ਇਟਲੀ ਤੋਂ ਪਰਤੇ ਨੌਜਵਾਨ ਨੂੰ ਘਰ ''ਚ ਕੀਤਾ ਇਕਾਂਤਵਾਸ

04/12/2020 8:34:45 PM

ਫਿਰੋਜ਼ਪੁਰ, (ਮਲਹੋਤਰਾ, ਕੁਮਾਰ, ਖੁੱਲਰ, ਭੁੱਲਰ)— ਕੋਰੋਨਾ ਮਹਾਮਾਰੀ ਦੀ ਤਬਾਹੀ ਝੱਲ ਰਹੇ ਇਟਲੀ ਤੋਂ ਪਰਤੇ ਫਿਰੋਜ਼ਪੁਰ ਸ਼ਹਿਰ ਦੇ ਨੌਜਵਾਨ ਨੂੰ ਸਿਹਤ ਵਿਭਾਗ ਦੀ ਟੀਮ ਨੇ ਐਤਵਾਰ ਘਰ 'ਚ ਹੀ ਇਕਾਂਤਵਾਸ ਕਰਦੇ ਹੋਏ 14 ਦਿਨਾਂ ਤਕ ਕਿਸੇ ਦੇ ਸੰਪਰਕ 'ਚ ਨਾ ਆਉਣ ਦੇ ਨਿਰਦੇਸ਼ ਦਿੱਤੇ ਹਨ। ਸਿਵਲ ਸਰਜਨ ਡਾ. ਨਵਦੀਪ ਸਿੰਘ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਅਵਿਨਾਸ਼ ਜਿੰਦਲ ਨੇ ਦੱਸਿਆ ਕਿ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਬੇਦੀ ਕਾਲੋਨੀ ਵਾਸੀ ਨੌਜਵਾਨ ਪ੍ਰਭਜੋਤ ਸਿੰਘ 15 ਮਾਰਚ ਨੂੰ ਇਟਲੀ ਤੋਂ ਭਾਰਤ ਪਰਤਿਆ ਹੈ। ਉਥੇ ਏਅਰਪੋਰਟ 'ਤੇ ਉਸ ਦਾ ਪੂਰਾ ਮੈਡੀਕਲ ਚੈੱਕਅਪ ਕਰਨ ਤੋਂ ਬਾਅਦ ਉਥੇ ਤਾਇਨਾਤ ਇੰਡੋ-ਤਿਬਤੀਅਨ ਬਾਰਡਰ ਫੋਰਸ ਵੱਲੋਂ ਉਸ ਨੂੰ ਇਕਾਂਤਵਾਸ 'ਚ ਰੱਖਿਆ ਗਿਆ ਤਾਂ ਕਿ ਉਸ 'ਚ ਜੇਕਰ ਕੋਰੋਨਾ ਦਾ ਕੋਈ ਲੱਛਣ ਨਜ਼ਰ ਆਵੇ ਤਾਂ ਉਸ ਨੂੰ ਤੁਰੰਤ ਆਈਸੋਲੇਟ ਕੀਤਾ ਜਾ ਸਕੇ। ਉਥੇ 25 ਦਿਨ ਤੱਕ ਇਕਾਂਤਵਾਸ 'ਚ ਰਹਿਣ ਤੋਂ ਬਾਅਦ ਉਸ 'ਚ ਕੋਰੋਨਾ ਬੀਮਾਰੀ ਦਾ ਕੋਈ ਵੀ ਲੱਛਣ ਨਜ਼ਰ ਨਹੀਂ ਆਇਆ ਅਤੇ ਉਹ ਬਿਲਕੁਲ ਸਿਹਤਮੰਦ ਹੈ। 11 ਅਪ੍ਰੈਲ ਨੂੰ ਪ੍ਰਸ਼ਾਸਨ ਦੀ ਪਰਮਿਸ਼ਨ ਲੈ ਕੇ ਪ੍ਰਭਜੋਤ ਸਿੰਘ ਦੇ ਪਰਿਵਾਰ ਦਾ ਇਕ ਮੈਂਬਰ ਆਪਣੀ ਨਿੱਜੀ ਗੱਡੀ ਰਾਹੀਂ ਉਸ ਨੂੰ ਦਿੱਲੀ ਤੋਂ ਫਿਰੋਜ਼ਪੁਰ ਲੈ ਕੇ ਆਇਆ।
ਉਨ੍ਹਾਂ ਦੱਸਿਆ ਕਿ ਨੋਡਲ ਅਧਿਕਾਰੀ ਡਾ. ਅਰਸ਼ਵੀਰ ਕੌਰ, ਐਂਟੀ ਮਲੇਰੀਆ ਅਫਸਰ ਹਰਮੇਸ਼ ਚੰਦ, ਮਲਟੀਪਰਪਜ਼ ਹੈਲਥ ਵਰਕਰ ਨਰਿੰਦਰ ਸ਼ਰਮਾ ਦੀ ਅਗਵਾਈ 'ਚ ਟੀਮ ਨੇ 12 ਅਪ੍ਰੈਲ ਨੂੰ ਉਕਤ ਨੌਜਵਾਨ ਦੇ ਘਰ ਜਾ ਕੇ ਉਸ ਦੀ ਪੂਰੀ ਜਾਂਚ ਕੀਤੀ। ਉਸ 'ਚ ਕੋਰੋਨਾ ਦਾ ਕੋਈ ਵੀ ਲੱਛਣ ਨਹੀਂ ਪਾਇਆ ਗਿਆ। ਫਿਰ ਵੀ ਸਾਵਧਾਨੀ ਦੇ ਤੌਰ 'ਤੇ ਉਸ ਨੂੰ 14 ਦਿਨਾਂ ਲਈ ਹੋਰ ਘਰ 'ਚ ਹੀ ਇਕਾਂਤਵਾਸ 'ਚ ਰਹਿਣ ਅਤੇ ਬਾਹਰ ਬਿਲਕੁਲ ਨਾ ਨਿਕਲਣ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ। ਉਸ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਜ਼ਰੂਰੀ ਨਿਰਦੇਸ਼ ਦਿੱਤੇ ਗਏ ਹਨ ਕਿ ਜੇਕਰ ਪ੍ਰਭਜੋਤ ਵਿਚ ਖਾਂਸੀ, ਜ਼ੁਕਾਮ, ਬੁਖਾਰ, ਗਲਾ ਸੁੱਕਣ ਵਰਗਾ ਕੋਈ ਲੱਛਣ ਨਜ਼ਰ ਆਵੇ ਤਾਂ ਤੁਰੰਤ ਵਿਭਾਗ ਨੂੰ ਸੂਚਿਤ ਕੀਤਾ ਜਾਵੇ। ਉਕਤ ਘਰ ਦੇ ਬਾਹਰ ਹੋਮ ਕੁਆਰੰਟਾਈਨ ਦਾ ਪੋਸਟਰ ਵੀ ਲਗਾ ਦਿੱਤਾ ਗਿਆ ਹੈ।

KamalJeet Singh

This news is Content Editor KamalJeet Singh