ਕੈਪਟਨ ਅਮਰਿੰਦਰ ਦੇ ਵਿਰੁੱਧ ਲੜਾਈ ’ਚ ਪੰਜਾਬ ਦੀ ਸਿਆਸੀ ਪਿਚ ’ਤੇ ਰਾਹੁਲ-ਪ੍ਰਿਯੰਕਾ ਖੁੱਲ੍ਹਕੇ ਕਰ ਰਹੇ ਨੇ ਬੈਟਿੰਗ

07/27/2021 6:23:53 PM

ਜਲੰਧਰ  (ਚੋਪੜਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਚਾਲੇ ਚਲ ਰਹੀ ਸਿਆਸੀ ਜੰਗ ਦੇ ਪਿੱਛੇ ਮਲੂਮ ਹੁੰਦਾ ਹੈ ਕਿ ਨਹਿਰੂ-ਗਾਂਧੀ ਪਰਿਵਾਰ ਦੇ ਵੰਸ਼ਜ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਹੀ ਗੇਮ ਪਲਾਨਰ ਦਾ ਕਿਰਦਾਰ ਅਦਾ ਕਰ ਰਹੇ ਹਨ। ਕਾਂਗਰਸ ਦੀ ਰਾਸ਼ਟਰਪੀ ਕਾਰਜਵਾਹਕ ਪ੍ਰਧਾਨ ਸੋਨੀਆ ਗਾਂਧੀ ਦੀ ਸਿਹਤ ਠੀਕ ਨਹੀਂ ਚਲ ਰਹੀ ਹੈ ਜਿਸ ਕਾਰਨ ਉਨ੍ਹਾਂ ਦੇ ਬੱਚੇ ਵਾਯਨਾਡ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਅਤੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਸਿਆਸੀ ਪਿੱਚ ’ਤੇ ਖੁੱਲ੍ਹਕੇ ਬੈਟਿੰਗ ਕਰ ਰਹੇ ਹਨ। ਪੰਜਾਬ ’ਚ ਕੈਪਟਨ-ਸਿੱਧੂ ਲੜਾਈ ਨੂੰ ਲੈ ਕੇ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਲੜਾਈ ਵਿਚ ਸਿੱਧੂ ਤਾਂ ਸਿਰਫ ਇਕ ਮੋਹਰਾ ਹੈ, ਅਸਲ ਵਿਚ ਆਤਮ-ਸਨਮਾਨ ਦੀ ਇਸ ਲੜਾਈ ਵਿਚ ਇਕ ਪਾਸੇ ਕੈ. ਅਮਰਿੰਦਰ ਸਿੰਘ ਅਤੇ ਦੂਸਰੀ ਪਾਸੇ ਰਾਹੁਲ-ਪ੍ਰਿਯੰਕਾ ਖੜ੍ਹੇ ਹਨ। ਰਾਹੁਲ-ਪ੍ਰਿਯੰਕਾ ਦਾ ਇਕਮਾਤਰ ਉਦੇਸ਼ ਮੁੱਖ ਮੰਤਰੀ ਪੰਜਾਬ ਦੇ ਪਰ ਕੱਟਣੇ ਹਨ। ਸਿਆਸੀ ਗਲਿਆਰਿਆਂ ਦੀ ਮੰਨੀਏ ਤਾਂ ਨਹਿਰੂ-ਗਾਂਧੀ ਦੇ ਵੰਸ਼ਜ ਕਿਸੇ ਵੀ ਅਜਿਹੇ ਪਾਰਟੀ ਨੇਤਾ ਨੂੰ ਬਿਲਕੁੱਲ ਬਰਦਾਸ਼ਤ ਨਹੀਂ ਕਰ ਸਕਦੇ, ਜੋ ਉਨ੍ਹਾਂ ਤੋਂ ਜ਼ਿਆਦਾ ਸ਼ਕਤੀਸ਼ਾਲੀ ਹੋਵੇ ਅਤੇ ਉਸਦਾ ਸਿਆਸੀ ਕਦ ਉੱਚਾ ਹੋਵੇ। ਇਹੋ ਇਕ ਵੱਡਾ ਕਾਰਨ ਹੈ ਜਿਸ ਦੇ ਕਾਰਨ ਮੱਧ ਪ੍ਰਦੇਸ਼ ਤੋਂ ਕੇਂਦਰੀ ਨਾਗਰਿਕ ਹਵਾਬਾਜ਼ੀ ਮੰਤਰੀ ਜਿਓਤੀਰਾਦਿਤਿਆ ਸਿੰਧੀਆ ਅਤੇ ਉੱਤਰ ਪ੍ਰਦੇਸ਼ ਨਾਲ ਜਿਤਿਨ ਪ੍ਰਸਾਦ ਨੇ ਕਾਂਗਰਸ ਛੱਡ ਦਿੱਤੀ, ਜਦਕਿ ਰਾਜਸਥਾਨ ਦੇ ਸਚਿਨ ਪਾਇਲਟ ਨੇ ਬੀਤੇ ਸਾਲ 10 ਜਨਪਥ ਵਲੋਂ ਉਨ੍ਹਾਂ ਦੇ ਦਾਅਵਿਆਂ ਦੀ ਲਗਾਤਾਰ ਅਣਦੇਸ਼ੀ ਤੋਂ ਬਾਅਦ ਵਿਦਰੋਹ ਕਰ ਦਿੱਤਾ ਸੀ। ਕੈਪਟਨ ਅਮਰਿੰਦਰ ਵੀ ਅਜਿਹਾ ਹੀ ਇਕ ਮਾਮਲਾ ਹੈ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਉਂਝ ਤਾਂ ਕੈਪਟਨ ਅਮਰਿੰਦਰ ਜੀਵਨ ਅਤੇ ਸਿਆਸੀ ਕਰੀਅਰ ਦੇ ਇਸ ਪੜਾਅ ’ਤੇ ਫੈਸਲਾਕੁੰਨ ਲੜਾਈ ਲੜਨ ਦੀ ਸਥਿਤੀ ਵਿਚ ਨਹੀਂ ਹੈ, ਅਜਿਹਾ ਵਿਚ ਰਾਹੁਲ ਵੀ ਸਖ਼ਤ ਫੈਸਲੇ ਲੈ ਕੇ ਪਾਰਟੀ ਵਿਚ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਤੇ ਧੜੇਬੰਦੀ ਦੇ ਬਾਵਜੂਦ ਸਿਆਸੀ ਹੋਂਦ ਬਚਾਉਣ ਲਈ ਭਾਜਪਾ ਲਾ ਰਹੀ ਜੁਗਾੜ

ਇਹੋ ਕਾਰਨ ਹੈ ਕਿ ਗਾਂਧੀ ਭਰਾ-ਭੈਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਰਾਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਕੀਮਤ ’ਤੇ ਸਿੱਧੂ ਨੂੰ ਪਿੱਠ ਠੋਕ ਰਹੇ ਹਨ। ਨਹੀਂ ਤਾਂ, ਭਾਜਪਾ ਵਿਚ 13 ਸਾਲ ਬਿਤਾਉਣ ਤੋਂ ਬਾਅਦ 