ਵਿਸ਼ਵ ਕਬੱਡੀ ਕੱਪ: ਕੈਨੇਡਾ ਨੇ ਅਮਰੀਕਾ ਨੂੰ 27 ਅੰਕਾਂ ਦੇ ਵੱਡੇ ਫਰਕ ਨਾਲ ਹਰਾਇਆ

12/03/2019 6:51:34 PM

ਅੰਮ੍ਰਿਤਸਰ (ਨੀਰਜ ਸ਼ਰਮਾ)  :— ਅਮਰੀਕਾ ਅਤੇ ਕੈਨੇਡਾ ਵਿਚਾਲੇ ਅਮਿ੍ਤਸਰ ਦੇ ਗੁਰੂ ਨਾਨਕ ਸਟੇਡੀਅਮ 'ਚ ਵਿਸ਼ਵ ਕਬੱਡੀ ਕੱਪ ਦਾ ਪੰਜਵਾ ਮੈਚ ਖੇਡਿਆ ਗਿਆ | ਜਿੱਥੇ ਕੈਨੇਡਾ ਨੇ 53-26 ਅੰਕਾਂ ਨਾਲ ਅਮਰੀਕਾ 'ਤੇ ਸ਼ਾਨਦਾਰ ਜਿੱਤ ਦਰਜ ਕੀਤੀ | ਪਹਿਲੇ ਹਾਫ 'ਚ ਮਜ਼ਬੂਤ ਨਜ਼ਰ ਆ ਰਹੀ ਅਮਰੀਕਾ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੈਨੇਡਾ ਦੀ ਟੀਮ 'ਤੇ ਪੂਰਾ ਦਬਾਅ ਬਣਾ ਕੇ ਰੱਖਿਆ ਅਤੇ ਪਹਿਲੇ ਹਾਫ 'ਚ 24 -14 ਅੰਕਾਂ ਨਾਲ ਅੱਗੇ ਰਹੀ | ਇਸ ਤੋਂ ਬਾਅਦ ਦੂਜੇ ਹਾਫ 'ਚ ਦੋਵੇ ਟੀਮਾਂ ਇਕ ਵਾਰ ਫਿਰ ਆਮਣੇ ਸਾਹਮਣੇ ਹੋਈਆਂ | ਕੈਨੇਡਾ ਦੀ ਟੀਮ ਦੂਜੇ ਹਾਫ 'ਚ ਪੂਰੇ ਮਜ਼ਬੂਤ ਇਰਾਦੇ ਨਾਲ ਉਤਰੀ ਅਤੇ ਪਹਿਲਾ ਹਾਫ ਆਪਣੇ ਨਾਂ ਕਰਨ ਵਾਲੀ ਅਮਰੀਕਾ ਦੀ ਟੀਮ ਨੂੰ ਇਸ ਵਾਰ ਅੰਕ ਹਾਸਲ ਕਰਨ ਦੇ ਜ਼ਿਆਦਾ ਮੌਕੇ ਨਹੀਂ ਦਿੱਤੇ। ਦੂਜੇ ਹਾਫ 'ਚ ਕੈਨੇਡਾ ਦੀ ਟੀਮ ਜ਼ਬਰਦਸਤ ਵਾਪਸੀ ਕਰਦੀ ਹੋਈ ਇਸ ਮੈਚ 'ਚ 53-26 ਦੇ ਅੰਕਾਂ ਨਾਲ ਅਮਰੀਕਾ ਨੂੰ ਕਰਾਰੀ ਹਾਰ ਦੇ ਕੇ ਮੈਚ ਆਪਣੇ ਨਾਂ ਕਰਵਾ ਲਿਆ।ਇਸ ਤੋਂ ਪਹਿਲਾਂ ਹੋਏ ਭਾਰਤ ਅਤੇ ਇੰਗਲੈਂਡ ਵਿਚਾਲੇ ਮੈਚ ਵਿਚ ਮੇਜ਼ਬਾਨ ਭਾਰਤ ਇਕਪਾਸਡ਼ ਅੰਦਾਜ਼ 'ਚ ਜਿੱਤ ਦਰਜ ਕੀਤੀ ਹੈ। ਭਾਰਤ ਨੇ ਇਸ ਮੁਕਾਬਲੇ ਵਿਚ ਇੰਗਲੈਂਂਡ ਨੂੰ 54-36 ਅੰਕਾਂ ਨਾਲ ਮਾਤ ਦਿੱਤੀ।

ਜ਼ਿਕਰਯੋਗ ਹੈ ਕਿ ਪਹਿਲੀ ਦਸੰਬਰ ਤੋਂ ਸ਼ੁਰੂ ਹੋਇਆ ਕਬੱਡੀ ਦਾ ਮਹਾਕੁੰਭ 10 ਦਸੰਬਰ ਨੂੰ ਡੇਰਾ ਬਾਬਾ ਨਾਨਕ ਵਿਖੇ ਸਮਾਪਤ ਹੋਵੇਗਾ। ਇਸ ਟੂਰਨਾਮੈਂਟ ਵਿਚ ਵੱਖ-ਵੱਖ ਮੁਲਕਾਂ ਦੀਆਂ 8 ਟੀਮਾਂ ਸ਼ਿਰਕਤ ਕਰ ਰਹੀਆਂ ਹਨ, ਜ਼ਿਨਾਂ ਵਿਚ ਮੇਜ਼ਬਾਨ ਭਾਰਤ ਤੋਂ ਇਲਾਵਾ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਇੰਗਲੈਂਡ, ਸ਼੍ਰੀਲੰਕਾ, ਨਿਊਜ਼ੀਲੈਂਡ ਅਤੇ ਕੀਨੀਆ ਸ਼ਾਮਿਲ ਹਨ। ਇਨਾਂ ਟੀਮਾਂ ਨੂੰ ਦੋ ਪੂਲਾਂ ਵਿਚ ਵੰਡਿਆ ਗਿਆ ਹੈ, ਪੂਲ ‘ਏ’ ਵਿਚ ਭਾਰਤ, ਇੰਗਲੈਂਡ, ਆਸਟ੍ਰੇਲੀਆ ਅਤੇ ਸ਼੍ਰੀਲੰਕਾ ਹਨ ਜਦਕਿ ਪੂਲ ‘ਬੀ’ ਵਿਚ ਕੈਨੇਡਾ, ਅਮਰੀਕਾ, ਨਿਊਜ਼ੀਲੈਂਡ ਅਤੇ ਕੀਨੀਆ ਨੂੰ ਰੱਖਿਆ ਗਿਆ ਹੈ।