ਬੇਅਦਬੀ ਤੇ ਡਰੱਗਸ ਮਾਮਲੇ ’ਚ ਜਾਂਚ ਅੱਗੇ ਵਧੀ, ਇਕ ਮਹੀਨੇ ’ਚ ਕੁਝ ਨਾ ਕੁੱਝ ਨਤੀਜੇ ਸਾਹਮਣੇ ਹੋਣਗੇ : ਰੰਧਾਵਾ

12/04/2021 11:21:59 PM

ਜਲੰਧਰ(ਧਵਨ)- ਪੰਜਾਬ ਦੇ ਉਪ-ਮੁੱਖ ਮੰਤਰੀ (ਗ੍ਰਹਿ) ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਬੇਅਦਬੀ ਅਤੇ ਡਰੱਗਸ ਦੇ ਮਾਮਲੇ ’ਚ ਜਾਂਚ ਤੇਜ਼ੀ ਨਾਲ ਅੱਗੇ ਵਧ ਰਹੀ ਹੈ ਅਤੇ ਅਗਲੇ ਇਕ ਮਹੀਨੇ ਦੌਰਾਨ ਕੁਝ ਨਾ ਕੁਝ ਚੰਗੇ ਨਤੀਜੇ ਸਾਹਮਣੇ ਆ ਸਕਦੇ ਹਨ। ਇਸ ਨੂੰ ਲੈ ਕੇ ਸਰਕਾਰ ਦੇ ਕੋਲ ਆਪਣੀ ਰਣਨੀਤੀ ਹੈ, ਜਿਸ ਦਾ ਖੁਲਾਸਾ ਜਨਤਕ ਤੌਰ ’ਤੇ ਨਹੀਂ ਕੀਤਾ ਜਾ ਸਕਦਾ ਹੈ।

ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਕਹਿੰਦੇ ਆ ਰਹੇ ਸਨ ਕਿ ਬੇਅਦਬੀ ਮਾਮਲਿਆਂ ’ਚ ਜਾਂਚ ਦਾ ਕੰਮ ਬਹੁਤ ਹੌਲੀ ਰਫਤਾਰ ਨਾਲ ਚੱਲ ਰਿਹਾ ਹੈ ਪਰ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ ਸੀ। ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਹਾਈ ਕੋਰਟ ’ਚ ਜਦੋਂ ਵੀ ਡਰੱਗਸ ਮਾਮਲੇ ਨੂੰ ਲੈ ਕੇ ਤਾਰੀਕ ਆਉਂਦੀ ਸੀ ਤਾਂ ਪੰਜਾਬ ਦਾ ਐਡਵੋਕੇਟ ਜਨਰਲ ਅਦਾਲਤ ਤੋਂ ਨਵੀਂ ਤਾਰੀਕ ਲੈ ਕੇ ਆ ਜਾਂਦਾ ਸੀ ਪਰ ਹੁਣ ਅਜਿਹਾ ਕੁਝ ਵੀ ਨਹੀਂ ਹੋ ਰਿਹਾ ਹੈ।ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਮਜ਼ਬੂਤੀ ਦੇ ਨਾਲ ਹਾਈਕੋਰਟ ’ਚ ਆਪਣਾ ਪੱਖ ਰੱਖ ਰਹੀ ਹੈ। ਉਨ੍ਹਾਂ ਕਿਹਾ ਕਿ ਹਾਈ ਕੋਰਟ ਦੀ ਪ੍ਰਕਿਰਿਆ ’ਚ ਨਾ ਤਾਂ ਗ੍ਰਹਿ ਮੰਤਰੀ ਦਖਲ ਦੇ ਸਕਦਾ ਹੈ ਤੇ ਨਾ ਹੀ ਪੰਜਾਬ ਸਰਕਾਰ। ਅਦਾਲਤ ਨੂੰ ਆਪਣਾ ਕੰਮ ਆਪਣੇ ਅਨੁਸਾਰ ਕਰਨਾ ਹੁੰਦਾ ਹੈ।

