ਪੈਰਾ ਬੈਡਮਿੰਟਨ ਅੰਤਰਰਾਸ਼ਟਰੀ ਖਿਡਾਰੀ ਸੰਜੀਵ ਕੁਮਾਰ ਨੇ ਭੁੱਖ ਹੜਤਾਲ ਕੀਤੀ ਮੁਲਤਵੀ

Sunday, Nov 11, 2018 - 03:10 PM (IST)

ਪੈਰਾ ਬੈਡਮਿੰਟਨ ਅੰਤਰਰਾਸ਼ਟਰੀ ਖਿਡਾਰੀ ਸੰਜੀਵ ਕੁਮਾਰ ਨੇ ਭੁੱਖ ਹੜਤਾਲ ਕੀਤੀ ਮੁਲਤਵੀ

ਅਬੋਹਰ (ਸੁਨੀਲ) – ਪੈਰਾ ਬੈਡਮਿੰਟਨ ਅੰਤਰਰਾਸ਼ਟਰੀ ਖਿਡਾਰੀ ਸੰਜੀਵ ਕੁਮਾਰ ਨੇ 12 ਨਵੰਬਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਵਾਸ ਸਥਾਨ ਅੱਗੇ ਪਰਿਵਾਰ ਸਣੇ ਭੁੱਖ ਹੜਤਾਲ 'ਤੇ ਬੈਠਣ ਦਾ ਐਲਾਨ ਕੀਤਾ ਸੀ ਪਰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਭਰੋਸਾ ਦੇਣ 'ਤੇ ਉਸ ਨੇ ਭੁੱਖ ਹੜਤਾਲ ਇਕ ਮਹੀਨੇ ਲਈ ਮੁਲਤਵੀ ਕਰ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਸੰਜੀਵ ਕੁਮਾਰ ਅਬੋਹਰ-ਸ੍ਰੀ ਗੰਗਾਨਗਰ ਰੋਡ 'ਤੇ ਉਪਮੰਡਲ ਦੀ ਉਪ ਤਹਿਸੀਲ ਖੂਈਆਂ ਸਰਵਰ ਹੇਠ ਆਉਂਦੇ ਪਿੰਡ ਤੇਲੁਪੁਰਾ ਦਾ ਰਹਿਣ ਵਾਲਾ ਹੈ। ਬੀਤੇ ਦਿਨੀਂ ਸੰਜੀਵ ਕੁਮਾਰ ਦੇ ਭੁੱਖ ਹੜਤਾਲ 'ਤੇ ਬੈਠਣ ਦੀ ਖਬਰ 'ਤੇ ਨੋਟਿਸ ਲੈਂਦੇ ਹੋਏ ਯੂਥ ਕਾਂਗਰਸ ਦੇ ਸਾਬਕਾ ਜ਼ਿਲਾ ਪ੍ਰਧਾਨ ਸੰਦੀਪ ਜਾਖੜ ਨੇ ਪੈਰਾ ਉਲੰਪਿਕ ਖਿਡਾਰੀ ਸੰਜੀਵ ਕੁਮਾਰ ਦੇ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਉਸ ਨਾਲ ਗੱਲਬਾਤ ਕਰਕੇ ਇਕ ਮਹੀਨੇ ਦੇ ਅੰਦਰ-ਅੰਦਰ ਉਸ ਦਾ ਮਸਲਾ ਹਲ ਕਰਵਾਉਣ ਦਾ ਭਰੋਸਾ ਦਿੱਤਾ। ਜ਼ਿਕਰਯੋਗ ਹੈ ਕਿ ਸੰਜੀਵ ਕੁਮਾਰ ਹੁਣ ਤੱਕ ਰਾਸ਼ਟਰੀ ਤੇ ਅੰਤਰਰਾਸ਼ਟਰੀ ਮੁਕਾਬਲਿਆਂ 'ਚ 23 ਸੋਨੇ ਦੇ ਤਮਗੇ, 6 ਚਾਂਦੀ ਦੇ ਤਮਗੇ ਅਤੇ 8 ਕਾਂਸੇ ਦੇ ਤਮਗੇ ਜਿੱਤ ਕੇ ਦੇਸ਼ ਅਤੇ ਪੰਜਾਬ ਦੀ ਝੋਲੀ 'ਚ ਪਾ ਚੁੱਕਾ ਹੈ ਪਰ ਬਦਕਿਸਮਤੀ ਇਹ ਸਾਰੇ ਸਿਰਫ ਸ਼ਿੰਗਾਰ ਬਣ ਕੇ ਰਹਿ ਗਏ ਹਨ। ਬੀਤੀ ਸਰਕਾਰ ਅਤੇ ਹੁਣ ਵਾਲੀ ਸਰਕਾਰ ਨੇ ਅਜਿਹੇ ਹੁਨਰਮੰਦ ਖਿਡਾਰੀ ਦੀ ਕੋਈ ਖਬਰ ਨਹੀਂ ਲਈ । ਉਹ ਇਕੱਲਾ ਅਜਿਹਾ ਖਿਡਾਰੀ ਹੈ, ਜਿਸ ਨੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ 'ਚ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਸੰਜੀਵ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਕਿ ਜੇਕਰ ਇਕ ਮਹੀਨੇ ਦੇ ਅੰਦਰ ਸਰਕਾਰ ਨੇ ਉਸ ਲਈ ਰੋਜ਼ਗਾਰ ਦਾ ਪ੍ਰਬੰਧ ਕਰਕੇ ਨਾ ਦਿੱਤਾ ਤਾਂ ਉਹ ਇਸ ਸੰਘਰਸ਼ ਨੂੰ ਹੋਰ ਵੱਡੇ ਪੱਧਰ 'ਤੇ ਸ਼ੁਰੂ ਕਰੇਗਾ।


author

rajwinder kaur

Content Editor

Related News