ਹਾਦਸਿਆਂ ਨੂੰ ਸੱਦਾ ਦੇ ਰਹੇ ਹਨ ਬਿਨਾਂ ਸਲੈਬਾਂ ਦੇ ਨਾਲੇ

06/19/2017 12:01:57 AM

ਰੂਪਨਗਰ, (ਕੈਲਾਸ਼)- ਸ਼ਹਿਰ 'ਚ ਗੰਦੇ ਤੇ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਬਣੇ ਨਾਲੇ ਸਲੈਬਾਂ ਨਾ ਪਾਉਣ ਕਾਰਨ ਹਾਦਸਿਆਂ ਦਾ ਕਾਰਨ ਬਣ ਰਹੇ ਹਨ ਪਰ ਪ੍ਰਸਾਸ਼ਨ ਉਕਤ ਸਮੱਸਿਆ ਪ੍ਰਤੀ ਗੰਭੀਰ ਨਜ਼ਰ ਨਹੀਂ ਆ ਰਿਹਾ, ਜਿਸ ਨਾਲ ਲੋਕਾਂ 'ਚ ਰੋਸ ਹੈ।
ਇਲਾਕਾ ਵਾਸੀਆਂ ਨੇ ਦੱਸਿਆ ਕਿ ਗੁਰਦੁਆਰਾ ਸਿੰਘ ਸਭਾ ਸੀ. ਡੀ. ਮਾਰਕੀਟ ਤੋਂ ਲੰਘਦੇ ਨਾਲੇ 'ਚ ਲੋਕਾਂ ਤੇ ਪਸ਼ੂਆਂ ਦੇ ਡਿੱਗਣ ਕਾਰਨ ਕਈ ਹਾਦਸੇ ਵਾਪਰ ਚੁੱਕੇ ਹਨ। ਇਸੇ ਤਰ੍ਹਾਂ ਡੀ. ਏ. ਵੀ. ਸਕੂਲ ਦੇ ਸਾਹਮਣੇ ਬਣੇ ਨਾਲੇ 'ਚ ਬੀਤੇ ਦਿਨ ਵੀ ਇਕ ਗਾਂ ਡਿੱਗ ਕੇ ਜ਼ਖਮੀ ਹੋ ਚੁੱਕੀ ਹੈ, ਜਦੋਂਕਿ ਇਸ ਤੋਂ ਪਹਿਲਾਂ ਵੀ ਕਈ ਹਾਦਸੇ ਵਾਪਰ ਚੁੱਕੇ ਹਨ। ਇਸ ਤੋਂ ਇਲਾਵਾ ਚੋਪੜਾ ਆਈਸ ਫੈਕਟਰੀ ਤੋਂ ਚੋਆ ਮੁਹੱਲੇ ਨੂੰ ਜਾਣ ਵਾਲੇ ਮੋੜ 'ਤੇ ਖੁੱਲ੍ਹਾ ਨਾਲਾ ਦੁਰਘਟਨਾਵਾਂ ਨੂੰ ਸੱਦਾ ਦੇ ਰਿਹਾ ਹੈ। ਚੋਆ ਮੁਹੱਲਾ ਤੋਂ ਗਾਂਧੀ ਸਕੂਲ ਮੋੜ, ਪ੍ਰੀਤ ਕਾਲੋਨੀ ਮੋੜ 'ਤੇ ਵੀ ਖੁੱਲ੍ਹੇ ਨਾਲਿਆਂ ਕਾਰਨ ਵਾਹਨ ਚਾਲਕਾਂ ਅਤੇ ਛੋਟੇ ਬੱਚਿਆਂ ਦੇ ਡਿੱਗਣ ਦਾ ਡਰ ਰਹਿੰਦਾ ਹੈ। ਇਸ ਸਬੰਧ 'ਚ ਸਿਟੀਜ਼ਨ ਵੈੱਲਫੇਅਰ ਕੌਂਸਲ ਦੇ ਪ੍ਰਧਾਨ ਮਦਨ ਮੋਹਨ ਗੁਪਤਾ ਨੇ ਦੱਸਿਆ ਕਿ ਸ਼ਹਿਰ 'ਚ ਕੌਂਸਲ ਵੱਲੋਂ ਨਵੀਆਂ ਸੜਕਾਂ ਬਣਾਉਂਦੇ ਸਮੇਂ ਸ਼ਹਿਰ ਅਤੇ ਮੁਹੱਲਿਆਂ ਤੋਂ ਲੰਘਦੇ ਨਾਲਿਆਂ ਨੂੰ ਪੱਕੇ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ ਅਤੇ ਗੰਦੇ ਪਾਣੀ ਨੂੰ ਸੀਵਰੇਜ ਪਾਈਪਾਂ 'ਚ ਪਾਇਆ ਗਿਆ ਹੈ ਪਰ ਨਾਲਿਆਂ 'ਤੇ ਸਲੈਬਾਂ ਪਾਉਣ ਦੀ ਯੋਜਨਾ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਮੌਕੇ ਨਾਲਿਆਂ 'ਤੇ ਸਲੈਬਾਂ ਪਾਉਣ ਦੀ ਮੰਗ ਕੀਤੀ ਗਈ।