ਈ.ਸੀ.ਐਚ.ਐਸ.ਪੋਲੀਕਲੀਨਿਕ ਵਿਖੇ ਮਨਾਇਆ ਅੰਤਰਰਾਸ਼ਟਰੀ ਯੋਗਾ ਦਿਵਸ

06/21/2018 7:47:54 PM

ਮਾਨਸਾ (ਸੰਦੀਪ ਮਿੱਤਲ)- ਸਾਈਕਲ ਗਰੁੱਪ ਵਲੋਂ ਈ.ਸੀ.ਐਚ.ਐਸ.ਪੋਲੀਕਲੀਨਿਕ ਆਫਿਸ ਇੰਚਾਰਜ ਮੇਜਰ ਅਸ਼ੋਕ ਕੁਮਾਰ ਬੱਗਾ ਦੀ ਪ੍ਰਧਾਨਗੀ ਹੇਠ ਯੋਗ ਦਿਵਸ ਮਨਾਇਆ ਗਿਆ। ਇਸ ਮੌਕੇ ਸਮਾਜ ਸੇਵੀ ਸੰਜੀਵ ਪਿੰਕਾ ਨੇ ਦੱਸਿਆ ਕਿ ਸਾਈਕਲ ਗਰੁੱਪ ਵਲੋਂ ਡਾ. ਤੇਜਿੰਦਰਪਾਲ ਸਿੰਘ ਰੇਖੀ, ਡੀ.ਐਸ.ਪੀ.ਬਹਾਦਰ ਸਿੰਘ ਰਾਓ ਅਤੇ ਡਾ. ਜਨਕ ਰਾਜ ਸਿੰਗਲਾ ਦੀ ਅਗਵਾਈ ਹੇਠ ਗਰੁੱਪ ਮੈਂਬਰਾਂ ਨੇ ਅੱਜ ਕਰੀਬ 40 ਕਿਲੋਮੀਟਰ ਸਾਈਕਲਿੰਗ ਕਰਨ ਉਪਰੰਤ ਈ.ਸੀ.ਐਚ.ਐਸ.ਪੋਲੀਕਲੀਨਿਕ ਮਾਨਸਾ ਵਿਖੇ ਯੋਗਾ ਕੀਤਾ। ਯੋਗ ਟਰੇਨਰ ਸਮੀਪ ਕੁਮਾਰ ਸੇਮਾ ਨੇ ਕਿਹਾ ਕਿ ਯੋਗਾ ਇਕ ਵਿਗਿਆਨ ਹੈ। ਭਾਰਤ ਦੇ ਲੋਕਾਂ ਨੇ ਵਿਦੇਸ਼ੀਆਂ ਪਿੱਛੇ ਲੱਗ ਕੇ ਪਹਿਲਾਂ ਯੋਗ ਨੂੰ ਯੋਗਾ ਕਹਿਣਾ ਸ਼ੁਰੂ ਕੀਤਾ। ਹੁਣ ਆਸਨਾਂ ਨੂੰ ਆਮ ਕਸਰਤ ਦੀ ਤਰ੍ਹਾਂ ਸ਼ੁਰੂ ਕਰਕੇ ਉਨ੍ਹਾਂ ਨੂੰ ਐਕਸਰਸਾਈਜ਼ ਵਿਚ ਤਬਦੀਲ ਕਰ ਦਿੱਤਾ। ਉਨ੍ਹਾਂ ਕਿਹਾ ਕਿ ਯੋਗ ਆਸਨ ਤੇ ਪ੍ਰਾਣਾਯਾਮ ਸਾਡੀਆਂ ਰਕਤ ਨਾਲੀਆਂ ਨੂੰ ਸ਼ੁੱਧ ਕਰਦਾ ਹੈ, ਫੇਫੜੇ ਖੁੱਲ੍ਹ ਜਾਂਦੇ ਹਨ। ਮਾਸਪੇਸ਼ੀਆਂ ਵਿਚ ਲਚਕ ਆ ਜਾਂਦੀ ਹੈ। ਇਨ੍ਹਾਂ ਦੇ ਫੈਲਣ ਤੇ ਸੁੰਗੜਨ ਦੀ ਸ਼ਕਤੀ ਵਧ ਜਾਂਦੀ ਹੈ ਅਤੇ ਜ਼ਿਆਦਾ ਆਕਸੀਜਨ ਲੈਣ ਦੀ ਸਮਰੱਥਾ ਵਧ ਜਾਂਦੀ ਹੈ ਅਤੇ ਸਰੀਰ ਦੇ ਵਿਕਾਰ ਨੂੰ ਜਲਾ ਕੇ ਕਾਰਬਨ ਡਾਈਆਕਸਾਇਡ ਗੈਸ ਦੇ ਰੂਪ ਵਿਚ ਬਾਹਰ ਕਰ ਦਿੰਦੀ ਹੈ।
ਡਾ. ਤੇਜਿੰਦਰਪਾਲ ਸਿੰਘ ਰੇਖੀ ਅਤੇ ਡਾ. ਜਨਕ ਰਾਜ ਸਿੰਗਲਾ ਨੇ ਸਿਹਤ ਪ੍ਰਤੀ ਜਾਗਰੁਕ ਕਰਦਿਆਂ ਕਿਹਾ ਕਿ ਹਰੇਕ ਇਨਸਾਨ ਨੂੰ ਕੁੱਝ ਸਮਾਂ ਸਰੀਰਕ ਕਸਰਤ ਲਈ ਜਰੂਰ ਕਰਨੀ  ਚਾਹੀਦੀ ਹੈ। ਫੇਫੜਿਆਂ ਵਿਚ 60 ਤੋਂ 70 ਕਰੋੜ ਸ਼ੇਕ ਹਨ। ਯੋਗ ਆਸਨ ਨਾਲ ਅਸੀਂ ਸਰੀਰ ਦੀ ਅੰਦਰੋਂ ਸਫਾਈ ਕਰਦੇ ਹਾਂ। ਕੁੱਝ ਪ੍ਰਾਣਾਯਾਮ ਅਜਿਹੇ ਹਨ ਜਿਨ੍ਹਾਂ ਨੂੰ ਗਲਤ ਤਰੀਕੇ ਨਾਲ ਕਰਨ ਨਾਲ ਮੋਟਾਪਾ ਘਟਨ ਦੀ ਬਜਾਏ ਵਧਦਾ ਹੈ ਅਤੇ ਪੇਟ ਵਿਚ ਗੈਸ, ਐਸੀਡਿਟੀ ਬਣਨ ਲੱਗਦੀ ਹੈ। ਯੋਗ ਨੂੰ ਸਹੀ ਵਿਧੀ ਸੰਕਲਪ ਅਤੇ ਇਕ ਸਥਾਨ ਤੇ ਕਰਨ ਨਾਲ ਸਫਲਤਾ ਮਿਲਦੀ ਹੈ। ਡੀ.ਐਸ.ਪੀ. ਬਹਾਦਰ ਸਿੰਘ ਰਾਓ ਨੇ ਕਿਹਾ ਕਿ ਸਾਇਕਲਿੰਗ ਇਕ ਵਧੀਆ ਕਸਰਤ ਹੈ। ਇਸ ਮੌਕੇ ਡਾ. ਵਰੁਣ ਮਿੱਤਲ, ਅਮਨ ਔਲਖ, ਰਮਨ ਗੁਪਤਾ, ਨਰਿੰਦਰ ਗੁਪਤਾ, ਰਾਜਵੀਰ ਮਾਨਸ਼ਾਹੀਆ, ਸੁਰਿੰਦਰ ਬਾਂਸਲ, ਟੋਨੀ ਸ਼ਰਮਾ, ਭੀਮ ਕੋਟਲੀ, ਜਰਨੈਲ ਸਿੰਘ, ਸੰਜੀਵ ਕੁਮਾਰ, ਸੁਖਚੈਨ ਸਿੰਘ ਸਮੇਤ ਮੈਂਬਰ ਹਾਜ਼ਰ ਸਨ।