ਕੌਮਾਂਤਰੀ ਨਸ਼ਾ ਵਿਰੋਧੀ ਦਿਵਸ ਮੌਕੇ ਕੱਢੀ ਸਾਈਕਲ ਰੈਲੀ, ਲੋਕਾਂ ਨੇ ਦਿਖਾਈ ਇੱਕਜੁੱਟਤਾ

06/26/2019 2:40:50 PM

ਫ਼ਿਰੋਜ਼ਪੁਰ (ਸੰਨੀ) - ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਸ਼੍ਰੀ ਚੰਦਰ ਗੈਂਦ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਸਾਈਕਲ ਰੈਲੀ ਦਾ ਆਯੋਜਿਤ ਕੀਤਾ ਗਿਆ, ਜਿਸ 'ਚ ਸ਼ਹਿਰ ਦੇ ਲੋਕਾਂ ਨੇ ਵੱਡੀ ਗਿਣਤੀ 'ਚ ਸ਼ਾਮਲ ਹੋ ਕੇ ਨਸ਼ੇ ਦੀ ਸਮੱਸਿਆ ਖ਼ਿਲਾਫ਼ ਇਕ-ਜੁੱਟਤਾ ਦਿਖਾਈ। ਡਿਪਟੀ ਕਮਿਸ਼ਨਰ ਨੇ ਸਵੇਰੇ ਸਾਢੇ 5 ਵਜੇ ਸਿਵਲ ਹਸਪਤਾਲ ਤੋਂ ਸ਼ੁਰੂ ਹੋਈ ਸਾਈਕਲ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ, ਜੋ ਟਾਊਨ ਹਾਲ, ਸ਼ਹੀਦ ਊਧਮ ਸਿੰਘ ਚੌਂਕ, ਮੁਲਤਾਨੀ ਗੇਟ, ਮਖੂ ਗੇਟ, ਜ਼ੀਰਾ ਗੇਟ, ਬਾਘੀ ਪਾਰਕ ਤੋਂ ਹੁੰਦੀ ਹੋਈ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਸਮਾਪਤ ਹੋਈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਆਪ ਸਾਈਕਲ ਚਲਾ ਕੇ ਲੋਕਾਂ ਨੂੰ ਨਸ਼ੇ ਖ਼ਿਲਾਫ਼ ਜਾਗਰੂਕ ਕੀਤਾ। ਉਨ੍ਹਾਂ ਸਵੇਰ ਦੇ ਸਮੇਂ ਪਾਰਕ 'ਚ ਸੈਰ ਅਤੇ ਯੋਗਾ ਅਭਿਆਸ ਕਰ ਰਹੇ ਲੋਕਾਂ ਨਾਲ ਨਸ਼ੇ ਦੀ ਸਮੱਸਿਆ 'ਤੇ ਵਿਚਾਰ ਚਰਚਾ ਕੀਤੀ ਅਤੇ ਉਨ੍ਹਾਂ ਦੇ ਸੁਝਾਅ ਵੀ ਲਏ। 

ਡਿਪਟੀ ਕਮਿਸ਼ਨਰ ਨੇ ਨਸ਼ੇ ਦੀ ਸਮੱਸਿਆ ਨੂੰ ਖ਼ਤਮ ਕਰਨ ਲਈ ਲੋਕਾਂ ਦੇ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਇਹ ਮੁਹਿੰਮ ਸਫਲ ਨਹੀਂ ਹੋ ਸਕਦੀ। ਉਨ੍ਹਾਂ ਲੋਕਾਂ ਨੂੰ ਨਸ਼ਾ ਸਪਲਾਈ ਕਰਨ ਵਾਲੇ ਲੋਕਾਂ ਦਾ ਖੁੱਲ ਕੇ ਵਿਰੋਧ ਕਰਨ ਲਈ ਕਿਹਾ। ਉਨ੍ਹਾਂ ਨਸ਼ਾ ਵੇਚਣ ਵਾਲਿਆਂ ਦੇ ਖ਼ਿਲਾਫ਼ ਇੱਕਜੁੱਟ ਹੋਣ, ਵਿਰੋਧ ਕਰਨ ਅਤੇ ਸਪੈਸ਼ਲ ਟਾਸਕ ਫੋਰਸ ਨੂੰ ਇਸ ਸਬੰਧੀ ਸੂਚਨਾ ਦੇਣ ਦੀ ਅਪੀਲ ਕੀਤੀ। ਉਨ੍ਹਾਂ ਸਾਈਕਲ ਰੈਲੀ 'ਚ ਹਿੱਸਾ ਲੈਣ ਆਏ ਸਕੂਲ ਦੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਨਸ਼ੇ ਨਾਲ ਪੀੜਤ ਲੋਕਾਂ ਨੂੰ ਮੁੱਖ ਧਾਰਾ 'ਚ ਸ਼ਾਮਲ ਕਰਨ ਵਿਚ ਮਦਦ ਕਰਨ ਲਈ ਕਿਹਾ।  

rajwinder kaur

This news is Content Editor rajwinder kaur