ਇਹ ਵੀ ਪੜ੍ਹੋ: ਅਕਾਲੀ ਦਲ ਵੱਲੋਂ ਪਟਿਆਲਾ 'ਚ ਪ੍ਰਦਰਸ਼ਨਕਾਰੀ ਨਰਸਾਂ ਤੇ ਸਹਾਇਕ ਸਟਾਫ ’ਤੇ ਬੇਰਹਿਮੀ ਨਾਲ ਲਾਠੀਚਾਰਜ ਕਰਨ ਦੀ ਨਿਖੇਧੀ

ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰੇਂਦਰ ਸਿੰਘ ਦੇ ਸਾਹਮਣੇ ਵੀ ਉਨ੍ਹਾਂ ਨੇ ਕਈ ਵਾਰ ਇਨ੍ਹਾਂ ਮਸਲਿਆਂ ਨੂੰ ਚੁੱਕਿਆ ਸੀ। ਇਕ ਵਾਰ ਤਾਂ ਉਨ੍ਹਾਂ ਨੇ ਮੰਤਰੀ ਅਹੁਦੇ ਤੋਂ ਅਸਤੀਫਾ ਵੀ ਦੇ ਦਿੱਤਾ ਸੀ। ਉਨ੍ਹਾਂ ਕਿਹਾ ਕਿ ਜੇਕਰ ਮੌਜੂਦਾ ਸਰਕਾਰ ਨੂੰ ਕੰਮ ਕਰਨ ਲਈ ਡੇਢ ਸਾਲਾਂ ਦਾ ਸਮਾਂ ਮਿਲ ਜਾਂਦਾ ਤਾਂ ਸਾਰੇ ਦੋਸ਼ੀ ਜੇਲ ਦੀਆਂ ਸਲਾਖਾਂ ਦੇ ਪਿੱਛੇ ਹੁੰਦੇ।

ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਅਕਾਲੀ ਦਲ ਲੀਡਰਸ਼ਿਪ ਵੱਲੋਂ ਇਹ ਦੋਸ਼ ਲਾਏ ਜਾ ਰਹੇ ਹਨ ਕਿ ਵਿਕਰਮ ਮਜੀਠੀਆ ਨੂੰ ਝੂਠੇ ਕੇਸ ’ਚ ਫਸਾਇਆ ਜਾ ਸਕਦਾ ਹੈ ਤਾਂ ਗ੍ਰਹਿ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਬਿਨਾਂ ਕਿਸੇ ਈਰਖਾ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਇੰਨਾ ਭੈਅ-ਭੀਤ ਹੋਣ ਦੀ ਜ਼ਰੂਰਤ ਕਿਉਂ ਪੈ ਗਈ ਹੈ ?

ਰੰਧਾਵਾ ਤੋਂ ਜਦੋਂ ਪੁੱਛਿਆ ਗਿਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਕ ਦਿਨ ਕੋਈ ਮਹੱਤਵਪੂਰਣ ਐਲਾਨ ਕਰਦੇ ਹਨ ਤਾਂ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਉਸ ਦੇ ਉਲਟ ਬਿਆਨ ਦੇ ਦਿੰਦੇ ਹਨ, ਤਾਂ ਉਪ-ਮੁੱਖ ਮੰਤਰੀ ਨੇ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ। ਦੋਵੇਂ ਇਕੱਠੇ ਹੀ ਬੈਠੇ ਹੁੰਦੇ ਹਨ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਸਿੱਧੂ ਨੇ ਇਹ ਦੋਸ਼ ਲਾਇਆ ਹੈ ਕਿ ਚੰਨੀ ਸਰਕਾਰ ਲੋਕਾਂ ਨੂੰ ਲਾਲੀਪਾਪ ਦੇ ਰਹੀ ਹੈ, ਤਾਂ ਰੰਧਾਵਾ ਨੇ ਕਿਹਾ ਕਿ ਸਰਕਾਰ ਕਿਸੇ ਨੂੰ ਲਾਲੀਪਾਪ ਨਹੀਂ ਦੇ ਰਹੀ ਹੈ।

