ਇਕ ਧੁੰਦ, ਦੂਜਾ ਓਵਰਲੋਡਿਡ ਵਾਹਨ ਹਾਦਸਿਆਂ ਨੂੰ ਸੱਦਾ

01/04/2018 6:08:48 AM

ਫਗਵਾੜਾ, (ਰੁਪਿੰਦਰ ਕੌਰ)- ਅਤਿ ਦੀ ਠੰਡ ਅਤੇ ਸੰਘਣੀ ਧੁੰਦ ਨੇ ਜਿਥੇ ਲੋਕਾਂ ਦੀ ਜ਼ਿੰਦਗੀ ਨੂੰ ਜਾਮ ਕਰ ਦਿੱਤਾ ਹੈ ਉਥੇ ਹੀ ਸਵੇਰੇ ਧੁੰਦ ਦੀ ਚਿੱਟੀ ਚਾਦਰ ਨੇ ਸੜਕਾਂ 'ਤੇ ਵਾਹਨ ਚਾਲਕਾਂ ਦਾ ਲੰਘਣਾ ਮੁਸ਼ਕਲ ਕਰ ਦਿੱਤਾ ਹੈ।
ਇਥੇ ਇਹ ਵੀ ਜ਼ਿਕਰਯੋਗ ਹੈ ਕਿ ਸੰਘਣੀ ਧੁੰਦ ਕਾਰਨ ਕਈ ਭਿਆਨਕ ਹਾਦਸੇ ਵਾਪਰ ਚੁੱਕੇ ਹਨ, ਜਿਨ੍ਹਾਂ ਵਿਚੋਂ ਦੋ ਦਿਨ ਪਹਿਲਾਂ ਵਾਪਰੇ ਪਿੰਡ ਚਾਚੋਕੀ 'ਚ ਹਾਦਸੇ ਦੌਰਾਨ ਲੜਕੇ-ਲੜਕੀ ਦੀ ਮੌਤ ਸ਼ਾਇਦ ਹੀ ਕਿਸੇ ਨੂੰ ਭੁੱਲੀ ਹੋਵੇ ਪਰ ਪੁਲਸ ਪ੍ਰਸ਼ਾਸਨ ਪਤਾ ਨਹੀਂ ਕਿਸ ਗੱਲ ਦੀ ਉਡੀਕ ਕਰ ਰਿਹਾ ਹੈ। 
ਓਵਰਲੋਡਿਡ ਵਾਹਨਾਂ ਨੂੰ ਕਿਉਂ ਨਹੀਂ ਰੋਕਿਆ ਜਾਂਦਾ?
ਉਕਤ ਮਸਲੇ ਨੂੰ ਦੇਖਦਿਆਂ ਲੋਕਾਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਓਵਰਲੋਡਿਡ ਵਾਹਨ ਚਾਲਕਾਂ ਖਾਸ ਤੌਰ 'ਤੇ ਤੂੜੀ ਵਾਲੇ ਟਰੱਕਾਂ ਅਤੇ ਕਮਾਦ ਦੀਆਂ ਟਰਾਲੀਆਂ, ਓਵਰਲੋਡਿਡ ਰੇਤਾ ਆਦਿ ਵਾਹਨ ਚਾਲਕਾਂ 'ਤੇ ਵੀ ਨੱਥ ਕੱਸੀ ਜਾਵੇ ਤਾਂ ਜੋ ਹਾਦਸਿਆਂ 'ਤੇ ਰੋਕ ਲਾਈ ਜਾ ਸਕੇ ਪਰ ਪਤਾ ਨਹੀਂ ਕਿਉਂ ਪੁਲਸ ਪ੍ਰਸ਼ਾਸਨ ਅੱਖਾਂ ਬੰਦ ਕਰ ਕੇ ਬੈਠਾ ਹੈ?
ਬਾਜ਼ਾਰਾਂ 'ਚ ਹੈਵੀ ਵਾਹਨਾਂ ਦੀ ਐਂਟਰੀ
ਰੋਜ਼ ਦੇਖਣ ਨੂੰ ਮਿਲ ਰਿਹਾ ਹੈ ਕਿ ਸੰਘਣੀ ਆਬਾਦੀ ਅਤੇ ਬਾਜ਼ਾਰਾਂ ਵਿਚ ਟਰੱਕ ਬਿਨਾ ਖੌਫ ਦਾਖਲ ਹੋ ਰਹੇ ਹਨ ਅਤੇ ਲੋਕਾਂ ਦੀ ਜਾਨ-ਮਾਲ ਨਾਲ ਖਿਲਵਾੜ ਕਰ ਰਹੇ ਹਨ, ਜਿਸ ਵਿਚ ਗਾਂਧੀ ਚੌਕ ਤੋਂ ਮੰਡੀ ਵੱਲ ਜਾਂਦਾ ਰਸਤਾ ਅਤੇ ਜੇ. ਸੀ. ਟੀ. ਮਿੱਲ ਵਾਲੀ ਰੇਲਵੇ ਕਰਾਸਿੰਗ ਦਾ ਰਸਤਾ ਸ਼ਾਮਿਲ ਹੈ। ਪ੍ਰਸ਼ਾਸਨ ਦੱਸੇ ਅਜਿਹੇ ਓਵਰਲੋਡਿਡ ਵਾਹਨ ਚਾਲਕਾਂ ਦੀ ਮਨਮਾਨੀ ਨੂੰ ਕੌਣ ਰੋਕੇਗਾ?
ਇੰਝ ਕਰੋ ਬਚਾਅ
ਚਾਲਕਾਂ ਨੂੰ ਆਪਣੇ ਵਾਹਨਾਂ 'ਚ ਪੀਲੀ ਲਾਈਟ, ਇੰਡੀਕੇਟਰ ਅਤੇ ਰਿਫਲੈਕਟਰ ਲਾਉਣੇ ਚਾਹੀਦੇ ਹਨ। ਸੜਕ ਪਾਰ ਕਰਨ ਵੇਲੇ ਕਾਹਲੀ ਨਾ ਕੀਤੀ ਜਾਵੇ, ਜਿਥੋਂ ਤੱਕ ਹੋ ਸਕੇ ਸੰਘਣੀ ਧੁੰਦ ਵਿਚ ਸਫਰ ਕਰਨ ਤੋਂ ਪ੍ਰਹੇਜ਼ ਕਰੋ।
ਕੀ ਕਹਿੰਦੇ ਟ੍ਰੈਫਿਕ ਇੰਚਾਰਜ 
ਇਸ ਸਬੰਧੀ ਟ੍ਰੈਫਿਕ ਇੰਚਾਰਜ ਸੁੱਚਾ ਸਿੰਘ ਨੇ ਦੱਸਿਆ ਕਿ ਓਵਰਲੋਡਿਡ ਵਾਹਨਾਂ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਤੇ ਅੱਗੇ ਵੀ ਕੀਤੀ ਜਾਵੇਗੀ।