ਜਲੰਧਰ ਜ਼ਿਮਨੀ ਚੋਣ ਲਈ ਸੁਸ਼ੀਲ ਰਿੰਕੂ ਨੂੰ ਹੀ ਕਿਉਂ ਬਣਾਇਆ ਉਮੀਦਵਾਰ, ਜਾਣੋ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਤੋਂ

04/29/2023 12:00:25 AM

ਜਲੰਧਰ (ਰਮਨਦੀਪ ਸਿੰਘ ਸੋਢੀ, ਸੋਮਨਾਥ) : ਲੋਕ ਸਭਾ ਹਲਕਾ ਜਲੰਧਰ ਲਈ ਹੋ ਰਹੀ ਜ਼ਿਮਨੀ ਚੋਣ ਨੂੰ ਲੈ ਕੇ ਹਰ ਸਿਆਸੀ ਪਾਰਟੀ ਵੱਲੋਂ ਆਪੋ-ਆਪਣੇ ਉਮੀਦਵਾਰ ਦੀ ਜਿੱਤ ਯਕੀਨੀ ਬਣਾਉਣ ਲਈ ਜ਼ੋਰ ਲਾਇਆ ਜਾ ਰਿਹਾ ਹੈ। ਗੱਲ ਭਾਵੇਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਹੋਵੇ ਜਾਂ ਕਾਂਗਰਸ, ਭਾਜਪਾ ਜਾਂ ਫਿਰ ਅਕਾਲੀ ਦਲ-ਬਸਪਾ ਗਠਜੋੜ ਦੇ ਉਮੀਦਵਾਰ ਦੀ, ਆਮ ਆਦਮੀ ਪਾਰਟੀ ਲਈ ਇਸ ਸੀਟ ’ਤੇ ਚੋਣ ਜਿੱਤਣੀ ਇਸ ਲਈ ਵੀ ਵੱਕਾਰ ਦਾ ਸਵਾਲ ਬਣੀ ਹੋਈ ਹੈ ਕਿਉਂਕਿ ਆਮ ਆਦਮੀ ਪਾਰਟੀ ਪੰਜਾਬ ’ਚ ਸੱਤਾਧਾਰੀ ਪਾਰਟੀ ਹੈ ਅਤੇ ਪੰਜਾਬ ’ਚ ਸੱਤਾ ’ਚ ਆਉਣ ਤੋਂ ਬਾਅਦ ਉਹ ਇਕ ਜ਼ਿਮਨੀ ਚੋਣ ਹਾਰ ਚੁੱਕੀ ਹੈ। ਜੇ ਉਹ ਜਲੰਧਰ ਲੋਕ ਸਭਾ ਦੀ ਉਪ ਚੋਣ ਹਾਰ ਜਾਂਦੀ ਹੈ ਤਾਂ 2024 ਦਾ ਚੋਣ ਮੈਦਾਨ ਜਿੱਤਣਾ ਪਾਰਟੀ ਲਈ ਬਹੁਤ ਮੁਸ਼ਕਿਲ ਹੋ ਜਾਵੇਗਾ। ਇਹੀ ਕਾਰਨ ਹੈ ਕਿ ਆਮ ਆਦਮੀ ਪਾਰਟੀ ਦਾ ਹਰੇਕ ਵਿਧਾਇਕ ਤੇ ਮੰਤਰੀ ਇਸ ਚੋਣ ਨੂੰ ਜਿੱਤਣ ਲਈ ਜਲੰਧਰ ਵਿਚ ਚੋਣ ਪ੍ਰਚਾਰ 'ਚ ਜੁਟਿਆ ਹੋਇਆ ਹੈ। 

ਇਹ ਵੀ ਪੜ੍ਹੋ : ਕਾਂਗਰਸ ਨੂੰ ਵੱਡਾ ਝਟਕਾ, ਇਸ ਸਾਬਕਾ ਮੰਤਰੀ ਦਾ ਭਤੀਜਾ 'ਆਪ' 'ਚ ਸ਼ਾਮਲ

ਇਸੇ ਸਿਲਸਿਲੇ ’ਚ ਜਲੰਧਰ ਆਏ ਆਮ ਆਦਮੀ ਪਾਰਟੀ ਦੀ ਸਰਕਾਰ ’ਚ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ’ਚ ‘ਆਪ’ ਦੀ ਜਿੱਤ ਪ੍ਰਤੀ ਆਸਵੰਦ ਨਜ਼ਰ ਆਏ। ਉਨ੍ਹਾਂ ਕਿਹਾ ਕਿ ਸੁਸ਼ੀਲ ਰਿੰਕੂ ਦੀ ਜਿੱਤ ਪੰਜਾਬ ਦੀ ਸਿਆਸਤ ਨੂੰ ਨਵੀਂ ਦਿਸ਼ਾ ਦੇਵੇਗੀ।

ਯੋਜਨਾਵਾਂ ਦਾ ਲਾਭ ਮਿਲਣ ਨਾਲ ਲੋਕਾਂ ਦਾ ਆਮ ਆਦਮੀ ਪਾਰਟੀ ’ਚ ਵਿਸ਼ਵਾਸ ਵਧਿਆ ਹੈ

ਜਲੰਧਰ ’ਚ ਉਪ ਚੋਣ ਸਬੰਧੀ ਪਾਰਟੀ ਦੀ ਸਥਿਤੀ ਕੀ ਹੈ? ਇਸ ’ਤੇ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੀ ਇਕ ਸਾਲ ਦੀ ਕਾਰਗੁਜ਼ਾਰੀ ’ਤੇ ਲੋਕ ਯਕੀਨ ਕਰ ਰਹੇ ਹਨ ਕਿਉਂਕਿ ਲੋਕਾਂ ਨੇ ਤਬਦੀਲੀ ਲਈ ਵੋਟ ਪਾਈ ਸੀ ਅਤੇ ਲੋਕਾਂ ਨੂੰ ਤਬਦੀਲੀ ਨਜ਼ਰ ਵੀ ਆਈ ਹੈ। ਆਪਣੇ ਚੋਣ ਮੈਨੀਫੈਸਟੋ ’ਚ ਭਗਵੰਤ ਮਾਨ ਨੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੁੱਦੇ ’ਤੇ ਕਿਹਾ ਸੀ ਕਿ ‘ਆਪ’ ਦੀ ਸਰਕਾਰ ਬਣਨ ’ਤੇ ਕੈਬਨਿਟ ਦੀ ਪਹਿਲੀ ਬੈਠਕ ’ਚ ਰੋਜ਼ਗਾਰ ’ਤੇ ਗੱਲ ਹੋਵੇਗੀ ਅਤੇ ਇਕ ਸਾਲ ਅੰਦਰ 28 ਹਜ਼ਾਰ ਤੋਂ ਵੱਧ ਨੌਕਰੀਆਂ ਦੇਣ ਦਾ ਮਤਲਬ ਹੈ ਕਿ ਮੁੱਖ ਮੰਤਰੀ ਦੇ ਚੋਣ ਮੈਨੀਫੈਸਟੋ ਵਿਚ ਕੀਤੇ ਗਏ ਵਾਅਦੇ ’ਤੇ ਕੰਮ ਹੋਇਆ ਹੈ। ਤੁਸੀਂ ਕਿਸੇ ਵੀ ਪਾਰਟੀ ਦੀ ਸਰਕਾਰ ਦੀ ਕਾਰਗੁਜ਼ਾਰੀ ਵੇਖ ਲਵੋ, ਕੋਈ ਵੀ ਸਰਕਾਰ ਪਹਿਲੇ ਦਿਨ ਤੋਂ ਨੌਕਰੀਆਂ ’ਤੇ ਕੰਮ ਨਹੀਂ ਕਰਦੀ ਸੀ।

ਇਹ ਵੀ ਪੜ੍ਹੋ : ਅਜਮੇਰ ਤੇ ਜੋਧਪੁਰ ਤੋਂ ਬਿਆਸ ਤੇ ਮੁੰਬਈ ਤੋਂ ਮਾਤਾ ਵੈਸ਼ਣੋ ਦੇਵੀ ਲਈ ਚੱਲਣਗੀਆਂ ਸਪੈਸ਼ਨ ਟ੍ਰੇਨਾਂ

