ਇੰਟਰਨੈੱਟ ਸੇਵਾਵਾਂ ਬੰਦ ਹੋਣ ਨਾਲ ਫਿਰ ਤੋਂ ਮੁੜ ਪਰਤਿਆ ਪੁਰਾਣਾ ਜ਼ਮਾਨਾ, ਇੰਝ ਕਰ ਰਹੇ ਨੇ ਲੋਕ ਟਾਈਮ ਪਾਸ

Sunday, Aug 27, 2017 - 03:52 PM (IST)

ਗੜ੍ਹਸ਼ੰਕਰ(ਸ਼ੋਰੀ)—ਪੰਜਾਬ ਵਿਚ 2 ਦਿਨਾਂ ਤੋਂ ਇੰਟਰਨੈੱਟ ਸੇਵਾਵਾਂ ਬੰਦ ਹੋਣ ਦਾ ਸਭ ਤੋਂ ਵੱਡਾ ਫਾਇਦਾ ਇਹ ਹੋਇਆ ਕਿ ਇਕ ਦਹਾਕਾ ਪੁਰਾਣਾ ਜ਼ਮਾਨਾ ਨਜ਼ਰ ਆਉਣ ਲੱਗ ਗਿਆ ਹੈ। ਲੋਕ ਆਪਸ ਵਿਚ ਗੱਲਾਂ ਕਰਦੇ ਜ਼ਿਆਦਾ ਨਜ਼ਰ ਆਏ। ਇਕ ਹੀ ਬਿਲਡਿੰਗ ਅਤੇ ਮੁਹੱਲੇ ਵਿਚ ਰਹਿਣ ਵਾਲੇ ਲੋਕ ਜੋ ਸੋਸ਼ਲ ਮੀਡੀਆ ਜ਼ਰੀਏ ਗੱਲਾਂ ਕਰਦੇ ਸਨ, ਹੁਣ ਆਪਸੀ ਚਰਚਾ ਵਿਚ ਮਸ਼ਗੂਲ ਨਜ਼ਰ ਆਏ। ਸੂਚਨਾ ਪ੍ਰਦਾਨ ਕਰਨ ਵਾਲੇ ਤੇਜ਼ ਯੰਤਰ 'ਸੋਸ਼ਲ ਮੀਡੀਆ' ਦੀਆਂ ਸੇਵਾਵਾਂ ਠੱਪ ਹੋਣ ਨਾਲ ਕੁਝ ਪਲ ਤਾਂ ਲੋਕਾਂ ਨੂੰ ਇਉਂ ਲੱਗਿਆ, ਜਿਵੇਂ ਦੁਨੀਆ ਹੀ ਠਹਿਰ ਗਈ ਹੋਵੇ ਪਰ ਹੌਲੀ-ਹੌਲੀ ਪਹਿਲਾਂ ਟੀ. ਵੀ. ਫਿਰ ਆਪਸ ਵਿਚ ਗੱਲਾਂ ਕਰਕੇ ਉਹ ਸਮਾਂ ਬਤੀਤ ਕਰਨ ਲੱਗੇ ਹਨ।
ਅਖਬਾਰਾਂ ਦੇ ਸਟਾਲਾਂ 'ਤੇ ਲੱਗੀਆਂ ਰੌਣਕਾਂ : 
ਕਾਫੀ ਲੰਮੇ ਅਰਸੇ ਬਾਅਦ ਅਖਬਾਰਾਂ ਦੇ ਸਟਾਲਾਂ 'ਤੇ ਸਵੇਰ ਸਮੇਂ ਰੌਣਕ ਦੇਖਣ ਨੂੰ ਮਿਲੀ। ਗਲੀਆਂ ਵਿਚ ਜਿਉਂ ਹੀ ਹਾਕਰ ਅਖਬਾਰਾਂ ਲੈ ਕੇ ਪੁੱਜੇ ਤਾਂ ਗਾਹਕ ਤਾਂ ਜਿਵੇਂ ਬੇਸਬਰੀ ਨਾਲ ਅਖਬਾਰਾਂ ਦਾ ਹੀ ਇੰਤਜ਼ਾਰ ਕਰ ਰਹੇ ਸਨ। ਅਜਿਹਾ 80- 90 ਦੇ ਦਹਾਕੇ ਵਿਚ ਹੁੰਦਾ ਸੀ। ਜਿਉਂ ਹੀ ਅਖਬਾਰ ਪੁੱਜੇ ਤਾਂ ਲੋਕ ਅਖਬਾਰ ਪੜ੍ਹਨ  ਵਿਚ ਰੁੱਝੇ ਦੇਖੇ ਗਏ।


Related News