ਇੰਟੈਲੀਜੈਂਸ ਰਿਪੋਰਟ ਤੋਂ ਬਾਅਦ ਹਾਈ ਸਕਿਓਰਿਟੀ ਦੇ ਹਵਾਲੇ ਹੋਵੇਗਾ ਪਠਾਨਕੋਟ ਹਵਾਈ ਅੱਡਾ

10/08/2019 3:51:30 PM

ਜਲੰਧਰ/ਪਠਾਨਕੋਟ (ਧਵਨ) : ਦੇਸ਼ ਦੇ ਹਾਈ ਪ੍ਰੋਫਾਈਲ ਮੰਨੇ ਜਾਣ ਵਾਲੇ ਪਠਾਨਕੋਟ ਹਵਾਈ ਅੱਡੇ ਨੂੰ ਜਲਦੀ ਹੀ ਹਾਈ ਸਕਿਓਰਿਟੀ ਦੇ ਹਵਾਲੇ ਕੀਤਾ ਜਾਵੇਗਾ। ਕੁਝ ਸਾਲ ਪਹਿਲਾਂ ਪਾਕਿਸਤਾਨੀ ਸ਼ਹਿ ਪ੍ਰਾਪਤ ਦਹਿਸ਼ਤਗਰਦਾਂ ਨੇ ਪਠਾਨਕੋਟ ਹਵਾਈ ਅੱਡੇ 'ਤੇ ਹਮਲਾ ਕਰਕੇ 6 ਸੁਰੱਖਿਆ ਮੁਲਾਜ਼ਮਾਂ ਨੂੰ ਸ਼ਹੀਦ ਕਰ ਦਿੱਤਾ ਸੀ। ਹਾਲ ਹੀ 'ਚ ਇੰਟੈਲੀਜੈਂਸ ਏਜੰਸੀਆਂ ਨੇ ਆਪਣੀਆਂ ਤਿਆਰ ਕੀਤੀਆਂ ਖ਼ੁਫ਼ੀਆ ਰਿਪੋਰਟਾਂ 'ਚ ਪਠਾਨਕੋਟ ਹਵਾਈ ਅੱਡੇ ਨੂੰ ਹਾਈ ਓਰੈਂਜ ਲੈਵਲ ਚਿਤਾਵਨੀ 'ਚ ਰੱਖਿਆ ਗਿਆ ਹੈ, ਜਿਸ 'ਚ ਕਿਹਾ ਗਿਆ ਸੀ ਕਿ ਦਹਿਸ਼ਤਗਰਦਾਂ ਵੱਲੋਂ ਇਸ ਹਵਾਈ ਅੱਡੇ ਨੂੰ ਮੁੜ ਨਿਸ਼ਾਨਾ ਬਣਾਉਣ ਦੀਆਂ ਸਕੀਮਾਂ ਗੁੰਦੀਆਂ ਜਾ ਰਹੀਆਂ ਹਨ।

ਦੇਸ਼ ਵਿਚ ਪਠਾਨਕੋਟ ਹਵਾਈ ਅੱਡੇ ਸਣੇ 6 ਸੰਵੇਦਨਸ਼ੀਲ ਹਵਾਈ ਅੱਡਿਆਂ 'ਤੇ ਸਰਕਾਰ ਵੱਲੋਂ ਇੰਟੈਗਰੇਟਿਡ ਪੈਰਾਮੀਟਰ ਸਕਿਓਰਿਟੀ ਸਿਸਟਮ (ਆਈ. ਪੀ. ਐੱਸ. ਐੱਸ.) ਸਥਾਪਤ ਕੀਤਾ ਜਾ ਰਿਹਾ ਹੈ। ਜਨਵਰੀ 2016 ਵਿਚ ਦਹਿਸ਼ਤਗਰਦਾਂ ਨੇ ਪਠਾਨਕੋਟ ਹਵਾਈ ਅੱਡੇ 'ਤੇ ਹਮਲਾ ਕੀਤਾ ਸੀ। ਨਵੀਂ ਸੁਰੱਖਿਆ ਪ੍ਰਣਾਲੀ ਤਹਿਤ ਹਵਾਈ ਅੱਡੇ ਦੇ ਆਲੇ-ਦੁਆਲੇ ਸਮਾਰਟ ਫੈਂਸ ਸਰਵੀਲੈਂਸ ਸਿਸਟਮ, ਥਰਮਲ ਕੈਮਰੇ, ਮੋਸ਼ਨ ਡਿਟੈਕਟਰਜ਼ ਅਤੇ ਕੇਂਦਰੀ ਕੰਟਰੋਲ ਅਤੇ ਕਮਾਨ ਸੈਂਟਰ ਸਥਾਪਤ ਕੀਤੇ ਜਾਣਗੇ। ਦੱਸਿਆ ਹੈ ਕਿ ਵਧਾਈ ਹੋਈ ਸੁਰੱਖਿਆ ਨੂੰ ਲਾਗੂ ਕਰਨ ਦੇ ਰਾਹ ਵਿਚ ਸਭ ਤੋਂ ਵੱਡਾ ਰੋੜਾ ਫੰਡਾਂ ਦੀ ਕਮੀ ਆ ਰਹੀ ਹੈ। ਪਠਾਨਕੋਟ ਹਵਾਈ ਅੱਡੇ 'ਤੇ ਹੋਏ ਹਮਲੇ ਮਗਰੋਂ ਭਾਰਤੀ ਹਵਾਈ ਫੌਜ ਨੇ ਸੁਰੱਖਿਆ 'ਤੇ ਇਕ ਿਬਲੀਅਨ ਡਾਲਰ ਖਰਚ ਕਰਨ ਦੀ ਤਜਵੀਜ਼ ਕੇਂਦਰ ਸਰਕਾਰ ਨੂੰ ਦਿੱਤੀ ਸੀ ਅਤੇ ਨਾਲ ਹੀ 54 ਮੁੱਖ ਹਵਾਈ ਅੱਡਿਆਂ ਨੂੰ ਅਪਗ੍ਰੇਡ ਕਰਨ ਲਈ ਵੀ ਕਿਹਾ ਗਿਆ ਸੀ। ਮਾਰਚ 2017 ਵਿਚ ਪਾਰਲੀਮਾਨੀ ਸਥਾਈ ਕਮੇਟੀ, ਜਿਹੜੀ ਕਿ ਰੱਖਿਆ ਮੰਤਰਾਲੇ ਲਈ ਬਣੀ ਹੋਈ ਹੈ, ਨੇ ਮੰਤਰਾਲੇ ਦੀ ਖਿਚਾਈ ਕਰਦੇ ਹੋਏ ਕਿਹਾ ਸੀ ਕਿ ਉਹ ਸੁਰੱਖਿਆ ਯਤਨਾਂ ਵੱਲ ਪੂਰਾ ਧਿਆਨ ਨਹੀਂ ਦੇ ਰਹੀ ਹੈ।

ਪਾਰਲੀਮਾਨੀ ਸਥਾਈ ਕਮੇਟੀ ਨੇ ਰੱਖਿਆ ਮੰਤਰਾਲੇ ਨੂੰ ਦੇਸ਼ ਵਿਚ ਸੰਵੇਦਨਸ਼ੀਲ ਹਵਾਈ ਅੱਡਿਆਂ ਦੀ ਸੁਰੱਖਿਆ ਬਣਾਉਣ ਲਈ ਫੌਰੀ ਕਦਮ ਚੁੱਕਣ ਨੂੰ ਕਿਹਾ ਸੀ। ਉਸ ਤੋਂ ਬਾਅਦ ਹੀ ਫੰਡਾਂ ਦੀ ਕਮੀ ਕਾਰਣ ਸੁਰੱਖਿਆ ਵੱਲ ਯੋਗ ਧਿਆਨ ਨਹੀਂ ਦਿੱਤਾ ਜਾ ਸਕਿਆ। ਹੁਣ ਮੰਨਿਆ ਜਾ ਰਿਹਾ ਹੈ ਕਿ ਘੱਟ ਤੋਂ ਘੱਟ ਦਸੰਬਰ ਦੇ ਅੰਤ ਤੱਕ ਪਠਾਨਕੋਟ ਹਵਾਈ ਅੱਡੇ ਦੀ ਸੁਰੱਖਿਆ ਨੂੰ ਪੂਰੀ ਤਰ੍ਹਾਂ ਵਧਾ ਦਿੱਤਾ ਜਾਵੇਗਾ ਕਿਉਂਕਿ ਇੰਟੈਲੀਜੈਂਸ ਦੀਆਂ ਰਿਪੋਰਟਾਂ ਅਜੇ ਵੀ ਸੰਵੇਦਨਸ਼ੀਲ ਹੀ ਆ ਰਹੀਆਂ ਹਨ।

Gurminder Singh

This news is Content Editor Gurminder Singh