ਉਨ੍ਹਾਂ ਕਿਹਾ ਕਿ ਜੇਕਰ ਲੋਕਾਂ ਨੂੰ ਹੁਣ ਬਿਜਲੀ ਬਿਲ ਘੱਟ ਦਰਾਂ ’ਤੇ ਮਿਲ ਰਹੀ ਤਾਂ ਕੀ ਇਹ ਲਾਲੀਪਾਪ ਹੈ ? ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ’ਚ 6700 ਡਿਫਾਲਟਰ ਸਨ ਪਰ ਹੁਣ ਉਨ੍ਹਾਂ ਦੇ ਬਿਜਲੀ ਦੇ ਮੀਟਰ ਫਿਰ ਤੋਂ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਚੰਨੀ ਸਰਕਾਰ ਨੇ ਜੇਕਰ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ 520 ਕਰੋੜ ਦਾ ਰਾਹਤ ਪੈਕੇਜ ਦਿੱਤਾ ਤਾਂ ਇਸ ਨੂੰ ਲਾਲੀਪਾਪ ਨਹੀਂ ਕਿਹਾ ਜਾ ਸਕਦਾ ਹੈ।

ਇਹ ਵੀ ਪੜ੍ਹੋ: ਬਹੁ-ਕਰੋੜੀ ਸਹਾਇਕ ਪ੍ਰੋਫੈਸਰ ਘੁਟਾਲੇ 'ਚ ਸਿੱਖਿਆ ਮੰਤਰੀ ਪਰਗਟ ਸਿੰਘ ਦੇਣ ਅਸਤੀਫਾ : ਸੁਖਬੀਰ ਬਾਦਲ

ਕੈਪਟਨ ਅਮਰਿੰਦਰ ਸਿੰਘ ਬਾਰੇ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਦਾ ਕੱਦ ਕਾਫ਼ੀ ਵੱਡਾ ਹੈ ਅਤੇ ਉਨ੍ਹਾਂ ਨੂੰ ਆਪਣਾ ਕੱਦ ਸੰਭਾਲ ਕੇ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਦੀ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਉਹ ਪੁਲਸ ਨੂੰ ਲੈ ਕੇ ਕਾਫ਼ੀ ਗੰਭੀਰ ਹੈ ਅਤੇ ਪੁਲਸ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾ ਰਹੀ ਹੈ।
ਮੈਂ ਕਿਸੇ ਨੂੰ ਵੀ ਸਲਾਹ ਦੇ ਕੇ ਖੁਸ਼ ਨਹੀਂ ਹੁੰਦਾ : ਰੰਧਾਵਾ
ਰੰਧਾਵਾ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਵੀ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਹਨ। ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਜਨਤਾ ਦੀ ਆਵਾਜ਼ ਸਰਕਾਰ ਤੱਕ ਪਹੁੰਚਾਏ। ਉਨ੍ਹਾਂ ਕਿਹਾ ਕਿ ਸੂਬਾ ਪ੍ਰਧਾਨ ਜੋ ਵੀ ਕਹਿਣਗੇ, ਉਨ੍ਹਾਂ ’ਤੇ ਅਮਲ ਸਰਕਾਰ ਕਰਦੀ ਹੈ।
ਰੰਧਾਵਾ ਨੇ ਕਿਹਾ ਕਿ ਉਹ ਹਾਈ-ਪ੍ਰੋਫਾਈਲ ਰਾਜਨੇਤਾ ਨਹੀਂ ਹਨ, ਸਗੋਂ ਹੇਠਲੇ ਪੱਧਰ ’ਤੇ ਰਹਿ ਕਰ ਰਾਜਨੀਤੀ ਕਰਦੇ ਆ ਰਹੇ ਹਨ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਚੰਨੀ ਅਤੇ ਸਿੱਧੂ ਨੂੰ ਕਿਸੇ ਪ੍ਰਕਾਰ ਦੀ ਸੁਲਾਹ ਨੂੰ ਲੈ ਕੇ ਸਲਾਹ ਦੇਣਗੇ, ਤਾਂ ਉਨ੍ਹਾਂ ਕਿਹਾ ਕਿ ਉਹ ਸਲਾਹ ਦੇ ਕੇ ਖੁਸ਼ ਨਹੀਂ ਹੁੰਦੇ ਹਨ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Bharat Thapa

This news is Content Editor Bharat Thapa