ਅਜੇ ਵੀ ਹੈ ਭਗਤ ਸਿੰਘ ਦੇ ਵਿਚਾਰਾਂ ਦੀ ਖਿੱਚ

09/30/2015 2:40:34 PM

ਪੰਡਾਲ ਖਚਾਖਚ ਭਰਿਆ ਹੋਇਆ ਹੈ। ਲਾਲ ਅਤੇ ਚਿੱਟੇ ਰੰਗ ਦਾ ਸ਼ਾਮਿਆਨਾ ਅਤੇ ਇਸ ਰੰਗ ਦੀਆਂ ਵਰਦੀਆਂ ਪਹਿਨੀਆਂ ਹਜ਼ਾਰਾਂ ਛੋਟੀਆਂ-ਵੱਡੀਆਂ ਬੱਚੀਆਂ ਦੇ ਹੱਥਾਂ ''ਚ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਫੜ੍ਹੀਆਂ ਹੋਈਆਂ ਹਨ। ਮੁੰਡਿਆਂ ਦੇ ਖਾਕੀ ਪੈਂਟਾਂ, ਲਾਲ ਰੰਗ ਦੀਆਂ ਕਮੀਜ਼ਾਂ ਤੇ ਦਗ-ਦਗ ਕਰਦੇ ਚਿਹਰੇ ਭਗਤ ਸਿੰਘ ਦੀ ਸੋਚ ਦੇ ਜਵਾਲਾ ਬਣਨ ਦੀ ਝਲਕ ਪੇਸ਼ ਕਰ ਰਹੇ ਹਨ। ਹਰ ਤਿੰਨ-ਚਾਰ ਮਿੰਟ ਬਾਅਦ ''ਪਰਮਗੁਣੀ ਸ਼ਹੀਦ ਭਗਤ ਸਿੰਘ-ਜ਼ਿੰਦਾਬਾਦ'' ਨਾਅਰੇ ਨਾਲ ਪੰਡਾਲ ਗੂੰਜ ਰਿਹਾ ਹੈ। ਜੋਸ਼ ''ਚ ਬਾਹਾਂ ਖੜ੍ਹੀਆਂ ਹੋ ਰਹੀਆਂ ਨੇ। ਜਾਪਦਾ ਨਹੀਂ ਇਨ੍ਹਾਂ ''ਤੇ ਗਰਮੀ ਦਾ ਕੋਈ ਅਸਰ ਹੈ। ਸਟੇਜ ਤੋਂ ਬੁਲਾਰਿਆਂ ਦੇ ਜੋਸ਼ੀਲੇ ਭਾਸ਼ਣ ਹਾਕਮਾਂ ਦੇ ਪੋਤੜੇ ਫੋਲ ਰਹੇ ਨੇ, 23 ਸਾਲਾ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦੇ ਸਮਾਜ ਦੀ ਗੱਲ ਕਰ ਰਹੇ ਨੇ, ਰੁਜ਼ਗਾਰ ਗਾਰੰਟੀ ਕਾਨੂੰਨ ਸੰਸਦ ਵਿਚ ਪਾਸ ਕਰਾਉਣ ਲਈ ਦਸਤਖਤੀ ਮੁਹਿੰਮ ਦਾ ਹਿੱਸਾ ਬਣਨ ਲਈ ਪ੍ਰੇਰਿਤ ਕਰ ਰਹੇ ਹਨ।

