਪਾਣੀ ਸਬੰਧੀ ਸਮੱਸਿਆ ਦਾ ਮੁੱਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਸਾਲ ਦੀ ਸ਼ੁਰੂਆਤ 'ਚ ਤੇਲ ਅਵੀਵ ਦੀ ਆਪਣੀ ਯਾਤਰਾ ਦੌਰਾਨ ਚੁੱਕਿਆ ਸੀ। ਰਿਵਲਿਨ ਨੇ ਪਾਣੀ ਨੂੰ ਪੀਣ ਯੋਗ ਬਣਾਉਣ ਲਈ ਇਸ ਦੀ ਹੱਦਬੰਦੀ ਦਾ ਸੁਝਾਅ ਦਿੱਤਾ ਜੋ ਇਜ਼ਰਾਇਲ ਵਲੋਂ ਵੱਖ-ਵੱਖ ਨਵੀਨਤਾਕਾਰੀ ਤਕਨੀਕਾਂ ਰਾਹੀਂ ਵੱਡੇ ਪੈਮਾਨੇ 'ਤੇ ਕੀਤਾ ਜਾ ਰਿਹਾ ਹੈ।

ਬਿਆਨ 'ਚ ਕਿਹਾ ਗਿਆ ਕਿ ਸਿੰਘ ਨੇ ਪੰਜਾਬ ਦੇ ਕੋਲ ਸਥਿਤ ਦੁਸ਼ਮਣ ਗੁਆਂਢੀ ਦਾ ਹਵਾਲਾ ਦਿੰਦਿਆਂ ਸੁਰੱਖਿਆ ਦੇ ਖੇਤਰ 'ਚ ਇਜ਼ਰਾਇਲੀ ਗਿਆਨ ਤੇ ਤਕਨੀਕਾਂ ਅਪਣਾਉਣ ਦੀ ਲੋੜ 'ਤੇ ਵੀ ਜ਼ੋਰ ਦਿੱਤਾ। ਰਾਸ਼ਟਰਪਤੀ ਨੇ ਕਿਹਾ ਕਿ ਇਜ਼ਰਾਇਲ ਪੰਜਾਬ ਸਣੇ ਭਾਰਤ ਨੂੰ ਅੰਦਰੂਨੀ ਸੁਰੱਖਿਆ ਦੇ ਖੇਤਰ 'ਚ ਹਰ ਸੰਭਵ ਮਦਦ ਮੁਹੱਈਆ ਕਰਵਾਉਣ ਲਈ ਉਤਸਾਹਿਤ ਹੈ। ਸਿੰਘ ਇਜ਼ਰਾਇਲ ਦੀ ਪੰਜ ਦਿਨਾਂ ਯਾਤਰਾ 'ਤੇ ਹਨ ਜੋ ਸੋਮਵਾਰ ਤੋਂ ਸ਼ੁਰੂ ਹੋਈ ਹੈ। ਉਹ ਇਕ ਉੱਚ-ਪੱਧਰੀ ਵਫਦ ਦੀ ਅਗਵਾਈ ਕਰ ਰਹੇ ਹਨ, ਜਿਸ 'ਚ ਪੰਜਾਬ ਦੇ ਪ੍ਰਧਾਨ ਸਕੱਤਰ ਤੇਜਵੀਰ ਸਿੰਘ ਤੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਸ਼ਾਮਲ ਹਨ।

ਮੁੱਖ ਮੰਤਰੀ ਨੇ ਰਿਵਲਿਨ ਨਾਲ ਮੁਲਾਕਾਤ ਤੋਂ ਬਾਅਦ ਟਵੀਟ ਕੀਤਾ ਕਿ ਅੱਜ ਇਜ਼ਰਾਇਲ ਦੇ ਰਾਸ਼ਟਰਪਤੀ ਨਾਲ ਮਿਲ ਕੇ ਬਹੁਤ ਖੁਸ਼ੀ ਹੋਈ। ਭਾਰਤ ਤੇ ਇਜ਼ਰਾਇਲ ਦੇ ਵਿਚਾਲੇ ਸਬੰਧਾਂ ਨੂੰ ਮਜ਼ਬੂਤ ਕਰਨ 'ਤੇ ਚਰਚਾ ਕੀਤੀ। ਉਨ੍ਹਾਂ ਨੂੰ ਇਜ਼ਰਾਇਲੀ ਜਲ ਪ੍ਰਬੰਧਨ, ਖੇਤੀਬਾੜੀ ਤੇ ਸਾਈਬਰ ਤਕਨੀਕ 'ਚ ਆਪਣੀ ਰੂਚੀ ਤੋਂ ਜਾਣੂ ਕਰਾਇਆ।