ਸਾਵਧਾਨ! 12 ਸੂਬਿਆਂ ''ਚ ਤਰਥੱਲੀ ਮਚਾ ਚੁੱਕਾ ਈਰਾਨ ਗੈਂਗ ਪੰਜਾਬ ''ਚ ਸਰਗਰਮ

09/25/2019 6:48:36 PM

ਲੁਧਿਆਣਾ (ਰਿਸ਼ੀ, ਤਰੁਣ) : ਨਕਲੀ ਪੁਲਸ, ਇਨਕਮ ਅਤੇ ਸੇਲ ਟੈਕਸ ਅਫਸਰ ਬਣ ਕੇ ਪੂਰੇ ਦੇਸ਼ ਦੀ ਪੁਲਸ ਦੀ ਨੱਕ 'ਚ ਦਮ ਕਰ ਚੁੱਕਾ ਈਰਾਨੀ ਗੈਂਗ ਇਕ ਵਾਰ ਫਿਰ ਐਕਟਿਵ ਹੋ ਗਿਆ ਹੈ। ਇਸ ਗੈਂਗ ਦਾ ਸਰਗਣਾ ਈਰਾਨ ਦਾ ਰਹਿਣ ਵਾਲਾ ਸੀਆ ਮੁਹੰਮਦ ਹੈ। ਜੋ ਆਪਣੇ ਦਾਦਾ, ਦਾਦੀ ਨਾਲ ਕਾਫੀ ਸਮਾਂ ਪਹਿਲਾਂ ਇਥੇ ਆ ਗਿਆ। ਜਿਸ ਤੋਂ ਬਾਅਦ ਉਸ ਨੇ ਆਪਣਾ ਗੈਂਗ ਬਣਾਇਆ। ਕੁਝ ਸਾਲਾਂ ਵਿਚ ਹੀ ਇਹ ਗੈਂਗ ਦੇਸ਼ ਦੇ 12 ਪ੍ਰਮੁੱਖ ਸੂਬਿਆਂ 'ਚ ਵਸ ਗਿਆ। ਇਸ ਗੈਂਗ 'ਚ ਲਗਭਗ 600 ਮੈਂਬਰ ਹਨ। ਸਾਰੇ ਇਕ ਹੀ ਪਰਿਵਾਰ ਦੇ ਹਨ। ਸਰਗਣੇ ਨੇ ਸਾਰਿਆਂ ਨੂੰ ਇੱਛਾ ਅਨੁਸਾਰ ਸੂਬੇ ਵੰਡੇ ਹੋਏ ਹਨ। ਪੰਜਾਬ 'ਚ ਇਕ ਪਰਿਵਾਰ ਦੇ ਲਗਭਗ 30 ਲੋਕ ਹਨ, ਜਿਨ੍ਹਾਂ ਵੱਲੋਂ ਪਹਿਲਾਂ ਵੀ ਕਈ ਵਾਰਦਾਤਾਂ ਕੀਤੀਆਂ ਗਈਆਂ ਹਨ। ਹੁਣ ਇਨ੍ਹਾਂ ਨੇ ਤਿਉਹਾਰਾਂ ਤੋਂ ਪਹਿਲਾਂ ਫਿਰ ਤੋਂ ਖੁਦ ਨੂੰ ਐਕਟਿਵ ਕਰ ਲਿਆ ਹੈ। ਗੈਂਗ ਦੇ 30 ਬਦਮਾਸ਼ ਪੰਜਾਬ ਆਏ ਹਨ, ਜਿਨ੍ਹਾਂ ਨੇ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਪਟਿਆਲਾ ਅਤੇ ਬਠਿੰਡਾ 'ਚ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਣਾ ਹੈ। ਇਸ ਗੈਂਗ ਦੇ 4 ਮੈਂਬਰਾਂ ਵੱਲੋਂ ਬੀਤੇ ਦਿਨੀਂ ਨਮਕ ਮੰਡੀ ਨੇੜੇ ਇਕ ਵਪਾਰੀ ਤੋਂ 2.5 ਲੱਖ ਦੀ ਠੱਗੀ ਤੋਂ ਬਾਅਦ ਕਮਿਸ਼ਨਰੇਟ ਪੁਲਸ ਨੇ ਇਸ 'ਤੇ ਨਕੇਲ ਪਾਉਣ ਦਾ ਪੂਰਾ ਪ੍ਰਬੰਧ ਕਰ ਲਿਆ। ਸੀ. ਪੀ. ਰਾਕੇਸ਼ ਅਗਰਵਾਲ ਦਾ ਦਾਅਵਾ ਹੈ ਕਿ ਇਸ ਗੈਂਗ ਨੂੰ ਹੁਣ ਲੁਧਿਆਣਾ 'ਚ ਇਕ ਵੀ ਵਾਰਦਾਤ ਨਹੀਂ ਕਰਨ ਦਿੱਤੀ ਜਾਵੇਗੀ।

ਪੁਰਾਣੇ ਸ਼ਹਿਰ 'ਚ ਵੰਡੇ ਪੈਂਫਲੇਟਸ, ਕਰਵਾ ਰਹੇ ਅਨਾਊਂਸਮੈਂਟ
ਸੀ. ਪੀ. ਅਗਰਵਾਲ ਅਨੁਸਾਰ ਏ. ਡੀ. ਸੀ. ਪੀ.–1 ਗੁਰਪ੍ਰੀਤ ਸਿੰਘ ਦੀ ਸੁਪਰਵਿਜ਼ਨ 'ਚ ਪੁਰਾਣੇ ਸ਼ਹਿਰ ਦੇ ਸੰਵੇਦਨਸ਼ੀਲ ਇਲਾਕਿਆਂ 'ਚ ਜਿੱਥੇ ਥਾਣਾ ਪੁਲਸ ਸਾਰੇ ਬਦਮਾਸ਼ਾਂ ਦੀਆਂ ਫੋਟੋਆਂ ਲੱਗੇ ਪੈਂਫਲੇਟਸ ਵੰਡ ਰਹੀ ਹੈ, ਉੱਥੇ ਹੀ ਆਟੋ 'ਤੇ ਅਨਾਊਂਸਮੈਂਟ ਕਰਵਾਈ ਜਾ ਰਹੀ ਹੈ ਤਾਂ ਕਿ ਬਾਹਰੋਂ ਆਏ ਵਪਾਰੀ ਅਤੇ ਸ਼ਹਿਰ ਦੇ ਬਿਜ਼ਨੈੱਸਮੈਨਾਂ ਨੂੰ ਅਵੇਅਰ ਕੀਤਾ ਜਾ ਸਕੇ। ਉੱਥੇ ਹੀ ਪੈਂਫਲੇਟਸ ਕੰਧਾਂ 'ਤੇ ਚਿਪਕਾਉਣ ਦੇ ਨਾਲ-ਨਾਲ ਵਪਾਰੀ ਵਰਗ ਨਾਲ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।

40 ਮੁਲਾਜ਼ਮ ਸਿਵਲ ਵਰਦੀ 'ਚ ਘੁੰਮਣਗੇ, ਪੁਲਸ ਲਾਏਗੀ ਸਪੈਸ਼ਲ ਨਾਕਾਬੰਦੀ
ਸੀ. ਪੀ. ਅਗਰਵਾਲ ਦੇ ਅਨੁਸਾਰ ਪੁਰਾਣੇ ਸ਼ਹਿਰ ਅਧੀਨ ਆਉਂਦੇ ਪੁਲਸ ਸਟੇਸ਼ਨਾਂ ਨੂੰ 40 ਮੁਲਾਜ਼ਮ ਪੁਲਸ ਲਾਈਨ ਤੋਂ ਦਿੱਤੇ ਗਏ ਹਨ। ਜੋ ਤਿਉਹਾਰਾਂ ਤੱਕ ਸਾਰਾ ਦਿਨ ਪੁਰਾਣੇ ਸ਼ਹਿਰ 'ਚ ਸਿਵਲ ਵਰਦੀ ਵਿਚ ਘੁੰਮ ਕੇ ਸ਼ੱਕੀਆਂ 'ਤੇ ਨਜ਼ਰ ਰੱਖਣਗੇ। ਉਥੇ ਥਾਣਾ ਕੋਤਵਾਲੀ, ਡਵੀਜ਼ਨ ਨੰ. 3, 4 ਅਤੇ ਦਰੇਸੀ ਦੀ ਪੁਲਸ ਨੂੰ ਸਪੈਸ਼ਲ ਨਾਕਾਬੰਦੀ ਦੇ ਆਦੇਸ਼ ਜਾਰੀ ਕੀਤੇ ਗਏ ਹਨ।

