ਬੰਗਾਲ ਜਾਣ ਲਈ ਸੱਦੇ ਮਜ਼ਦੂ੍ਰ ਗਰਮੀ ਅਤੇ ਭੁੱਖ ਨਾਲ ਬੇਹਾਲ,ਪ੍ਰਸ਼ਾਸਨ ਪ੍ਰਤੀ ਜਤਾਇਆ ਰੋਸ

05/28/2020 1:54:12 PM

ਭਵਾਨੀਗੜ੍ਹ(ਕਾਂਸਲ) - ਆਨਲਾਇਨ ਪ੍ਰਕਿਰਿਆ ਰਾਹੀਂ ਆਪਣੇ ਸੂਬੇ ਬੰਗਾਲ ਜਾਣ ਦੀ ਇੱਛਾ ਜਤਾਉਣ ਵਾਲੇ ਬੰਗਾਲ ਦੇ ਪ੍ਰਵਾਸੀ ਮਜਦੂਰਾਂ ਲਈ ਸਥਾਨਕ ਪ੍ਰਸਾਸ਼ਨ ਵੱਲੋਂ ਇਥੋਂ ਰੇਲਵੇ ਸਟੇਸ਼ਨ ਜਾਣ ਲਈ ਕੋਈ ਪ੍ਰਬੰਧ ਨਾ ਕੀਤਾ ਗਿਆ। ਜਿਸ ਕਾਰਨ ਇਨ੍ਹਾਂ ਪ੍ਰਵਾਸੀ ਮਜਦੂਰਾਂ ਨੂੰ ਗਰਮੀ ਅਤੇ ਭੁੱਖ ਦੇ ਨਾਲ ਹੋਰ ਪ੍ਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪਿਆ। ਜਿਸ ਕਰਕੇ ਇਨ੍ਹਾਂ ਪ੍ਰਵਾਸੀ ਮਜਦੂਰਾਂ ਵਿਚ ਪ੍ਰਸਾਸ਼ਨ ਪ੍ਰਤੀ  ਰੋਸ ਪਾਇਆ ਗਿਆ।