2017 ਵਿਚ ਕਾਂਗਰਸ ਵਿਚ ਸ਼ਾਮਲ ਹੋਣ ਵਾਲੇ ਸਿੱਧੂ ਮੁਕਾਬਲਤਨ ਨਵੇਂ ਹਨ। ਪਿਛਲੇ ਮਹੀਨੇ ਤੋਂ ਪੰਜਾਬ ਤੇ ਦਿੱਲੀ ਵਿਚ ਹੋ ਰਹੇ ਸਿਆਸੀ ਦ੍ਰਿਸ਼ਾਂ ਨੂੰ ਦੇਖੀਏ ਤਾਂ ਕੈ. ਅਮਰਿੰਦਰ ਸਿੰਘ ਦੇ ਮੁਕਾਬਲੇ ਸਿੱਧੂ ਨੂੰ ਗਾਂਧੀ ਭਰਾ-ਭੈਣ ਤੋਂ ਜ਼ਿਆਦਾ ਅਹਿਮੀਅਤ ਮਿਲ ਰਹੀ ਹੈ। ਸਿੱਧੂ ਨਾਲ ਕੈਪਟਨ ਸਰਕਾਰ ਦੀ ਕਾਰਜਸ਼ੈਲੀ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਕੈ. ਅਮਰਿੰਦਰ ਨੂੰ ਸਮੀਖਿਆ ਬੈਠਕਾਂ ਲਈ ਦਿੱਲੀ ਬੁਲਾਇਆ ਗਿਆ। ਇਸ ਦੌਰਾਨ ਕੈਪਟਨ ਅਮਰਿੰਦਰ ਨੂੰ 2017 ਦੇ ਚੋਣ ਐਲਾਨ ਪੱਤਰ ਨੂੰ ਲਾਗੂ ਕਰਨ ਅਤੇ 19 ਸੂਤਰੀ ਏਜੰਡੇ ’ਤੇ ਧਿਆਨ ਕੇਂਦਰਿਤ ਕਰਨ ਨੂੰ ਕਿਹਾ ਗਿਆ ਸੀ। ਹਾਲਾਂਕਿ, ਇਸਦੇ ਉਲਟ ਸਿੱਧੂ ਨਾ ਸਿਰਫ ਗਾਂਧੀ ਪਰਿਵਾਰ ਨੂੰ ਮਿਲੇ, ਸਗੋਂ ਕੈ. ਅਮਰਿੰਦਰ ਦੇ ਵਿਰੋਧ ਦੇ ਬਾਵਜੂਦ ਉਨ੍ਹਾਂ ਨੂੰ ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਰੂਪ ਵਿਚ ਵੀ ਅਹੁਦਾ ਦਿੱਤਾ ਗਿਆ, ਉਨ੍ਹਾਂ ਨੇ ਸੋਨੀਆ ਗਾਂਧੀ ਨੂੰ ਪੱਤਰ ਲਿਖਕੇ ਸ਼ਿਕਾਇਤ ਕੀਤੀ ਸੀ ਕਿ ਹਾਈਕਮਾਨ ਪੰਜਾਬ ਸਰਕਾਰ ਦੇ ਕੰਮਕਾਜ ਅਤੇ ਸੂਬੇ ਦੀ ਸਿਆਸਤ ਵਿਚ ‘ਜ਼ਬਰਦਸਤੀ ਦਖਲਅੰਦਾਜ਼ੀ’ ਕਰ ਰਿਹਾ ਹੈ। ਉਥੇ ਕਾਂਗਰਸ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ 18 ਜੁਲਾਈ ਨੂੰ ਪੀਪੀਸੀਸੀ ਪ੍ਰਧਾਨ ਦਾ ਐਲਾਨ ਹੋਣ ’ਤੇ ਕੈ. ਅਮਰਿੰਦਰ ਦੀ ਕੈਬਨਿਟ ਦੇ 16 ਮੰਤਰੀਆਂ ਵਿਚੋਂ ਸਿਰਫ ਕੁਝ ਮੰਤਰੀ ਹੀ ਸਿੱਧੂ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮਿਲੇ, ਇਨ੍ਹਾਂ ਵਿਚ ਆਮ ਆਦਮੀ ਪਾਰਟੀ (ਆਪ) ਤੋਂ ਕਾਂਗਰਸ ਵਿਚ ਸ਼ਾਮਲ ਹੋਏ ਤਿੰਨ ਵਿਧਾਇਕ ਵੀ ਸਨ। ਜੋ ਕਿ ਸਿੱਧੂ ਦੀ ਅਗਵਾਈ ਵਿਚ ਸ਼ਕਤੀ ਪ੍ਰਦਰਸ਼ਨ ਲਈ ਹਰਿਮੰਦਰ ਸਾਹਿਬ ਮੱਥਾ ਟੇਕਣ ਦੌਰਾਨ ਉਨ੍ਹਾਂ ਨਾਲ ਗਏ। ਕੈਪਟਨ ਅਮਰਿੰਦਰ ਅਤੇ ਰਾਹੁਲ ਵਿਚਾਲੇ ਉੱਭਰੀ ਦਰਾਰ ਲਗਭਗ 6-7 ਸਾਲ ਪੁਰਾਣੀ ਹੈ, ਜਦੋਂ ਅਪ੍ਰੈਲ 2015 ਵਿਚ ਰਾਹੁਲ 56 ਦਿਨਾਂ ਦੇ ਇਕਾਂਤਵਾਸ ਤੋਂ ਪਰਤੇ ਤਾਂ ਕਾਂਗਰਸ ਵਿਚ ਪੀੜ੍ਹੀਗਤ ਬਦਲਾਅ ਦੀ ਗੱਲ ਕਹੀ ਸੀ ਓਦੋਂ ਕੈ. ਅਮਰਿੰਦਰ ਨੇ ਰਾਹੁਲ ਅਤੇ ਸੋਨੀਆ ਗਾਂਧੀ ਨੂੰ ਦੂਸਰੇ ਸੀਨੀਅਰ ਨੇਤਾਵਾਂ ਨਾਲ ਗੱਲ ਕਰਨ ਨੂੰ ਕਿਹਾ ਸੀ। ਉਥੇ ਸਤੰਬਰ 2015 ਵਿਚ ਜਦੋਂ ਕੈ. ਅਮਰਿੰਦਰ ਨੂੰ ਉਨ੍ਹਾਂ ਦੇ ਦੋਸਤ ਅਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੇਟੇ ਰਾਹੁਲ ਵਲੋਂ 10 ਜਨਪਥ ’ਤੇ ਕਥਿਤ ਤੌਰ ’ਤੇ ਠੁਕਰਾ ਦਿੱਤਾ ਗਿਆ ਸੀ, ਤਾਂ ਉਨ੍ਹਾਂ ਨੇ ਜਨਤਕ ਤੌਰ ’ਤੇ ਕਿਹਾ ਸੀ ਕਿ ਰਾਹੁਲ ਨੂੰ ਅਸਲੀਅਤ ਦੀ ਜਾਂਚ ਦੀ ਲੋੜ ਹੈ।

ਇਹ ਵੀ ਪੜ੍ਹੋ : ਹਥਿਆਰਬੰਦ ਦਸਤਿਆਂ ’ਚ ਅਧਿਕਾਰੀਆਂ ਦੇ 10 ਹਜ਼ਾਰ ਤੇ ਜਵਾਨਾਂ ਦੇ ਲੱਖ ਤੋਂ ਵੱਧ ਅਹੁਦੇ ਖਾਲੀ