ਇਨ੍ਹਾਂ ਸੂਬਿਆਂ 'ਚ ਰਹਿ ਰਿਹਾ ਈਰਾਨੀ ਗੈਂਗ
ਮਿਲੀ ਜਾਣਕਾਰੀ ਮੁਤਾਬਕ ਇਹ ਈਰਾਨ ਗੈਂਗ ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਕਰਨਾਟਕਾ, ਮੱਧ ਪ੍ਰਦੇਸ਼, ਤਾਮਿਲਨਾਡੂ, ਉਡਿਸ਼ਾ, ਛਤੀਸਗੜ੍ਹ, ਵੈਸਟ ਬੰਗਾਲ, ਬਿਹਾਰ, ਗੁਜਰਾਤ, ਯੂ. ਪੀ.,
ਦਿੱਲੀ ਵਿਚ ਰਹਿ ਰਿਹਾ ਹੈ। 

ਇਸ ਤਰ੍ਹਾਂ ਕਰੋ ਗੈਂਗ ਦੀ ਪਛਾਣ
ਸਾਰਿਆਂ ਦੇ ਰੰਗ ਸਾਫ, ਕੱਦ ਕਰੀਬ 6 ਫੁੱਟ, ਉਮਰ 30 ਤੋਂ 50 ਸਾਲ ਦੇ ਵਿਚਕਾਰ। ਇਹ ਲੋਕ ਸੀ. ਸੀ. ਟੀ. ਵੀ. ਫੁਟੇਜ ਤੋਂ ਬਚਣ ਲਈ ਕੈਪ ਪਾਉਂਦੇ ਹਨ। ਇਸ ਤੋਂ ਇਲਾਵਾ ਇਹ ਠੱਗ ਵਾਰਦਾਤ ਦੇ ਸਮੇਂ ਸਪੋਰਟਸ ਬੂਟ ਪਾਉਂਦੇ ਹਨ। ਸਾਰਿਆਂ ਦੇ ਸਰੀਰ 'ਤੇ ਪਿੱਛੇ ਸੱਟ ਦਾ ਨਿਸ਼ਾਨ ਹੈ। 

ਹਾਈਸਪੀਡ ਮੋਟਰਸਾਈਕਲਾਂ ਦੀ ਕਰਦੇ ਹਨ ਵਰਤੋਂ
ਸੀ. ਪੀ. ਅਗਰਵਾਲ ਅਨੁਸਾਰ ਗੈਂਗ ਕੋਲ ਹਾਈਸਪੀਡ ਮੋਟਰਸਾਈਕਲ ਹਨ। ਇਨ੍ਹਾਂ ਵੱਲੋਂ 3 ਵਰਗਾਂ ਨੂੰ ਹੀ ਸਿਰਫ ਆਪਣਾ ਟਾਰਗੈੱਟ ਬਣਾਇਆ ਜਾ ਰਿਹਾ ਹੈ। ਪਹਿਲਾ ਵਪਾਰੀ ਵਰਗ, ਜਿਨ੍ਹਾਂ ਦੀ ਇਨ੍ਹਾਂ ਨੂੰ ਆਸਾਨੀ ਨਾਲ ਪਛਾਣ ਹੋ ਜਾਂਦੀ ਕਿ ਦੂਜੇ ਸ਼ਹਿਰ ਦਾ ਹੈ ਜਾਂ ਫਿਰ ਸੂਬੇ ਦਾ ਹੀ। ਜਿਨ੍ਹਾਂ ਨੇ ਪੁਲਸ ਕਰਮਚਾਰੀ, ਇਨਕਮ ਅਤੇ ਸੇਲ ਟੈਕਸ ਅਧਿਕਾਰੀ ਬਣ ਕੇ ਗੈਰ-ਕਾਨੂੰਨੀ ਹਥਿਆਰ, ਡਰੱਗ, ਕਾਗਜ਼ਾਤ ਚੈੱਕ ਕਰਨ ਦੇ ਬਹਾਨੇ ਰੋਕ ਕੇ ਧਿਆਨ ਇਧਰ-ਉਧਰ ਕਰ ਕੇ ਨਕਦੀ ਅਤੇ ਗੋਲਡ ਕੱਢ ਲੈਂਦੇ ਹਨ। ਦੂਜੇ ਨੰਬਰ 'ਤੇ ਹਨ ਜਿਊਲਰੀ ਸ਼ਾਪ ਅਤੇ ਤੀਜੇ ਨੰਬਰ 'ਤੇ ਔਰਤਾਂ ਨੂੰ ਨਿਸ਼ਾਨੇ 'ਤੇ ਲੈਂਦੇ ਹਨ। ਜਿਨ੍ਹਾਂ ਨੂੰ ਸੁੰਨਸਾਨ ਜਗ੍ਹਾ 'ਤੇ ਪੁਲਸ ਕਰਮਚਾਰੀ ਬਣ ਕੇ ਰੋਕਦੇ ਹਨ ਅਤੇ ਸਨੈਚਿੰਗ ਦੀਆਂ ਵਾਰਦਾਤਾਂ ਦੇ ਬਹਾਨੇ ਪੇਪਰ 'ਚ ਸੋਨੇ ਦੇ ਗਹਿਣੇ ਉਤਾਰ ਕੇ ਘਰ ਲਿਜਾਣ ਦੇ ਬਹਾਨੇ ਲੁੱਟ ਲੈਂਦੇ ਹਨ।

ਸੂਬੇ ਦੇ ਹਿਸਾਬ ਨਾਲ ਆਉਂਦੀ ਹੈ ਭਾਸ਼ਾ
ਸੀ. ਪੀ. ਅਗਰਵਾਲ ਅਨੁਸਾਰ ਗੈਂਗ ਦੇ ਸਾਰੇ ਮੈਂਬਰ ਹਿੰਦੀ ਬੋਲਦੇ ਹਨ। ਇਸ ਤੋਂ ਇਲਾਵਾ ਜਿਸ ਸੂਬੇ 'ਚ ਜਿਸ ਗੈਂਗ ਨੂੰ ਭੇਜਿਆ ਜਾਂਦਾ ਹੈ। ਉਹ ਉਸ ਸੂਬੇ ਦੀ ਭਾਸ਼ਾ ਨੂੰ ਚੰਗੀ ਤਰ੍ਹਾਂ ਬੋਲਣ 'ਚ ਐਕਸਪਰਟ ਹੁੰਦਾ ਹੈ। ਗੈਂਗ ਵੱਲੋਂ ਪਹਿਲਾਂ ਕਿਰਾਏ 'ਤੇ ਕਮਰਾ ਲੈ ਕੇ ਕੁਝ ਦਿਨਾਂ ਤੱਕ ਇਲਾਕੇ ਦੀ ਰੇਕੀ ਕੀਤੀ ਜਾਂਦੀ ਹੈ। ਜਿਸ ਤੋਂ ਬਾਅਦ ਵਾਰਦਾਤ ਕਰ ਕੇ ਸੂਬਾ ਛੱਡ ਕੇ ਫਰਾਰ ਹੋ ਜਾਂਦੇ ਹਨ। ਗੈਂਗ ਦੇ ਸਾਰੇ ਮੈਂਬਰ ਇੰਨੇ ਸ਼ਾਤਿਰ ਹਨ ਕਿ ਬਾਹਰੋਂ ਆਏ ਵਿਅਕਤੀ ਨੂੰ ਆਸਾਨੀ ਨਾਲ ਪਛਾਣ ਲੈਂਦੇ ਹਨ।

Gurminder Singh

This news is Content Editor Gurminder Singh