ਸਥਾਨਕ ਸ਼ਹਿਰ ਦੇ ਪੁਲਸ ਥਾਣੇ ਨੇੜੇ ਬਣੀ ਨਵੀਂ ਸੈਰਗਾਹ ਵਿਚ ਗਰਮੀ ਤੋਂ ਬਚਣ ਲਈ ਦਰਖਤਾਂ ਦੀ ਛਾਂ ਦਾ ਸਹਾਰਾ ਲੈ ਕੇ ਖੜ੍ਹੇ ਲਗਭਗ 70-80 ਦੇ ਕਰੀਬ ਪ੍ਰਵਾਸੀ ਮਜ਼ਦੂਰ, ਜਿਨ੍ਹਾਂ ਵਿਚ ਔਰਤਾਂ ਅਤੇ ਬੱਚੇ ਵੀ ਸ਼ਾਮਿਲ ਸਨ। ਇਨ੍ਹਾਂ ਨੇ ਰੋਸ ਜਤਾਉਂਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੇ ਸੂਬੇ ਬੰਗਾਲ ਜਾਣ ਲਈ ਆਨਲਾਇਨ ਅਪਲਾਈ ਕੀਤਾ ਸੀ। ਜਿਸ ਦੇ ਅਧਾਰ 'ਤੇ ਉਨ੍ਹਾਂ ਨੂੰ ਪ੍ਰਸਾਸ਼ਨ ਵੱਲੋਂ ਰੇਲਵੇ ਸਟੇਸ਼ਨ 'ਤੇ ਬੱਸਾਂ ਰਾਹੀਂ ਪਹੁੰਚਾਉਣ ਲਈ ਅੱਜ ਸਥਾਨਕ ਅਨਾਜ ਮੰਡੀ ਵਿਖੇ ਬੁਲਾਇਆ ਸੀ। ਉਹ ਰਾਤ ਦੇ ਕਰੀਬ 2 ਵਜੇ ਹੀ ਅਨਾਜ਼ ਮੰਡੀ ਵਿਖੇ ਪਹੁੰਚ ਗਏ। ਪਰ ਇਥੇ ਉਨ੍ਹਾਂ ਨੂੰ ਰੇਲਵੇ ਸਟੇਸ਼ਨ ਤੱਕ ਪਹੁੰਚਾਉਣ ਲਈ ਨਾ ਤਾਂ ਕੋਈ ਬੱਸ ਆਈ ਅਤੇ ਨਾ ਹੀ ਕਿਸੇ ਪ੍ਰਸ਼ਾਸਨ ਦੇ ਅਧਿਕਾਰੀ ਜਾਂ ਕਾਮੇ ਨੇ ਉਨ੍ਹਾਂ ਦੀ ਕੋਈ ਸਾਰ ਲਈ ਹੈ। ਇਥੇ ਭੁੱਖ ਅਤੇ ਗਰਮੀ ਕਾਰਨ ਉਨ੍ਹਾਂ ਦੇ ਬੱਚੇ ਅਤੇ ਜਨਾਨੀਆਂ ਬੇਹਾਲ ਹੋ ਗਏ । ਜਿਸ ਤੋਂ ਬਾਅਦ ਉਨ੍ਹਾਂ ਨੇ ਥਾਣੇ ਨੇੜੇ ਬਣੀ ਇਸ ਸੈਰਗਾਹ ਵਿਚ ਆ ਕੇ ਗਰਮੀ ਤੋਂ ਬਚਣ ਲਈ ਦਰਖ਼ਤਾਂ ਦੀ ਛਾਂ ਦਾ ਸਹਾਰਾ ਲਿਆ ਹੈ। ਉਨ੍ਹਾਂ ਕਿਹਾ ਉਨ੍ਹਾਂ ਦੇ ਬੱਚੇ ਅਤੇ ਜਨਾਨੀਆਂ ਨਾਲ ਹੋਣ ਦੇ ਬਾਵਜੂਦ ਪ੍ਰਸਾਸ਼ਨ ਵੱਲੋਂ ਉਨ੍ਹਾਂ ਲਈ ਨਾ ਤਾਂ ਇਥੇ ਰਹਿਣ ਦਾ ਅਤੇ ਨਾ ਹੀ ਖਾਣ-ਪੀਣ ਦਾ ਕੋਈ ਪ੍ਰੰਬਧ ਕੀਤਾ ਗਿਆ।

ਇਸ ਸਬੰਧੀ ਬੀਡੀਪੀਓ ਭਵਾਨੀਗੜ੍ਹ ਸ੍ਰੀ ਲੈਨਿਨ ਗਰਗ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਦੱਸਿਆ ਇਨ੍ਹਾਂ ਮਜ਼ਦੂਰਾਂ ਨੂੰ ਸਵੇਰੇ 5 ਵਜੇ ਬੁਲਾਇਆ ਗਿਆ ਸੀ। ਪ੍ਰੰਤੂ ਅੱਜ ਟ੍ਰੇਨ ਰੱਦ ਹੋ ਜਾਣ ਕਾਰਨ ਇਹ ਦਿੱਕਤ ਆਈ ਹੈ। ਜਿਸ ਲਈ ਉਹ ਕੁਝ ਨਹੀਂ ਕਰ ਸਕਦੇ। ਅਖੀਰ ਵਿਚ ਇਨ੍ਹਾਂ ਮਜ਼ਦੂਰਾਂ ਨੇ ਸਥਾਨਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਲੰਗਰ ਛੱਕ ਕੇ ਆਪਣਾ ਸਮਾਂ ਲੰਘਾਇਆ।

 

 

Harinder Kaur

This news is Content Editor Harinder Kaur