ਇਸ ਤੋਂ ਬਾਅਦ 300 ਯੂਨਿਟ ਬਿਜਲੀ ਅਤੇ ਮੁਹੱਲਾ ਕਲੀਨਿਕ ਦੇ ਵਾਅਦੇ ’ਤੇ ਵੀ ਸਰਕਾਰ ਖਰੀ ਉਤਰੀ ਹੈ। ਮੁਫਤ ਬਿਜਲੀ ਦੇਣ ਦੇ ਨਾਲ-ਨਾਲ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਕਮਜ਼ੋਰ ਵਰਗ ਦੇ ਲੋਕ ਇਨ੍ਹਾਂ ਸਹੂਲਤਾਂ ਦਾ ਲਾਭ ਲੈ ਰਹੇ ਹਨ। ਲੋਕਾਂ ਦਾ ਵਿਸ਼ਵਾਸ ਆਮ ਆਦਮੀ ਪਾਰਟੀ ਵਿਚ ਵਧਿਆ ਹੈ, ਜਿਸ ਦਾ ਇਸ ਚੋਣ ਵਿਚ ਪਾਰਟੀ ਨੂੰ ਜ਼ਰੂਰ ਲਾਭ ਮਿਲੇਗਾ।

ਕੀ ਕਾਂਗਰਸ ਖੁਦ ਨੂੰ ਬਦਲਣਾ ਨਹੀਂ ਚਾਹੁੰਦੀ?

ਆਮ ਆਦਮੀ ਪਾਰਟੀ ਦਾ ਕਹਿਣਾ ਸੀ ਕਿ ਜਿਹੜਾ ਵਿਅਕਤੀ ਪਾਰਟੀ ਲਈ ਦਿਨ-ਰਾਤ ਇਕ ਕਰਦਾ ਹੈ ਅਤੇ ਜਿਹੜਾ ਵਿਅਕਤੀ ਪਾਰਟੀ ਦੇ ਪੋਸਟਰ ਲਾਉਂਦਾ ਹੈ, ਪਾਰਟੀ ਉਸ ਨੂੰ ਟਿਕਟ ਦੇਵੇਗੀ। ਫਿਰ ਆਮ ਆਦਮੀ ਪਾਰਟੀ ਕੋਲ ਉਮੀਦਵਾਰਾਂ ਦੀ ਕਮੀ ਕਿੱਥੋਂ ਪੈਦਾ ਹੋ ਗਈ ਕਿ ਉਸ ਨੂੰ ਕਾਂਗਰਸ ’ਚੋਂ ਉਮੀਦਵਾਰ ਲੈਣਾ ਪਿਆ? ਇਸ ’ਤੇ ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਸਵਾਲ ਕਾਂਗਰਸ ਨੂੰ ਕੀਤਾ ਜਾਣਾ ਚਾਹੀਦਾ ਹੈ ਕਿ ਕੀ ਕਾਂਗਰਸ ਕੋਲ ਪਰਿਵਾਰ ਤੋਂ ਬਾਹਰ ਕੋਈ ਉਮੀਦਵਾਰ ਨਹੀਂ ਸੀ? ਕੀ ਕਾਂਗਰਸ ਖੁਦ ਨੂੰ ਬਦਲਣਾ ਨਹੀਂ ਚਾਹੁੰਦੀ ਸੀ? ਕੀ ਕਾਂਗਰਸ ਨੂੰ ਲੱਗਦਾ ਹੈ ਕਿ ਕੱਲ ਜਿੰਪਾ ਨਾ ਰਹਿਣ ਤਾਂ ਉਨ੍ਹਾਂ ਦੇ ਪਰਿਵਾਰ ਨੂੰ ਟਿਕਟ ਦੇਣੀ ਜ਼ਰੂਰੀ ਹੈ?

ਸੁਸ਼ੀਲ ਰਿੰਕੂ ਖੁਦ ਐੱਮ. ਐੱਲ. ਏ. ਰਹੇ ਅਤੇ ਉਨ੍ਹਾਂ ਦੀ ਪਤਨੀ ਕੌਂਸਲਰ ਰਹੀ। ਉਹ ਮਹਿਸੂਸ ਕਰਦੇ ਸਨ ਕਿ ਉਨ੍ਹਾਂ ਨੂੰ ਕਾਂਗਰਸ ’ਚ ਕੁਝ ਵੀ ਕਰਨ ਦਾ ਮੌਕਾ ਨਹੀਂ ਮਿਲਿਆ। ਉਹ ਸੰਸਦ ’ਚ ਜਾ ਕੇ ਪੰਜਾਬ ਲਈ ਬਹੁਤ ਕੰਮ ਕਰ ਸਕਦੇ ਹਨ ਅਤੇ ਪੰਜਾਬ ਲਈ ਕੇਂਦਰ ਤੋਂ ਬਹੁਤ ਕੁਝ ਲਿਆ ਸਕਦੇ ਹਨ।

