101 ਸਾਲਾ ਮਨ ਕੌਰ ਨੇ ਵਾਕਥਾਨ ''ਚ ਲਿਆ ਹਿੱਸਾ

03/09/2018 7:38:12 AM

ਚੰਡੀਗੜ੍ਹ (ਬਿਊਰੋ) - 'ਅੰਤਰਰਾਸ਼ਟਰੀ ਮਹਿਲਾ ਦਿਵਸ' ਅਤੇ 'ਵਿਸ਼ਵ ਕਿਡਨੀ ਦਿਵਸ' ਮੌਕੇ ਸਿਹਤ ਜਾਗਰੂਕਤਾ ਲਈ ਇਕ ਨਿਵੇਕਲਾ ਉਪਰਾਲਾ ਕਰਦੇ ਹੋਏ ਵਾਕਥਾਨ ਦਾ ਆਯੋਜਨ ਕੀਤਾ ਗਿਆ। ਇਸ ਵਿਚ 101 ਸਾਲ ਦੀ ਵੈਟਰਨ ਅਥਲੀਟ ਮਨ ਕੌਰ ਨੇ ਖਾਸ ਤੌਰ 'ਤੇ ਹਿੱਸਾ ਲੈਂਦੇ ਹੋਏ ਔਰਤਾਂ ਨੂੰ ਸਿਹਤ ਦੀ ਸੰਭਾਲ ਸਬੰਧੀ ਜਾਗਰੂਕ ਕੀਤਾ। ਇਸ ਤੋਂ ਇਲਾਵਾ 200 ਦੇ ਕਰੀਬ ਡਾਕਟਰਾਂ, ਸਿੱਖਿਆਂ ਸ਼ਾਸਤਰੀਆਂ ਤੇ ਸ਼ਹਿਰੀਆਂ ਨੇ ਵੀ ਹਿੱਸਾ ਲੈਂਦੇ ਹੋਏ ਇਸ ਉਪਰਾਲੇ ਨੂੰ ਸਮਰਥਨ ਦਿੱਤਾ। ਸੈਕਟਰ-9 ਤੋਂ ਸ਼ੁਰੂ ਹੋ ਕੇ ਰਾਕ ਗਾਰਡਨ ਤੋਂ ਹੁੰਦੇ ਹੋਏ ਇਹ ਸੁਖਨਾ ਝੀਲ 'ਤੇ ਜਾ ਕੇ ਸਮਾਪਤ ਹੋਈ। ਇਸ ਵਾਕਥਨ ਦੇ ਜੇਤੂ ਸਤਲੁਜ ਪਬਲਿਕ ਸਕੂਲ ਦੇ ਪ੍ਰਿੰਸੀਪਲ ਗੁਰ ਕੇ ਸਰਾਏ ਰਹੇ।ਸੁਖਨਾ ਝੀਲ 'ਤੇ ਕਰਵਾਏ ਗਏ ਸਮਾਪਤੀ ਸਮਾਰੋਹ ਵਿਚ ਅਥਲੀਟ ਮਨ ਕੌਰ ਨੇ 'ਅੰਤਰਰਾਸ਼ਟਰੀ ਮਹਿਲਾ ਦਿਵਸ' ਮੌਕੇ ਸਭ ਔਰਤਾਂ ਨੂੰ ਵਧਾਈ ਦਿੰਦੇ ਹੋਏ ਆਪਣੀ ਸਿਹਤ ਸਬੰਧੀ ਜਾਗਰੂਕ ਹੋਣ ਦੀ ਪ੍ਰੇਰਨਾ ਦਿੰਦਿਆਂ ਕਿਹਾ ਕਿ ਸਾਡੀ ਰੋਜ਼ਾਨਾ ਜੀਵਨ ਦੀ ਖ਼ੁਰਾਕ ਤੇ ਕੀਤੀ ਜਾਣ ਵਾਲੀ ਕਸਰਤ ਨਾ ਸਿਰਫ ਸਾਨੂੰ ਸਿਹਤਮੰਦ ਜ਼ਿੰਦਗੀ ਮੁਹੱਈਆ ਕਰਦੀ ਹੈ, ਬਲਕਿ ਬੀਮਾਰੀਆਂ ਤੋਂ ਵੀ ਦੂਰ ਰਖਦੀ ਹੈ। ਉਨ੍ਹਾਂ ਕਿਹਾ ਕਿ ਸਮਾਜ ਵਿਚ ਔਰਤ ਤੇ ਮਰਦ ਬਰਾਬਰ ਦਾ ਅਧਿਕਾਰ ਰਖਦੇ ਹਨ ਪਰ ਫਿਰ ਵੀ ਭਾਰਤ ਵਿਚ ਅੱਜ ਵੀ ਔਰਤ ਨੂੰ ਮਰਦ ਤੋਂ ਹੇਠਾਂ ਮੰਨਿਆ ਜਾਂਦਾ ਹੈ, ਜੋ ਕਿ ਗਲਤ ਹੈ।
ਮਨ ਕੌਰ ਨੇ ਅਜੋਕੇ ਸਮਾਜਕ ਤਾਣੇ-ਬਾਣੇ 'ਤੇ ਸਵਾਲ ਕਰਦੇ ਹੋਏ ਕਿਹਾ ਕਿ ਅਕਸਰ ਵੇਖਿਆ ਗਿਆ ਹੈ ਕਿ ਜੇਕਰ ਮਰਦ ਨੂੰ ਕਿਡਨੀ ਦੀ ਜ਼ਰੂਰਤ ਹੁੰਦੀ ਹੈ ਤਾਂ ਉਸ ਦੀ ਪਤਨੀ ਆਪਣੀ ਕਿਡਨੀ ਦੇਣ ਨੂੰ ਤਿਆਰ ਹੁੰਦੀ ਹੈ ਪਰ ਜੇਕਰ ਔਰਤ ਨੂੰ ਕਿਡਨੀ ਦੀ ਲੋੜ ਹੁੰਦੀ ਹੈ ਤਾਂ ਉਸ ਦਾ ਪਤੀ ਕਿਡਨੀ ਦੇਣ ਤੋਂ ਆਨਾਕਾਨੀ ਕਰਦਾ ਹੈ। ਇਹੀ ਕਾਰਨ ਹੈ ਕਿ ਅੱਜ ਕਿਡਨੀ ਦਾਨ ਵਿਚ ਮਿਲਣ ਦੀ ਉਡੀਕ ਵਿਚ ਪੀੜਤ ਔਰਤਾਂ ਦੀ ਗਿਣਤੀ ਮਰਦਾਂ ਤੋਂ ਕਿਤੇ ਵੱਧ ਹੈ।