ਉਸ ਸਮੇਂ ਤਤਕਾਲੀਨ ਕਾਂਗਰਸ ਪ੍ਰਧਾਨ ਪ੍ਰਤਾਪ ਬਾਜਵਾ ਨੂੰ ਪ੍ਰਮੋਟ ਕਰਨ ਕਾਰਨ ਹੀ ਕੈ. ਅਮਰਿੰਦਰ ਨੇ ਗਾਂਧੀ ਪਰਿਵਾਰ ਨਾਲ ਸਬੰਧ ਤੋੜ ਲਿਆ ਸੀ। ਉਸ ਦੌਰਾਨ ਗਾਂਧੀ ਪਰਿਵਾਰ ਜਿਸ ਤਰ੍ਹਾਂ ਨਾਲ ਪੰਜਾਬ ਕਾਂਗਰਸ ਦੇ ਮਾਮਲਿਆਂ ਨੂੰ ਸੰਭਾਲ ਰਿਹਾ ਸੀ, ਉਸ ਤੋਂ ਨਾਰਾਜ਼ ਕੈ. ਅਮਰਿੰਦਰ ਨੇ ਵੀ ਬਗਾਵਤੀ ਸੁਰ ਤੇਜ਼ ਕਰਦੇ ਹੋਏ ਕਾਂਗਰਸ ਛੱਡਣ ਅਤੇ ਇਕ ਨਵੀਂ ਪਾਰਟੀ ਬਣਾਉਣ ਦੀਆਂ ਚਰਚਾਵਾਂ ਤੇਜ਼ ਕਰ ਦਿੱਤੀਆਂ ਸਨ। ਇਨ੍ਹਾਂ ਹਾਲਾਤਾਂ ਕਾਰਨ ਗਾਂਧੀ ਪਰਿਵਾਰ ਨੇ ਕੈ. ਅਮਰਿੰਦਰ ਅਤੇ ਪ੍ਰਤਾਪ ਬਾਜਵਾ ਵਿਚਾਲੇ ਚਲ ਰਹੀ ਕੁਰਸੀ ਦੀ ਜੰਗ ਨੂੰ ਲੈ ਕੇ ਅਖੀਰ ਇਕ ਜੰਗ ਬੰਦੀ ਕਰ ਕੇ ਇਸਨੂੰ ਸ਼ਾਂਤ ਕੀਤਾ। ਅਖੀਰ ਵਿਚ, ਕੈਪਟਨ ਅਮਰਿੰਦਰ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦੇ ਰੂਪ ਵਿਚ ਐਲਾਨ ਕੀਤਾ ਗਿਆ। ਕੈ. ਅਮਰਿੰਦਰ ਪੰਜਾਬ ਵਿਚ ਕਾਂਗਰਸ ਨੂੰ ਭਾਰੀ ਬਹੁਮਤ ਦਿਵਾਉਣ ਵਿਚ ਸਫਲ ਹੋਏ ਅਤੇ ਉਨ੍ਹਾਂ ਨੇ ਲਗਭਗ ਸਾਢੇ 4 ਸਾਲ ਦਾ ਰਾਜ ਪੂਰਾ ਕੀਤਾ ਹੈ। ਇਹੋ ਵੱਡਾ ਕਾਰਨ ਹੈ ਕਿ ਕੈ. ਅਮਰਿੰਦਰ ਦੇ ਵਾਰ-ਵਾਰ ਵਿਰੋਧ ਦੇ ਬਾਵਜੂਦ ਗਾਂਧੀ ਭਰਾ-ਬੈਣ ਵਲੋਂ ਹੁਣ ਬਾਜਵਾ ਵਾਂਗ ਸਿੱਧੂ ਨੂੰ ਪ੍ਰਮੋਟ ਕਰਨਾ ਸ਼ੁਰੂ ਕਰ ਦਿੱਤਾ, ਪਰ ਇਸ ਵਾਰ ਹਾਲਾਤ ਬਦਲ ਚੁੱਕੇ ਸਨ, ਗਾਂਧੀ ਪਰਿਵਾਰ ਦੀ ਛੱਤਰ ਛਾਇਆ ਵਿਚ ਸਿੱਧੂ ਦੀ ਕਾਰਜਸ਼ੈਲੀ ਨੇ ਕੈ. ਅਮਰਿੰਦਰ ਦੀਆਂ ਮੁਸ਼ਕਲਾਂ ਨੂੰ ਵਧਾਉਣਾ ਸ਼ੁਰੂ ਕਰ ਦਿੱਤਾ। ਅਖੀਰ ਹਾਈਕਮਾਨ ਨੇ ਕੈਪਟਨ ਅਤੇ ਉਨ੍ਹਾਂ ਦੀ ਲਾਬੀ ਦੇ ਸਿੱਧੂ ਦੇ ਵਿਰੁੱਧ ਅਪਨਾਏ ਕਈ ਹੱਥਕੰਡਿਆਂ ਦੇ ਬਾਵਜੂਦ ਉਨ੍ਹਾਂ ਨੂੰ ਪ੍ਰਦੇਸ਼ ਪ੍ਰਧਾਨ ਐਲਾਨ ਦਿੱਤਾ। ਸਿੱਧੂ ਦੇ ਪ੍ਰਧਾਨ ਬਣਨ ਦੇ ਐਲਾਨ ਤੋਂ ਬਾਅਦ ਕੈ. ਅਮਰਿੰਦਰ ਨੇ ਨਵਾਂ ਪੈਂਤਰਾ ਖੇਡਦੇ ਹੋਏ ਸਪਸ਼ਟ ਤੌਰ ’ਤੇ ਕਿਹਾ ਕਿ ਉਹ ਸਿੱਧੂ ਨਾਲ ਓਦੋਂ ਤੱਕ ਨਹੀਂ ਮਿਲਣਗੇ ਜਦੋਂ ਤੱਕ ਉਹ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੇ ਖਿਲਾਫ ਕੀਤੀ ਅਪਮਾਨਜਨਕ ਟਿੱਪਣੀ ਲਈ ਮੁਆਫੀ ਨਹੀਂ ਮੰਗਦੇ। ਸਿੱਧੂ ਨੇ ਕੈਪਟਨ ਤੋਂ ਮੁਆਫੀ ਨਹੀਂ ਮੰਗੀ ਅਤੇ 23 ਜੁਲਾਈ ਨੂੰ ਰਸਮੀ ਤੌਰ ’ਤੇ ਪ੍ਰਧਾਨ ਦੀ ਕੁਰਸੀ ਸੰਭਾਲ ਲਈ। ਕਿਹਾ ਜਾਂਦਾ ਹੈ ਕਿ ਗਾਂਧੀ ਪਰਿਵਾਰ ਦੇ ਦਬਾਅ ਕਾਰਨ ਹੀ ਕੈ. ਅਮਰਿੰਦਰ ਨੂੰ ਬੈਕਫੁੱਟ ’ਤੇ ਆਉਂਦੇ ਹੋਏ ਸਿੱਧੂ ਨਾਲ ਮੰਚ ਸਾਂਝੀ ਕਰਨ ਨੂੰ ਮਜ਼ਬੂਰ ਹੋਣਾ ਪਿਆ। ਪਰ ਇਸ ਪ੍ਰੋਗਰਾਮ ਦੌਰਾਨ ਇਕ ਹੀ ਫਰੇਮ ਵਿਚ ਫਿਟ ਕੈਪਟਨ ਅਤੇ ਸਿੱਧੂ ਵਿਚਾਲੇ ਬਣੀਆਂ ਦੂਰੀਆਂ ਜਗਜਾਹਿਰ ਹੈ ਜਿਸ ਨਾਲ ਲਗਦਾ ਹੈ ਕਿ ਪੰਜਾਬ ਕਾਂਗਰਸ ਵਿਚ ਅੰਦਰੂਨੀ ਕਲਹ ਥੰਮੀ ਨਹੀਂ ਹੈ, ਹੁਣ ਨਤੀਜੇ ਭਾਵੇਂ ਕਾਂਗਰਸ ਲਈ ਜੋ ਵੀ ਹੋਣ ਪਰ ਇਹ ਸਪਸ਼ਟ ਹੈ ਕਿ ਕੈਪਟਨ ਅਤੇ ਸਿੱਧੂ ਵਿਚਾਲੇ ਚਲ ਰਹੀ ਲੜਾਈ ਨੂੰ ਕਾਂਧੀ ਭਰਾ-ਭੈਣ ਦਾ ਸਮਰਥਨ ਪ੍ਰਾਪਤ ਹੈ।

ਇਹ ਵੀ ਪੜ੍ਹੋ : ਸਿੱਖਿਆ ਬੋਰਡ ਨੇ ਸੈਕਸ਼ਨਾਂ ’ਚ ਵਾਧੂ ਬੱਚੇ ਦਾਖ਼ਲ ਕਰਨ ’ਤੇ ਸਕੂਲਾਂ ਨੂੰ ਲਾਇਆ ਵੱਡਾ ਜੁਰਮਾਨਾ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 

Anuradha

This news is Content Editor Anuradha