ਇੰਡਸਟਰੀ ਲਈ ਬਹੁਤ ਕੁਝ ਕਰਨਾ ਸਰਕਾਰ ਦਾ ਆਪਣਾ ਵਾਅਦਾ ਹੈ

ਆਮ ਆਦਮੀ ਨੂੰ ਤਾਂ ਬਿਜਲੀ ਸਸਤੀ ਮਿਲ ਗਈ ਪਰ ਇੰਡਸਟਰੀ ਲਈ ਤੁਹਾਡੀ ਪਾਰਟੀ ਨੇ ਕੀ ਕੀਤਾ? ਇਸ ’ਤੇ ਜਿੰਪਾ ਨੇ ਕਿਹਾ ਕਿ ਇੰਡਸਟਰੀ ਲਈ ਸਰਕਾਰ ਦਾ ਪਹਿਲਾ ਸਾਲ ਸੀ। ਸਰਕਾਰ ਨੇ ਕੁਝ ਬਹੁਤ ਵਧੀਆ ਫੈਸਲੇ ਲਏ ਹਨ। ਇਨ੍ਹਾਂ ਵਿਚ ਇਕ ਫੈਸਲਾ ਜੀ. ਐੱਸ. ਟੀ. ਸਬੰਧੀ ਵੀ ਹੈ।

ਇਹ ਵੀ ਪੜ੍ਹੋ : ਭ੍ਰਿਸ਼ਟਾਚਾਰ ਖ਼ਿਲਾਫ਼ ਵਿਜੀਲੈਂਸ ਦੀ ਕਾਰਵਾਈ, ਵਣ ਰੱਖਿਅਕ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਸਨਅਤਕਾਰਾਂ ਨੂੰ ਸੜਕਾਂ ਅਤੇ ਇਨਫ੍ਰਾਸਟਰਕਚਰ ਵਰਗੀਆਂ ਕਾਫੀ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ। ਸਰਕਾਰ ਨੇ ਇਸ ’ਤੇ ਕੰਮ ਕੀਤਾ ਹੈ। ਸਰਕਾਰ ਨੂੰ ਸੱਤਾ ’ਚ ਆਇਆਂ ਅਜੇ ਇਕ ਸਾਲ ਹੀ ਹੋਇਆ ਹੈ, ਇਸ ਲਈ ਹੋਰ ਬਿਹਤਰ ਕਾਰਗੁਜ਼ਾਰੀ ਲਈ ਸਮਾਂ ਚਾਹੀਦਾ ਹੈ। ਇੰਡਸਟਰੀ ਦਾ ਰੋਜ਼ਗਾਰ ਨਾਲ ਬਹੁਤ ਡੂੰਘਾ ਸਬੰਧ ਹੈ। ਇਸ ਲਈ ਇੰਡਸਟਰੀ ਲਈ ਅਸੀਂ ਕਾਫੀ ਕੁਝ ਕਰਾਂਗੇ।

ਕਾਂਗਰਸ ਨੂੰ ਕੀ ਟਾਰਗੈੱਟ ਹੱਤਿਆਵਾਂ ਭੁੱਲ ਗਈਆਂ ਹਨ?

ਪੰਜਾਬ ’ਚ ਲਾਅ ਐਂਡ ਆਰਡਰ ਦੇ ਮੁੱਦੇ ’ਤੇ ਵਿਰੋਧੀ ਪਾਰਟੀਆਂ ‘ਆਪ’ ਸਰਕਾਰ ਨੂੰ ਘੇਰ ਰਹੀਆਂ ਹਨ ਕਿ ਇਨ੍ਹਾਂ ਕੋਲੋਂ ਪੰਜਾਬ ’ਚ ਕਾਨੂੰਨ ਵਿਵਸਥਾ ਸੰਭਾਲੀ ਨਹੀਂ ਜਾ ਰਹੀ। ਕਾਂਗਰਸ ਇਸ ਗੱਲ ਨੂੰ ਮੁੱਦਾ ਬਣਾ ਰਹੀ ਹੈ।

ਇਸ ’ਤੇ ਮੰਤਰੀ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ’ਚ ਲੁਧਿਆਣਾ ਵਿਚ ਜੋ ਘਟਨਾਵਾਂ ਵਾਪਰੀਆਂ, ਟਾਰਗੈੱਟ ਹੱਤਿਆਵਾਂ ਹੋਈਆਂ, ਖਾਸ ਤੌਰ ’ਤੇ ਇਕ ਭਾਈਚਾਰੇ ਦੇ ਨੇਤਾਵਾਂ ਦੀਆਂ ਹੱਤਿਆਵਾਂ, ਕੀ ਕਾਂਗਰਸ ਨੂੰ ਇਹ ਦਿਨ ਯਾਦ ਨਹੀਂ? ਕਾਂਗਰਸ ਦੇ ਉਹ ਨੇਤਾ ਜੋ ਅਜਿਹੇ ਬਿਆਨ ਦੇ ਰਹੇ ਹਨ, ਉਸ ਵੇਲੇ ਕਿੱਥੇ ਸਨ?

ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੀ ਜੋੜੀ ਸਭ ਤੋਂ ਹਰਮਨ ਪਿਆਰੀ ਜੋੜੀ

ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ ਖਿਲਾਫ ਬਿਆਨਬਾਜ਼ੀ ਕਰ ਰਹੇ ਹਨ। ਇਸ ’ਤੇ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਨਵਜੋਤ ਸਿੱਧੂ ਪਹਿਲਾਂ ਇਹ ਦੱਸਣ ਕਿ ਜਦੋਂ ਉਨ੍ਹਾਂ ਕੋਲੋਂ ਕੈਪਟਨ ਅਮਰਿੰਦਰ ਸਿੰਘ ਨੇ ਬਾਡੀਜ਼ ਵਿਭਾਗ ਵਾਪਸ ਲੈ ਲਿਆ ਸੀ ਅਤੇ ਉਨ੍ਹਾਂ ਨੂੰ ਪਾਵਰਕਾਮ ਦੇ ਦਿੱਤਾ ਸੀ, ਉਸ ਵੇਲੇ ਸਿੱਧੂ ਨੇ ਪਾਵਰਕਾਮ ਦੇ ਮੰਤਰੀ ਦਾ ਅਹੁਦਾ ਕਿਉਂ ਨਾ ਸੰਭਾਲਿਆ? ਕੀ ਇਸ ਲਈ ਕਿ ਇਹ ਚੈਲੇਂਜਿੰਗ ਜੌਬ ਸੀ ਅਤੇ ਸਿੱਧੂ ਇਸ ਜੌਬ ਤੋਂ ਭੱਜ ਗਏ?

ਮੰਤਰੀ ਨੇ ਕਿਹਾ ਕਿ ਇਹ ਚੈਲੇਂਜਿੰਗ ਜੌਬ ਸਿਰਫ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਨਿਭਾਅ ਸਕਦੀ ਹੈ ਅਤੇ ਅੱਜ ਪੰਜਾਬ ਵਾਸੀਆਂ ਨੂੰ ਹਰ ਮਹੀਨੇ 300 ਯੂਨਿਟ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ।

ਪ੍ਰਤਾਪ ਸਿੰਘ ਬਾਜਵਾ ਆਮ ਆਦਮੀ ਪਾਰਟੀ ਤੋਂ ਸਵਾਲ ਪੁੱਛਦੇ ਹਨ ਤਾਂ ਉਹ ਦੱਸਣ ਕਿ ਵਿਧਾਨ ਸਭਾ ’ਚ ਜਦੋਂ ਰਾਜਪਾਲ ਭਾਸ਼ਣ ਦਿੰਦੇ ਹਨ ਤਾਂ ਬਾਜਵਾ ਉੱਠ ਕੇ ਬਾਹਰ ਕਿਉਂ ਚਲੇ ਜਾਂਦੇ ਹਨ? ਜਿਹੜੀ ਬਹਿਸ ਕਰਨੀ ਹੁੰਦੀ ਹੈ, ਉਹ ਕਰਦੇ। ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਜੋੜੀ ਸਭ ਤੋਂ ਹਰਮਨ ਪਿਆਰੀ ਜੋੜੀ ਹੈ। ਇਹ ਜੋੜੀ ਦੇਸ਼ ਨੂੰ ਨਵੀਂ ਸੇਧ ਦੇਵੇਗੀ ਅਤੇ ਜਲੰਧਰ ਲੋਕ ਸਭਾ ਉਪ ਚੋਣ ਵਿਚ ਸੁਸ਼ੀਲ ਰਿੰਕੂ ਵੀ ਜਿੱਤ ਕੇ ਪੰਜਾਬ ਨੂੰ ਨਵੀਂ ਦਿਸ਼ਾ ਦੇਣਗੇ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Mukesh

This news is Content Editor Mukesh