 ਇਹ ਨਜ਼ਾਰਾ ਉਸ ਦੇਸ਼ ਭਗਤ ਸਿੰਘ ਯਾਦਗਾਰ ਹਾਲ ਦਾ ਹੈ, ਜਿਹੜਾ ਪਹਿਲੀ ਨਜ਼ਰੇ ਵੱਡੀ ਸਿਆਸੀ ਕਾਨਫਰੰਸ ਜਾਪਦਾ ਹੈ ਪਰ ਇਹ ਉਹ ਕਾਨਫਰੰਸ ਨਹੀਂ, ਜਿਥੇ ਰਾਜਨੀਤਿਕ ਲੋਕ ਕੁਫਰ ਤੋਲਦੇ ਹਨ। ਮੌਕਾ ਹੈ ਪਰਮਗੁਣੀ ਸ਼ਹੀਦ ਭਗਤ ਸਿੰਘ ਦੇ 108 ਵੇਂ ਜਨਮ ਦਿਹਾੜੇ ਦਾ। ਬੱਚਿਆਂ ਜਾਂ ਵਿਦਿਆਰਥੀਆਂ ਨੂੰ ਕਿਸੇ ਸਮਾਗਮ ਵਿਚ ਬਿਠਾਉਣਾ ਹੋਵੇ ਤਾਂ ਆਮ ਤੌਰ ''ਤੇ ਕਲਾਕਾਰਾਂ ਦਾ ਸਹਾਰਾ ਲਿਆ ਜਾਂਦਾ ਹੈ। ਗਾਣਿਆਂ ਦੇ ਲਾਲਚ ''ਚ ਨਿਆਣੇ ਟਿਕੇ ਰਹਿੰਦੇ ਹਨ ਪਰ ਇਸ ਸਮਾਗਮ ''ਚ ਕੋਈ ਕਲਾਕਾਰ ਨਹੀਂ। ਕੋਈ ਅਜਿਹਾ ਚਿਹਰਾ ਨਹੀਂ, ਜਿਸ ਦੀ ਖਿੱਚ ਨਾਲ ਵਿਦਿਆਰਥੀ ਟਿਕੇ ਰਹਿਣ। ਹਾਂ, ਇਕ ਖਿੱਚ ਜ਼ਰੂਰ ਹੈ, ਭਗਤ ਸਿੰਘ ਦੇ ਵਿਚਾਰਾਂ ਦੀ ਖਿੱਚ।
ਪੰਡਾਲ ''ਚ ਬੈਠੇ 70 ਸਾਲ ਦੇ ਬਜ਼ੁਰਗ ਪਾਲਾ ਸਿੰਘ ਦੀਆਂ ਅੱਖਾਂ ਵੀ ਬਾਕੀਆਂ ਵਾਂਗ ਚਮਕ ਰਹੀਆਂ ਹਨ। ਮੈਂ ਏਥੇ ਆਉਣ ਦਾ ਕਾਰਨ ਪੁੱਛਿਆ ਤਾਂ ਬੋਲਿਆ, ''ਮੈਂ ਲੀਡਰਾਂ ਦੀਆਂ ਰੈਲੀਆਂ ''ਚ ਜਾਣਾ ਬੰਦ ਕਰ ਦਿੱਤਾ ਹੈ, ਪਰ ਇਸ ਮਹਾਨ ਯੋਧੇ ਦੇ ਸਮਾਗਮ ''ਚ ਹਰ ਸਾਲ ਬੱਸ ''ਤੇ ਆਉਂਦਾ ਹਾਂ...ਕੀ ਪਤਾ ਇਕੱਠ ''ਚੋਂ ਕਿਹੜਾ ਭਗਤ ਸਿੰਘ ਬਣ ਜਾਵੇ, ਕਿਹੜਾ ਕਰਤਾਰ ਸਿੰਘ ਸਰਾਭਾ ਹੋਵੇ।'' ਉਸ ਦਾ ਜੋਸ਼ ਹੈਰਾਨ ਕਰਨ ਵਾਲਾ ਹੈ। ਕਤਾਰਾਂ ਵਿੱਚ ਬੈਠੇ ਨਿਆਣਿਆਂ ''ਚੋਂ ਇੱਕ ਨੇ ਭਗਤ ਸਿੰਘ ਦੀ ਫੋਟੋ ਘੁੱਟ ਕੇ ਛਾਤੀ ਨਾਲ ਲਗਾਈ ਹੋਈ ਹੈ। ਉਸ ਦਾ ਨਾਂ ਬੌਬੀ ਹੈ, ਜੋ ਛੇਵੀਂ ਦਾ ਵਿਦਿਆਰਥੀ ਹੈ। ਮੈਂ ਪੁੱਛਿਆ, ''ਕਿਵੇਂ ਲੱਗ ਰਿਹਾ ਮਾਹੌਲ?'' ਕਹਿੰਦਾ, ''ਭਗਤ ਸਿੰਘ ਦੀ ਸੋਚ ''ਤੇ, ਪਹਿਰਾ ਦਿਆਂਗੇ ਠੋਕ ਕੇ।''
ਫਰੀਦਕੋਟ ਜ਼ਿਲੇ ਦੇ ਪਿੰਡ ਪਿਪਲੀ ਕਲਾਂ ਦੇ ਇਸ ਨੰਨੇ ਦਾ ਜਲੌਅ ਦੇਖ ਅਹਿਸਾਸ ਹੋ ਗਿਆ ਕਿ ਜੇ ਬੱਚਿਆਂ ਨੂੰ ਹੁਣੇ ਤੋਂ ਇਹ ਜਾਗ ਲੱਗ ਗਈ ਤਾਂ ਸ਼ਹੀਦਾਂ ਦੇ ਸੁਪਨਿਆਂ ਦੇ ਸਮਾਜ ਨੂੰ ਸਿਰਜਣ ਤੋਂ ਕੋਈ ਨਹੀਂ ਰੋਕ ਸਕੇਗਾ।
ਪੰਡਾਲ ਦੇ ਆਲੇ-ਦੁਆਲੇ ਏਂਗਲਜ਼, ਲੈਨਿਨ, ਕਾਰਲ ਮਾਰਕਸ ਤੇ ਹੋਰ ਮਹਾਨ ਵਿਦਵਾਨਾਂ ਦੇ ਵਿਚਾਰਾਂ ਵਾਲੇ ਬੈਨਰ ਲੱਗੇ ਹੋਏ ਹਨ। ਕਿਤਾਬਾਂ ਦੇ ਦਰਜਨਾਂ ਤਖਤਪੋਸ਼ਾਂ ਦੁਆਲੇ ਲੋਕਾਂ ਦਾ ਝੁਰਮਟ ਹੈ। ਲੰਗਰ ਹਾਲ ''ਚ ਵੀ ਭਗਤ ਸਿੰਘ ਦੀਆਂ ਗੱਲਾਂ ਚੱਲ ਰਹੀਆਂ ਹਨ।
ਸਟੇਜ ਤੋਂ ਕਾਨਫਰੰਸ ਦੀ ਸਮਾਪਤੀ ਦੀ ਅਵਾਜ਼ ਆ ਰਹੀ ਹੈ। ਮਾਰਚ ਲਈ ਪਟਾਕਿਆਂ ਦੀ ਤਿਆਰੀ ਹੋ ਰਹੀ ਹੈ ਅਤੇ ਦੋ-ਦੋ ਕਤਾਰਾਂ ਸੜਕ ''ਤੇ ਉਤਰ ਰਹੀਆਂ ਹਨ। ਉਨ੍ਹਾਂ ਦੇ ਅੱਗੇ ਕੁੜੀਆਂ ਦੀ ਕਤਾਰ ਲੱਗੀ ਹੋਈ ਹੈ, ਜਿਨ੍ਹਾਂ ਦੀ ਗਿਣਤੀ ਮੁੰਡਿਆਂ ਨਾਲੋਂ ਡੇਢ ਗੁਣਾ ਜ਼ਿਆਦਾ ਹੈ। ਸ਼ਹਿਰ ਦੇ ਜਿਹੜੇ ਵੀ ਹਿੱਸੇ ਵਿੱਚੋਂ ਮਾਰਚ ਲੰਘ ਰਿਹਾ ਹੈ ਲੋਕ ਹੈਰਾਨ ਹੋ ਰਹੇ ਹਨ। ਥਾਂ-ਥਾਂ ਠੰਢੇ ਪਾਣੀ ਦਾ ਪ੍ਰਬੰਧ ਹੈ ਅਤੇ ਲੱਡੂ ਵੰਡੇ ਜਾ ਰਹੇ ਹਨ। ਕਈ ਲੋਕਾਂ ਆਪਣੇ ਘਰਾਂ-ਦੁਕਾਨਾਂ ''ਤੇ ਬਿਜਲੀ ਵਾਲੇ ਲਾਟੂ ਜਗਾਏ ਹੋਏ ਨੇ। ਕਿਸੇ ਦੇ ਚਿਹਰੇ ਤੋਂ ਥਕਾਵਟ ਜਾਂ ਥਕੇਵਾਂ ਨਹੀਂ ਝਲਕਦਾ। ਢੋਲ ਦਾ ਡੱਗਾ ਪੱਬ ਚੁੱਕ ਰਿਹਾ ਹੈ। ਮਾਰਚ ਕੋਲੋਂ ਲੰਘਦਾ ਹੋਇਆ ਰਿਕਸ਼ੇ ਵਾਲਾ ਖੜਾ ਹੋ ਕੇ ਮਾਰਚ ਨੂੰ ਮੱਥਾ ਟੇਕਦਾ ਹੈ। ਸ਼ਾਇਦ ਉਸ ਨੂੰ ਕਿਰਤੀ ਜਮਾਤਾਂ ਤੇ ਵਿਦਿਆਰਥੀਆਂ ਦਾ ਏਨੇ ਵੱਡੇ ਪੱਧਰ ''ਤੇ ਜਾਗਣਾ ਅੰਦਰੋਂ ਹਲੂਣ ਰਿਹਾ ਹੈ। ਇਹ ਮਾਰਚ ਲਗਭਗ ਡੇਢ ਘੰਟੇ ਵਿੱਚ ਸਮਾਪਤ ਹੋਇਆ ਤੇ ਆਪੋ ਆਪਣੀਆਂ ਸਕੂਲੀ ਬੱਸਾਂ ਵਿੱਚ ਚੜ੍ਹਨ ਵੇਲ਼ੇ ਨੰਨੇ-ਮੁੰਨੇ ਬੱਚੇ ਅਗਲੇ ਸਾਲ ਫਿਰ ਏਥੇ ਜੁੜਨ ਦਾ ਵਾਅਦਾ ਕਰ ਰਹੇ ਹਨ। ਸੱਚੀ ਧੰਨ ਹਨ ਉਹ ਪ੍ਰਬੰਧਕ, ਜਿਹੜੇ ਤਿਲ-ਫੁੱਲ ਇਕੱਠੇ ਕਰਕੇ ਇਨ੍ਹਾਂ ਮਹਾਨ ਕਾਰਜ ਰਚਾਉਂਦੇ ਹਨ, ਜਿਹੜੇ ਹੋਕਾ ਦੇ ਰਹੇ ਨੇ ਕਿ ਜਾਗ ਜਾਓ, ਭਗਤ ਸਿੰਘ ਦੀ ਸੋਚ ਦੇ ਹਾਣੀ ਬਣੋ। ਜੇ ਸ਼ਹੀਦੀ ਦਿਹਾੜੇ ਮੌਕੇ ਭਗਤ ਸਿੰਘ ਦੀ ਸ਼ਹਾਦਤ ਦਾ ਮੁੱਲ ਨਾ ਪੈਣ ਦੀ ਗੱਲ ਕਰਦੇ ਹਾਂ ਤਾਂ ਉਸ ਦੇ ਜਨਮ ਦਿਨ ਦੇ ਮੌਕੇ ਪਟਾਕੇ ਕਿਉਂ ਨਹੀਂ ਚਲਾ ਸਕਦੇ, ਭੰਗੜੇ ਕਿਉਂ ਨਹੀਂ ਪਾ ਸਕਦੇ, ਵਧਾਈਆਂ ਕਿਉਂ ਨਹੀਂ ਦੇ ਸਕਦੇ?

ਸਵਰਣ ਸਿੰਘ ਟਹਿਣਾ


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।