ਪ੍ਰਦੂਸ਼ਣ ਫੈਲਾਅ ਰਹੀਆਂ 8 ਬੱਸਾਂ ਤੇ 75 ਹੋਰ ਵਾਹਨਾਂ ਦੇ ਕੱਟੇ ਚਲਾਨ

12/09/2017 6:53:38 AM

ਕਪੂਰਥਲਾ, (ਭੂਸ਼ਣ)- ਸੂਬੇ 'ਚ ਲਗਾਤਾਰ ਵਧ ਰਹੇ ਪ੍ਰਦੂਸ਼ਣ ਨੂੰ ਵੇਖਦੇ ਹੋਏ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ ਖਿਲਾਫ ਛੇੜੀ ਗਈ ਮੁਹਿੰਮ ਦੇ ਤਹਿਤ ਟ੍ਰੈਫਿਕ ਪੁਲਸ ਦੀ ਟੀਮ ਨੇ ਸ਼ੁੱਕਰਵਾਰ ਨੂੰ ਵੱਡੇ ਪੱਧਰ 'ਤੇ ਮੁਹਿੰਮ ਛੇੜਦੇ ਹੋਏ ਜਿਥੇ 8 ਬੱਸਾਂ ਦੇ ਚਲਾਨ ਕੱਟੇ, ਉਥੇ ਹੀ 75 ਹੋਰ ਵਾਹਨਾਂ ਦੇ ਵੀ ਚਲਾਨ ਕੱਟੇ ਗਏ।
ਜ਼ਿਕਰਯੋਗ ਹੈ ਕਿ ਸੂਬੇ 'ਚ ਵਧ ਰਹੇ ਪ੍ਰਦੂਸ਼ਣ ਨੂੰ ਵੇਖਦੇ ਹੋਏ ਉਨ੍ਹਾਂ ਗੱਡੀਆਂ ਖਿਲਾਫ ਵਿਸ਼ੇਸ਼ ਮੁਹਿੰਮ ਚਲਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ, ਜਿਨ੍ਹਾਂ ਕਾਰਨ ਵਾਤਾਵਰਣ ਖਰਾਬ ਹੁੰਦਾ ਹੈ। ਇਸੇ ਹੀ ਮੁਹਿੰਮ ਤਹਿਤ ਟ੍ਰੈਫਿਕ ਇੰਚਾਰਜ ਇੰਸਪੈਕਟਰ ਦਰਸ਼ਨ ਲਾਲ ਸ਼ਰਮਾ ਦੀ ਅਗਵਾਈ ਦੀ ਟ੍ਰੈਫਿਕ ਪੁਲਸ ਟੀਮ ਨੇ ਸ਼ਹਿਰ ਦੇ ਡੀ. ਸੀ. ਚੌਕ, ਜਲੰਧਰ ਰੋਡ, ਕਰਤਾਰਪੁਰ ਰੋਡ, ਅੰਮ੍ਰਿਤਸਰ ਰੋਡ ਅਤੇ ਨਕੋਦਰ ਰੋਡ 'ਤੇ ਨਾਕਾਬੰਦੀ ਕਰਦੇ ਹੋਏ ਬੱਸਾਂ ਦੀ ਚੈਕਿੰਗ ਕਰਵਾ ਕੇ ਉਨ੍ਹਾਂ ਦੇ ਚਲਾਨ ਕੱਟੇ। ਜਿਸ ਦੌਰਾਨ ਵੱਡੀ ਗਿਣਤੀ 'ਚ ਵਾਹਨਾਂ ਦੇ ਚਲਾਨ ਕੱਟਣ ਦੇ ਨਾਲ-ਨਾਲ ਕਾਗਜ਼ ਨਾ ਹੋਣ ਦੇ ਕਾਰਨ ਕਈ ਵਾਹਨਾਂ ਨੂੰ ਇੰਪਾਊਂਡ ਵੀ ਕੀਤਾ ਗਿਆ। ਟ੍ਰੈਫਿਕ ਪੁਲਸ ਦੀ ਇਹ ਮੁਹਿੰਮ ਕਈ ਘੰਟੇ ਤਕ ਜਾਰੀ ਰਹੀ।